ਅੰਮ੍ਰਿਤਸਰ : ਮੀਰੀ ਪੀਰੀ ਸ਼੍ਰੋਮਣੀ ਢਾਡੀ ਸਭਾ ਸ੍ਰੀ ਅੰਮ੍ਰਿਤਸਰ ਦੀ ਜ਼ਰੂਰੀ ਇਕੱਤਰਤਾ ਭਾਈ ਗੁਰਦਾਸ ਹਾਲ ਵਿਖੇ ਹੋਈ। ਇਸ ਮੌਕੇ ਢਾਡੀ ਸਭਾ ਦੇ ਪ੍ਰਧਾਨ ਗਿਆਨੀ ਗੁਰਮੇਜ ਸਿੰਘ ਸ਼ਹੂਰਾ ਵੱਲੋਂ ਘਰੇਲੂ ਕਾਰਨਾਂ ਕਾਰਨ ਸਭਾ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਸੌਂਪਿਆ ਗਿਆ। ਜਿਸ ਨੂੰ ਸਰਬਸੰਮਤੀ ਨਾਲ ਪ੍ਰਵਾਨ ਕਰਦਿਆਂ ਨਵੇਂ ਪ੍ਰਧਾਨ ਦੀ ਚੋਣ ਕਰਦਿਆਂ ਗਿਆਨੀ ਕੇਵਲ ਸਿੰਘ ਕਲੰਜਰ ਪ੍ਰਧਾਨ ਅਤੇ ਕਾਰਜਕਾਰੀ ਪ੍ਰਧਾਨ ਕੁਲਵਿੰਦਰ ਸਿੰਘ ਲਾਧੂਭਾਣਾ, ਬਲਦੇਵ ਸਿੰਘ ਬਲਗਣ ਜਨਰਲ ਸਕੱਤਰ ਚੁਣੇ ਗਏ , ਇਸ ਮੌਕੇ ਚੇਅਰਮੈਨ ਵਜੋਂ ਗਿਆਨੀ ਜਰਨੈਲ ਸਿੰਘ ਖੁਡਾ ਨੂੰ ਚੁਣਿਆ ਗਿਆ । ਬਾਕੀ ਅਹੁਦੇਦਾਰਾਂ ’ਚ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਗੁਰਮੇਜ ਸਿੰਘ ਬੀਏ, ਮੀਤ ਪ੍ਰਧਾਨ ਤਰਸੇਮ ਸਿੰਘ ਅਮਰਕੋਟ, ਦੇਸਾ ਸਿੰਘ ਦਲੇਰ, ਸੁਖਬੀਰ ਸਿੰਘ ਸਾਗਰ, ਖ਼ਜ਼ਾਨਚੀ ਜਸਵਿੰਦਰ ਸਿੰਘ ਭਾਗੋਵਾਲ, ਪ੍ਰੈੱਸ ਸਕੱਤਰ ਸਰਬਜੀਤ ਸਿੰਘ ਐਮ ਏ, ਗੁਰਮੀਤ ਸਿੰਘ ਐਮ ਏ ਅਤੇ ਰਜਿੰਦਰ ਸਿੰਘ ਸਭਰਾ ਚੁਣੇ ਗਏ।
ਸ਼੍ਰੋਮਣੀ ਢਾਡੀ ਸਭਾ ਦੇ ਅਹੁਦੇਦਾਰਾਂ ਦੀ ਚੋਣ ਉਪਰੰਤ ਮਤਾ ਪਾਸ ਕੀਤਾ ਗਿਆ ਕਿ ਗ੍ਰੰਥੀ ਸਿੰਘ, ਰਾਗੀ ਅਤੇ ਢਾਡੀ ਕਵੀਸ਼ਰ ਅਤੇ ਪ੍ਰਚਾਰਕ ਜੋ ਦਾੜ੍ਹੀ ਰੰਗਦੇ ਹਨ ਉਹ ਗੁਰਮਤਿ ਦੇ ਉਲਟ ਅਤੇ ਨਿੰਖੇਧੀਯੋਗ ਹੈ, ਸ਼੍ਰੋਮਣੀ ਕਮੇਟੀ ਨੂੰ ਉਨ੍ਹਾਂ ਬਾਰੇ ਨਿਸ਼ਾਨਦੇਹੀ ਕਰਦਿਆਂ ਪੰਥਕ ਰਹਿਤ ਮਰਯਾਦਾ ਅਨੁਸਾਰ ਕਾਰਵਾਈ ਕਰਦਿਆਂ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮੱਸਿਆ ਸੰਗਰਾਂਦ ਵਾਲੇ ਦਿਨ ਸਜਾਏ ਜਾਂਦੇ ਦੀਵਾਨ ’ਚ ਪਹਿਲਾਂ 15 ਤੋਂ 20 ਜਥੇ ਹਾਜ਼ਰੀ ਭਰਿਆ ਕਰਦੇ ਸੀ, ਉਨ੍ਹਾਂ ਨੂੰ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਵੱਲੋਂ ਕੁਝ ਸਹਾਇਤਾ ਅਤੇ ਭੇਟਾ ਪਹਿਲਾਂ ਦਿੱਤੀ ਜਾਂਦੀ ਸੀ, ਜੋ ਕਿ ਹੁਣ ਉਹ ਰਾਸ਼ੀ ਜਥਿਆਂ ਨੂੰ ਨਹੀਂ ਮਿਲ ਰਹੀ, ਉਸ ਬਾਰੇ ਸ਼੍ਰੋਮਣੀ ਕਮੇਟੀ ਪੜਤਾਲ ਕਰੇ ਕਿ ਉਹ ਰਾਸ਼ੀ ਕਿਥੇ ਜਾ ਰਹੀ ਹੈ। ਉਨ੍ਹਾਂ ਢਾਡੀ ਸਭਾਵਾਂ ਦੇ ਮਾਮਲਿਆਂ ਬਾਰੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਬਣਾਈ ਗਈ ਤਿੰਨ ਮੈਂਬਰੀ ਸਭ ਕਮੇਟੀ ਦੇ ਫੈਸਲਿਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਮੀਰੀ ਪੀਰੀ ਸ਼੍ਰੋਮਣੀ ਢਾਡੀ ਸਭਾ ਸ੍ਰੀ ਅਕਾਲ ਤਖ਼ਤ ਨੂੰ ਸਮਰਪਿਤ ਹੈ ਅਤੇ ਸ਼੍ਰੋਮਣੀ ਕਮੇਟੀ ਦੇ ਨਾਲ ਹੈ । ਗਿਆਨੀ ਕੇਵਲ ਸਿੰਘ ਕਲੰਜਰ ਅਤੇ ਗਿਆਨੀ ਕੁਲਵਿੰਦਰ ਸਿੰਘ ਲਾਧੂਭਾਣਾ ਨੇ ਕਿਹਾ ਕਿ ਉਹ ਸਭਾ ਵੱਲੋਂ ਸੌਂਪੀ ਜ਼ਿੰਮੇਵਾਰੀ ਨੂੰ ਤਨ ਦੇਹੀ ਨਾਲ ਨਿਭਾਉਣਗੇ ਅਤੇ ਕੌਮ ਦੀ ਚੜ੍ਹਦੀ ਕਲਾ ਕਾਰਜ ਕਰਦੇ ਰਹਿਣਗੇ