ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਡ ਵਿੱਚ ਇੱਕ ਦਿਲਚਸਪ ਵਾਕਿਆ ਸਾਹਮਣੇ ਆਇਆ ਹੈ, ਜਿਸ ਵਿੱਚ ਇੱਕ ਵਿਅਕਤੀ ਨੂੰ ਚੋਰੀ ਹੋਣ ਤੋਂ ਤਕਰੀਬਨ 17 ਸਾਲ ਬਾਅਦ ਆਪਣਾ ਬਟੂਆ ਮੁੜ ਮਿਲਿਆ ਹੈ। ਇਸ ਮਾਮਲੇ ਵਿੱਚ 2004 ‘ਚ ਰਿਆਨ ਸੀਮੌਰ ਨਾਮ ਦਾ ਵਿਅਕਤੀ ਆਪਣੇ ਇੱਕ ਦੋਸਤ ਨਾਲ ਡੰਫਰਮਲਾਈਨ, ਫਾਈਫ ਦੇ ਇੱਕ ਪੱਬ ਵਿੱਚ ਸੀ, ਜਿੱਥੇ ਉਹ ਇੱਕ ਟਾਇਲਟ ਵਿੱਚ ਆਪਣਾ ਬਟੂਆ ਛੱਡ ਗਿਆ ਸੀ। ਥੋੜ੍ਹੀ ਦੇਰ ਬਾਅਦ ਯਾਦ ਆਉਣ ‘ਤੇ ਜਦ ਉਹ ਵਾਪਿਸ ਆਇਆ ਤਾਂ ਇਹ ਚੋਰੀ ਹੋ ਚੁੱਕਾ ਸੀ। ਸੀਮੌਰ ਅਨੁਸਾਰ ਬਟੂਏ ਵਿੱਚ 60 ਪੌਂਡ ਅਤੇ ਉਸਦੇ ਕਾਰਡ ਸਨ। ਚੋਰ ਨੇ ਇਸ ਨੂੰ ਟਾਇਲਟ ਵਿੱਚੋਂ ਚੋਰੀ ਕਰਕੇ ਪੈਸੇ ਕੱਢਣ ਉਪਰੰਤ ਝਾੜੀਆਂ ਵਿੱਚ ਸੁੱਟ ਦਿੱਤਾ ਅਤੇ ਇਹ ਉਹ ਜਗ੍ਹਾ ਸੀ ਜਿਥੇ ਚਾਰ ਹਫ਼ਤੇ ਪਹਿਲਾਂ ਪੱਬ ਤੋਂ ਸੜਕ ਦੇ ਬਿਲਕੁਲ ਹੇਠਾਂ ਬਟੂਆ ਮੁੜ ਪਾਇਆ ਗਿਆ । ਬਟੂਆ ਮਿਲਣ ਉਪਰੰਤ ਪੁਲਿਸ ਨੇ ਸੀਮੌਰ ਨਾਲ ਸੰਪਰਕ ਕੀਤਾ ਅਤੇ ਬਟੂਆ ਉਸਦੇ ਸਪੁਰਦ ਕੀਤਾ ਗਿਆ। ਸੀਮੌਰ ਨੇ ਸ਼ਨੀਵਾਰ ਨੂੰ ਆਪਣਾ ਬਟੂਆ ਮੁੜ ਪ੍ਰਾਪਤ ਕਰਕੇ ਪੁਰਾਣੇ ਕਾਰਡਾਂ ਅਤੇ ਤਸਵੀਰਾਂ ਨੂੰ ਵੇਖ ਕੇ ਖੁਸ਼ੀ ਮਹਿਸੂਸ ਕੀਤੀ। ਇਸ ਘਟਨਾ ਨੇ ਇਹ ਸਾਬਤ ਕੀਤਾ ਹੈ ਕਿ ਵਿਅਕਤੀ ਨੂੰ ਕਦੇ ਵੀ ਆਸ ਨਹੀਂ ਛੱਡਣੀ ਚਾਹੀਦੀ, ਦੇਰ ਨਾਲ ਹੀ ਸਹੀ ਜੋ ਹੱਕ ਦਾ ਹੈ, ਮਿਲਦਾ ਜਰੂਰ ਹੈ।