ਗਲਾਸਗੋ/ ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਯੂਕੇ ਸਰਕਾਰ ਵੱਲੋਂ ਅਫਗਾਨਿਸਤਾਨ ਵਿੱਚ ਬ੍ਰਿਟਿਸ਼ ਫੌਜਾਂ ਅਤੇ ਸਰਕਾਰ ਲਈ ਕੰਮ ਕਰਨ ਵਾਲੇ ਸੈਂਕੜੇ ਲੋਕਾਂ ਨੂੰ ਉਹਨਾਂ ਦੇ ਪਰਿਵਾਰਾਂ ਸਮੇਤ ਯੂਕੇ ਵਿੱਚ ਰਹਿਣ ਲਈ ਤਬਦੀਲ ਕਰਨ ਦੀਆਂ ਯੋਜਨਾਵਾਂ ਦਾ ਐਲਾਨ ਕੀਤਾ ਗਿਆ ਹੈ। ਬਰਤਾਨਵੀ ਸਰਕਾਰ ਵੱਲੋਂ ਪਰਿਵਾਰਕ ਮੈਂਬਰਾਂ ਸਮੇਤ, 3,000 ਤੋਂ ਵੱਧ ਅਫਗਾਨਿਸਤਾਨ ਦੇ ਲੋਕਾਂ ਨੂੰ ਯੂਕੇ ਵਿੱਚ ਸੈਟਲ ਹੋਣ ਦੀ ਆਗਿਆ ਮਿਲਣ ਦੀ ਉਮੀਦ ਹੈ, ਜਦਕਿ 1300 ਦੇ ਕਰੀਬ ਪਹਿਲਾਂ ਹੀ ਅਜਿਹਾ ਕਰ ਚੁੱਕੇ ਹਨ।
ਇਹ ਫੈਸਲਾ ਅਫਗਾਨੀ ਲੋਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਲਿਆ ਜਾ ਰਿਹਾ ਹੈ ਕਿਉਂਕਿ ਅੰਤਰਰਾਸ਼ਟਰੀ ਫੌਜਾਂ ਨੇ ਅਫਗਾਨਿਸਤਾਨ ਛੱਡਣ ਦੀ ਤਿਆਰੀ ਕੀਤੀ ਹੈ। ਯੂਕੇ ਦੇ ਰੱਖਿਆ ਸਕੱਤਰ ਬੇਨ ਵਾਲਸ ਨੇ ਇਹਨਾਂ ਯੋਜਨਾਵਾਂ ਨੂੰ ਇੱਕ ਸਹੀ ਕਦਮ ਦੱਸਿਆ ਹੈ। ਯੂਕੇ ਵਿੱਚ ਰਹਿਣ ਲਈ ਪਹਿਲੀਆਂ ਯੋਜਨਾਵਾਂ ਤਹਿਤ ਉਹ ਅਫਗਾਨੀ ਲੋਕ ਅਰਜੀ ਦੇ ਸਕਦੇ ਸਨ, ਜਿਹਨਾਂ ਨੇ ਇੱਕ ਸਾਲ ਤੋਂ ਵੱਧ ਸਮੇਂ ਤੱਕ ਹੇਲਮੰਦ ਵਿੱਚ ਬ੍ਰਿਟਿਸ਼ ਫੌਜਾਂ ਨਾਲ ਫਰੰਟ ਲਾਈਨ ‘ਤੇ ਕੰਮ ਜਾਂ ਇੱਕ ਦੁਭਾਸ਼ੀਏ ਦਾ ਕੰਮ ਕੀਤਾ ਸੀ। ਪਰ ਨਵੀਂ ਸਰਕਾਰ ਦੀ ਨੀਤੀ ਦੇ ਤਹਿਤ, ਕੋਈ ਵੀ ਮੌਜੂਦਾ ਜਾਂ ਸਾਬਕਾ ਸਥਾਨਕ ਰੁਜ਼ਗਾਰ ਪ੍ਰਾਪਤ ਸਟਾਫ ਜਿਸਦੀ ਜ਼ਿੰਦਗੀ ਗੰਭੀਰ ਖਤਰੇ ‘ਚ ਹੈ, ਨੂੰ ਉਹਨਾਂ ਦੀ ਰੁਜ਼ਗਾਰ ਦੀ ਸਥਿਤੀ, ਰੈਂਕ, ਭੂਮਿਕਾ ਜਾਂ ਸੇਵਾ ਕੀਤੇ ਗਏ ਸਮੇਂ ਦੀ ਪਰਵਾਹ ਕੀਤੇ ਬਗੈਰ, ਯੂਕੇ ਵਿੱਚ ਤਰਜੀਹ ਦਿੱਤੀ ਜਾ ਸਕਦੀ ਹੈ। ਅਜੇ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਕਿੰਨੇ ਅਫਗਾਨਿਸਤਾਨੀ ਲੋਕਾਂ ਨੂੰ ਯੂਕੇ ਵਿੱਚ ਤਬਦੀਲ ਕੀਤਾ ਜਾਵੇਗਾ, ਪਰ ਸਰਕਾਰ ਦਾ ਕਹਿਣਾ ਹੈ ਕਿ ਇਹ ਗਿਣਤੀ 3,000 ਤੋਂ ਵੱਧ ਹੋ ਸਕਦੀ ਹੈ।