ਫ਼ਤਹਿਗੜ੍ਹ ਸਾਹਿਬ – “ਸਮੁੱਚੀ ਸਿੱਖ ਕੌਮ ਅਤੇ ਪੰਜਾਬੀਆ ਨੂੰ ਇਹ ਜਾਣਕਾਰੀ ਹੈ ਕਿ ਐਸ.ਜੀ.ਪੀ.ਸੀ. ਉਤੇ ਬਾਦਲ ਦਲ ਤੇ ਸੈਂਟਰ ਦਾ ਕੰਟਰੋਲ ਹੈ । ਇਨ੍ਹਾਂ ਤਾਕਤਾਂ ਵੱਲੋਂ ਹੀ ਇਕ ਸਾਂਝੀ ਸਾਜ਼ਿਸ ਰਚਕੇ 1984 ਵਿਚ ਬਲਿਊ ਸਟਾਰ ਦਾ ਫ਼ੌਜੀ ਹਮਲਾ ਕਰਵਾਕੇ ਸਾਡੇ ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਦਰਬਾਰ ਸਾਹਿਬ ਢਹਿ-ਢੇਰੀ ਕੀਤੇ ਅਤੇ 25 ਹਜ਼ਾਰ ਦੇ ਕਰੀਬ ਨਿਰਦੋਸ਼, ਨਿਹੱਥੇ ਸਰਧਾਲੂਆਂ ਨੂੰ ਸ਼ਹੀਦ ਕੀਤਾ । ਬੀਤੇ ਸਮੇਂ ਵਿਚ ਜਗੀਰ ਕੌਰ ਨੇ ਹੀ ਸਾਡਾ ਦਰਬਾਰ ਸਾਹਿਬ ਸਮੂਹ ਵਿਚ ਸਥਿਤ ਦਫ਼ਤਰ ਢਾਹਿਆ । ਮਿਸ ਜਗੀਰ ਕੌਰ ਨੇ ਹੀ ਉਸ ਸਮੇਂ ਦੇ ਵਜ਼ੀਰ-ਏ-ਆਜ਼ਮ ਸ. ਮਨਮੋਹਨ ਸਿੰਘ ਤੋਂ ਸ੍ਰੀ ਅਰਜਣ ਸਿੰਘ ਤੋਂ ਸਹਿਯੋਗ ਲੈਕੇ ਸਾਡੇ ਉਤੇ ਝੂਠੇ ਮੁਕੱਦਮੇ ਦਰਜ ਕਰਵਾਏ ਸਨ। ਉਸ ਸਮੇਂ ਦੇ ਐਸ.ਜੀ.ਪੀ.ਸੀ. ਦੇ ਸਕੱਤਰ ਦਿਲਮੇਘ ਸਿੰਘ ਨੇ ਸੈਂਟਰ ਨੂੰ ਚਿੱਠੀ ਲਿਖਕੇ ਸੈਂਟਰ ਅਤੇ ਬਾਦਲ ਦੇ ਹੁਕਮਾਂ ਰਾਹੀ ਹੀ ਸ੍ਰੀ ਦਰਬਾਰ ਸਾਹਿਬ ਵਿਖੇ ‘ਟਾਸਕ ਫੋਰਸ’ ਤਾਇਨਾਤ ਕਰਵਾਕੇ ਸਿੱਖ ਕੌਮ ਦੇ ਮਨੁੱਖਤਾ ਨੂੰ ਆਤਮਿਕ ਸ਼ਾਂਤੀ ਪ੍ਰਦਾਨ ਕਰਨ ਵਾਲੇ ਇਸ ਸਿੱਖੀ ਦੇ ਕੇਂਦਰ ਦੇ ਰੂਹਾਨੀ ਮਾਹੌਲ ਨੂੰ ਗੰਧਲਾ ਕੀਤਾ ਅਤੇ 06 ਜੂਨ ਦੇ ਘੱਲੂਘਾਰੇ ਦਿਹਾੜੇ ਉਤੇ ਸ਼ਹੀਦ ਹੋਏ ਸਿੰਘਾਂ ਦੀ ਆਤਮਾ ਦੀ ਸ਼ਾਂਤੀ ਲਈ ਹੋਣ ਵਾਲੀ ਕੌਮੀ ਅਰਦਾਸ ਸਮੇਂ ਚਿੱਟ ਕੱਪੜਿਆ ਵਿਚ ਪੁਲਿਸ, ਫੌਜ ਅਤੇ ਅਰਧ ਸੈਨਿਕ ਬਲਾਂ ਨੂੰ ਦਰਬਾਰ ਸਾਹਿਬ ਵਿਚ ਖੁਦ ਦਾਖਲ ਹੋਣ ਦੀ ਇਜਾਜਤ ਦੇ ਕੇ ਇਸ ਦਿਹਾੜੇ ਦੇ ਕੌਮੀ ਮਕਸਦ ਅਤੇ ਸਾਨੂੰ ਅਤੇ ਸਿੱਖਾਂ ਜਿਨ੍ਹਾਂ ਨੂੰ ਬਲਿਊ ਸਟਾਰ ਦੇ ਫ਼ੌਜੀ ਹਮਲੇ ਦੀ ਸਭ ਤੋਂ ਵੱਧ ਪੀੜਾ ਹੈ, ਉਨ੍ਹਾਂ ਨੂੰ ਤੇ ਸਾਨੂੰ ਨਿਸ਼ਾਨਾਂ ਬਣਾਉਦੇ ਹੋਏ ਬਦਨਾਮ ਕਰਨ ਦੀ ਸਾਜ਼ਿਸ ਤੇ ਅਮਲ ਕਰਦੇ ਆ ਰਹੇ ਹਨ । ਇਸ ਸਾਜਿਸ ਤਹਿਤ ਐਸ.ਜੀ.ਪੀ.ਸੀ. ਆਪਣੀ ਟਾਸਕ ਫੋਰਸ ਦੇ ਮੈਬਰਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅੰਦਰ ਪਹਿਲੋ ਹੀ ਵੱਡੀ ਗਿਣਤੀ ਵਿਚ ਇਹ ਆਦੇਸ਼ ਦੇ ਕੇ ਬਿਠਾ ਦਿੰਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਹੋਰ ਪੰਥਕ ਧਿਰਾਂ ਉਥੇ ਇਕੱਠੀਆ ਹੋ ਕੇ ਸ਼ਹੀਦਾਂ ਨੂੰ ਸਰਧਾ ਦੇ ਫੁੱਲ ਭੇਂਟ ਕਰਨ ਦੇ ਫਰਜ ਅਦਾ ਨਾ ਕਰ ਸਕਣ । ਇਹ ਖੁਦ ਸੈਂਟਰ ਦੀ ਹਕੂਮਤ ਤੇ ਏਜੰਸੀਆ ਦੇ ਹੱਥਠੋਕੇ ਬਣਕੇ ਸਾਡੇ ਵਰਗੇ ਪੀੜ੍ਹਤ ਸਿੱਖਾਂ ਨਾਲ ਧੱਕਾ-ਮੁੱਕੀ, ਲਾਠੀਆ, ਕਿਰਪਾਨਾਂ ਨਾਲ ਲੈਂਸ ਹੋ ਕੇ ਗੜਬੜ ਪੈਦਾ ਕਰਦੇ ਹਨ । ਉਪਰੰਤ ਇੰਡੀਅਨ ਹੁਕਮਰਾਨੀ ਪੈ੍ਰਸ ਤੇ ਮੀਡੀਏ ਰਾਹੀ ਸਾਨੂੰ ਅਤੇ ਪੰਥ ਦਰਦੀਆ ਨੂੰ ਬਦਨਾਮ ਕਰਨ ਦੇ ਦੁੱਖਦਾਇਕ ਅਮਲ ਕਰਦੇ ਆ ਰਹੇ ਹਨ ।”
