ਗਲਾਸਗੋ/ ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਯੂਕੇ ਦੇ ਬ੍ਰਿਸਟਲ ਵਿੱਚ ਪਿਛਲੇ ਸਾਲ ਬਲੈਕ ਲਾਈਵਜ਼ ਮੈਟਰ ਪ੍ਰਦਰਸ਼ਨਕਾਰੀਆਂ ਦੁਆਰਾ ਢਾਹਿਆ ਗਿਆ ਗੁਲਾਮ ਵਪਾਰੀ ਐਡਵਰਡ ਕੋਲਸਟਨ ਦਾ ਬੁੱਤ ਜਨਤਕ ਪ੍ਰਦਰਸ਼ਨੀ ਲਈ ਅਜਾਇਬ ਘਰ ਵਿੱਚ ਰੱਖਿਆ ਜਾਵੇਗਾ।
ਇਸ ਪ੍ਰਦਰਸ਼ਨੀ ਦੌਰਾਨ ਪ੍ਰਸ਼ਾਸਨ ਵੱਲੋਂ ਇਸ ਬੁੱਤ ਦਾ ਭਵਿੱਖ ਨਿਰਧਾਰਿਤ ਕਰਨ ਲਈ ਲੋਕਾਂ ਦੀ ਰਾਇ ਵੀ ਲਈ ਜਾਵੇਗੀ। ਪਿਛਲੇ ਸਾਲ ਜੂਨ ਵਿੱਚ ਅਮਰੀਕਾ ਵਿੱਚ ਕਾਲੇ ਮੂਲ ਦੇ ਵਿਅਕਤੀ ਜਾਰਜ ਫਲਾਇਡ ਦੀ ਹੱਤਿਆ ਦੇ ਮੱਦੇਨਜ਼ਰ ਬ੍ਰਿਸਟਲ ਵਿੱਚ ਸਥਿਤ ਕੋਲਸਟਨ ਦੇ ਇਸ ਬੁੱਤ ਨੂੰ ਪ੍ਰਦਰਸ਼ਨਕਾਰੀਆਂ ਵੱਲੋਂ ਪੁੱਟ ਕੇ ਨਦੀ ਵਿੱਚ ਸੁੱਟ ਦਿੱਤਾ ਗਿਆ ਸੀ। ਕੋਲਸਟਨ 17 ਵੀਂ ਸਦੀ ਦੇ ਗੁਲਾਮ ਵਪਾਰੀ ਵਜੋਂ ਜਾਣਿਆ ਜਾਂਦਾ ਸੀ। ਉਸ ਦੇ ਬੁੱਤ ਨੂੰ ਲੋਕਾਂ ਦੇ ਰੋਸ ਦਾ ਸਾਹਮਣਾ ਕਰਨਾ ਪਿਆ ਸੀ। ਜਿਸਦੇ ਤਹਿਤ 7 ਜੂਨ ਨੂੰ ਇਸ ਨੂੰ ਗਲੀਆਂ ਵਿੱਚ ਘੁੰਮਾਏ ਜਾਣ ਦੇ ਬ੍ਰਿਸਟਲ ਬੰਦਰਗਾਹ ਵਿੱਚ ਪੇਰੋ ਬ੍ਰਿਜ ਵਿਖੇ ਸੁੱਟ ਦਿੱਤਾ ਗਿਆ ਸੀ। ਜਿਸਦੇ ਬਾਅਦ ਬ੍ਰਿਸਟਲ ਸਿਟੀ ਕੌਂਸਲ ਦੁਆਰਾ ਇਸਨੂੰ ਪਾਣੀ ਵਿੱਚੋਂ ਕੱਢ ਕੇ ਰੱਖਿਆ ਗਿਆ ਸੀ। ਜਿਸਦੇ ਬਾਅਦ ਹੁਣ ਲਗਭਗ ਇੱਕ ਸਾਲ ਬਾਅਦ, ਇਹ ਬੁੱਤ ਐਮ ਸ਼ੈੱਡ ਅਜਾਇਬ ਘਰ ਵਿੱਚ ਇੱਕ ਅਸਥਾਈ ਪ੍ਰਦਰਸ਼ਨੀ ਦਾ ਹਿੱਸਾ ਬਣੇਗਾ। ਇਸ ਦੌਰਾਨ ਯਾਤਰੀਆਂ ਨੂੰ ਵੀ ਇਸ ਬਾਰੇ ਆਪਣੇ ਵਿਚਾਰ ਸਾਂਝੇ ਕਰਨ ਲਈ ਕਿਹਾ ਜਾਵੇਗਾ ਕਿ ਭਵਿੱਖ ਵਿੱਚ ਮੂਰਤੀ ਦਾ ਕੀ ਬਣੇਗਾ, ਜਿਸ ਵਿੱਚ ਇਸਨੂੰ ਪੂਰੀ ਤਰ੍ਹਾਂ ਜਨਤਕ ਪ੍ਰਦਰਸ਼ਨੀ ਤੋਂ ਹਟਾਉਣਾ, ਇਸ ਬਾਰੇ ਇੱਕ ਅਜਾਇਬ ਘਰ ਜਾਂ ਪ੍ਰਦਰਸ਼ਨੀ ਬਣਾਉਣਾ, ਜਾਂ ਬੁੱਤ ਨੂੰ ਸਥਾਪਿਤ ਕਰਨਾ ਸ਼ਾਮਲ ਹੈ। ਇਸ ਪ੍ਰਦਰਸ਼ਨੀ ਦਾ ਇੱਕ ਆਨਲਾਈਨ ਸੰਸਕਰਣ ਵੀ ਉਪਲਬਧ ਹੋਵੇਗਾ ਅਤੇ ਇਸਦਾ ਜਨਤਕ ਸਰਵੇਖਣ ਕੀਤਾ ਜਾਵੇਗਾ ਜਿਸਦੇ ਨਤੀਜੇ ਇੱਕ ਕਮਿਸ਼ਨ ਨਾਲ ਸਾਂਝੇ ਕੀਤੇ ਜਾਣਗੇ।