ਇਹ ਵਿਚਾਰ ਅੱਜ ਕਿਲ੍ਹਾ ਸ. ਹਰਨਾਮ ਸਿੰਘ, ਮੁੱਖ ਦਫ਼ਤਰ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਸਿਆਸੀ ਮਾਮਲਿਆ ਦੀ ਕਮੇਟੀ ਦੀ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਪ੍ਰਧਾਨਗੀ ਹੇਠ ਹੋਈ ਇਕ ਇਕੱਤਰਤਾ ਵਿਚ ਉਭਰਕੇ ਸਾਹਮਣੇ ਆਏ । ਜਿਸ ਲਈ ਕਮੇਟੀ ਨੇ ਐਸ.ਜੀ.ਪੀ.ਸੀ, ਬਾਦਲ ਦਲੀਆ ਨੂੰ 06 ਜੂਨ ਦੇ ਦਿਹਾੜੇ ਤੇ ਹਰ ਸਾਲ ਉਥੋਂ ਦੇ ਰੂਹਾਨੀਅਤ ਭਰੇ ਮਾਹੌਲ ਨੂੰ ਗੰਧਲਾ ਕਰਨ ਲਈ ਸਿੱਧੇ ਤੌਰ ਤੇ ਦੋਸ਼ੀ ਠਹਿਰਾਇਆ । ਇਸ ਹੋਣ ਵਾਲੀ ਅਰਦਾਸ ਵਿਚ ਪੰਜਾਬ ਤੇ ਬਾਹਰਲੇ ਸੂਬਿਆਂ ਤੋਂ ਸੱਚੇ ਸਿੱਖ ਸਾਮਿਲ ਹੋਣ ਲਈ ਪਹੁੰਚਦੇ ਹਨ । ਜਿਨ੍ਹਾਂ ਨੂੰ ਟਾਸਕ ਫੋਰਸ ਅਤੇ ਸਰਕਾਰੀ ਏਜੰਸੀਆ ਰੋਕਦੀਆ ਹਨ । ਜਿਸ ਵਜਹ ਕਾਰਨ ਗੜਬੜ ਹੁੰਦੀ ਹੈ । ਬਿਕਰਮਜੀਤ ਸਿੰਘ ਮਜੀਠੀਆ, ਰਣਜੀਤ ਸਿੰਘ ਬ੍ਰਹਮਪੁਰਾ ਅਤੇ ਬਾਦਲ ਦਲ ਵਾਲੇ ਵੀ ਆ ਜਾਂਦੇ ਹਨ । ਜੇਕਰ ਉਹ ਸੱਚੇ ਹਨ ਜਾਂ ਕੌਮ ਹਿਤੈਸੀ ਹਨ ਤਾਂ ਇਸ ਮੌਕੇ ਤੇ ਲੋਕ ਉਨ੍ਹਾਂ ਨੂੰ ਕਿਉਂ ਨਹੀਂ ਬੋਲਣ ਦਿੰਦੇ ਅਤੇ ਉਨ੍ਹਾਂ ਨੂੰ ਕਿਉਂ ਪੈਦੇ ਹਨ ? ਕਿਉਂਕਿ ਇਨ੍ਹਾਂ ਨੇ ਹੀ ਬਲਿਊ ਸਟਾਰ ਦਾ ਫ਼ੌਜੀ ਹਮਲਾ ਕਰਵਾਉਣ ਦੀ ਪ੍ਰਵਾਨਗੀ ਦਿੱਤੀ ਸੀ । ਅਸੀਂ ਤਾਂ ਪਵਿੱਤਰ ਅਤੇ ਕੌਮ ਦੀ ਪੀੜਾ ਦਾ ਦਰਦ ਰੱਖਣ ਵਾਲੇ ਗੁਰੂ ਦੇ ਸਿੱਖ ਹਾਂ । ਸ਼ਹੀਦਾਂ ਨੂੰ ਸਰਧਾ ਦੇ ਫੁੱਲ ਭੇਟ ਕਰਨ ਲਈ ਹੀ ਉਥੇ ਜਾਂਦੇ ਹਾਂ । ਜਦੋਂ ਇਸ ਦਿਹਾੜੇ ਦੀ ਅਰਦਾਸ ਕਰਨ ਦੀ ਸੁਰੂਆਤ ਅਤੇ ਉਦਮ ਕਰਨ ਵਾਲੇ ਅਸੀਂ ਖੁਦ ਹਾਂ, ਫਿਰ ਅਸੀਂ ਉਸ ਅਰਦਾਸ ਵਿਚ ਕਿਸੇ ਤਰ੍ਹਾਂ ਦਾ ਵਿਘਨ ਜਾਂ ਗੜਬੜ ਕਿਉਂ ਕਰਾਂਗੇ ? ਮੁਸਲਿਮ-ਪਾਕਿਸਤਾਨ ਬਣਾਉਣ ਦੇ ਹੱਕ ਵਿਚ ਸਨ ਅਤੇ ਹਿੰਦੂ-ਇੰਡੀਆ ਬਣਾਉਣ ਦੇ ਹੱਕ ਵਿਚ ਸਨ । ਫਿਰ ਮੁਸਲਿਮ-ਪਾਕਿਸਤਾਨ ਦਾ ਅਤੇ ਹਿੰਦੂ-ਇੰਡੀਆ ਦਾ ਵਿਰੋਧ ਕਿਉਂ ਕਰਨਗੇ?
ਬਲਿਊ ਸਟਾਰ ਦਾ ਫ਼ੌਜੀ ਹਮਲਾ ਕਰਵਾਉਣ ਵਾਲੇ ਰਵਾਇਤੀ ਆਗੂਆਂ ਨੇ ਗਜਨੀ ਤੋਂ ਲਿਆਂਦੇ ਸੋਮਨਾਥ ਮੰਦਰ ਦੇ ਉਨ੍ਹਾਂ ਦਰਵਾਜਿਆ ਜੋ ਦਰਸ਼ਨੀ ਡਿਊੜ੍ਹੀ ਦਰਬਾਰ ਸਾਹਿਬ ਵਿਖੇ ਸਦੀਆ ਤੋਂ ਸਥਿਤ ਸਨ, ਉਹ ਹਿੰਦੂਤਵ ਹੁਕਮਰਾਨਾਂ ਦੀਆਂ ਇਛਾਵਾ ਦੀ ਪੂਰਤੀ ਕਰਦੇ ਹੋਏ ਇਨ੍ਹਾਂ ਵੱਲੋਂ ਗੁਪਤ ਰੂਪ ਵਿਚ ਉਤਾਰ ਦਿੱਤੇ ਗਏ ਹਨ । ਫਿਰ ਤਰਨਤਾਰਨ ਦਰਬਾਰ ਸਾਹਿਬ ਦੀ ਦਰਸ਼ਨੀ ਡਿਊੜ੍ਹੀ ਜੋ ਮਹਾਰਾਜਾ ਰਣਜੀਤ ਸਿੰਘ ਦੇ ਪੋਤੇ ਕੰਵਰ ਨੌਨਿਹਾਲ ਸਿੰਘ ਨੇ ਬਣਵਾਈ ਸੀ, ਉਸਨੂੰ ਵੀ ਬਾਬਾ ਜਗਤਾਰ ਸਿੰਘ ਰਾਹੀ ਤਹਿਸ-ਨਹਿਸ ਕਰਵਾ ਦਿੱਤਾ । ਉਪਰੋਕਤ ਵਾਪਰੇ ਅਤਿ ਦੁੱਖਦਾਇਕ ਵਰਤਾਰੇ ਦਾ ਦਰਦ ਸਾਨੂੰ ਅਤੇ ਸਮੁੱਚੀ ਸਿੱਖ ਕੌਮ ਨੂੰ ਹੈ, ਮਨ ਵਲੂੰਧਰੇ ਪਏ ਹਨ । ਇਹ ਆਗੂ ਤਾਂ ਇਸ ਕੌਮੀ ਸੰਸਥਾਂ ਉਤੇ ਗੈਰ-ਕਾਨੂੰਨੀ ਤਰੀਕੇ ਸੈਂਟਰ ਦੇ ਸਹਿਯੋਗ ਨਾਲ ਜ਼ਬਰੀ ਕਾਬਜ ਬਣੇ ਬੈਠੇ ਹਨ । ਇਨ੍ਹਾਂ ਨੂੰ ਸਿੱਖ ਕੌਮ ਦੀਆਂ ਹੋਈਆ ਸ਼ਹੀਦੀਆਂ, ਗੁਰੂਘਰਾਂ ਦੇ ਇਤਿਹਾਸ, ਯਾਦਗਰਾਂ ਦੇ ਖਤਮ ਹੋਣ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪਾਂ ਦਾ ਲਾਪਤਾ ਹੋਣ, ਬੇਅਦਬੀਆ ਹੋਣ ਦਾ ਕੋਈ ਦਰਦ ਨਹੀਂ । ਇਸ ਲਈ ਹੀ ਇਨ੍ਹਾਂ ਨੇ ਕਦੇ ਵੀ ਬੀਤੇ 10 ਸਾਲਾ ਤੋਂ ਐਸ.ਜੀ.ਪੀ.ਸੀ. ਦੀਆਂ ਚੋਣਾਂ ਨਾ ਹੋਣ ਉਤੇ ਚੋਣਾਂ ਕਰਵਾਉਣ ਦੀ ਮੰਗ ਨਹੀਂ ਕੀਤੀ ।
ਅਜੋਕੇ ਸਮੇਂ ਵਿਚ ਉਤਪੰਨ ਹੋਏ ਅਤਿ ਸੰਜ਼ੀਦਾ ਹਾਲਾਤਾਂ ਉਤੇ ਸਿੱਖ ਕੌਮ ਅਤੇ ਪੰਜਾਬੀਆ ਨੂੰ ਦੇਖਣਾ ਅਤੇ ਘੋਖਣਾ ਪਵੇਗਾ ਕਿ 06 ਜੂਨ ਦੇ ਘੱਲੂਘਾਰੇ ਦੇ ਦਿਹਾੜੇ ਤੇ ਹੋਣ ਵਾਲੀ ਅਰਦਾਸ ਵਿਚ ਕੌਣ ਅਤੇ ਕਿਹੜੀ ਤਾਕਤ ਹਰ ਸਾਲ ਜਾਣਬੁੱਝਕੇ ਖੱਪਖਾਨਾ ਪਵਾਉਦੀ ਹੈ ? ਅਸੀਂ ਤਾਂ ਇਸ ਅਕਾਲ ਤਖ਼ਤ ਸਾਹਿਬ ਅਤੇ ਸ੍ਰੀ ਦਰਬਾਰ ਸਾਹਿਬ ਦੇ ਮਹਾਨ ਅਸਥਾਂਨ ਉਤੇ ਕਿਸੇ ਤਰ੍ਹਾਂ ਦੇ ਰੌਲੇ-ਰੱਪੇ ਦੇ ਹਮਾਇਤੀ ਹੀ ਨਹੀਂ, ਫਿਰ ਅਜਿਹਾ ਅਸੀਂ ਕਿਉਂ ਕਰਾਂਗੇ ? ਇਨ੍ਹਾਂ ਨੇ ਹੁਕਮਰਾਨਾਂ ਨਾਲ ਮਿਲਕੇ ਬਲਿਊ ਸਟਾਰ ਦਾ ਫ਼ੌਜੀ ਹਮਲਾ ਕਰਵਾਇਆ, ਪੰਜਾਬ ਵਿਚ ਝੂਠੇ ਪੁਲਿਸ ਮੁਕਾਬਲੇ ਕਰਵਾਕੇ ਸਿੱਖ ਨੌਜ਼ਵਾਨੀ ਦਾ ਘਾਣ ਕਰਵਾਇਆ, ਬਹਿਬਲ ਕਲਾਂ ਵਿਖੇ ਸ਼ਾਂਤਮਈ ਬੈਠੇ ਸਿੱਖਾਂ ਉਤੇ ਗੋਲੀ ਚਲਾਕੇ ਸਿੰਘ ਸ਼ਹੀਦ ਅਤੇ ਜਖ਼ਮੀ ਕੀਤੇ । ਕਾਤਲ ਪੁਲਿਸ ਅਫ਼ਸਰਾਂ, ਸਿਰਸੇਵਾਲ ਕਾਤਲ ਬਾਲਤਕਾਰੀ ਸਾਧ ਨੂੰ ਕਾਨੂੰਨੀ ਮਾਰ ਤੋਂ ਬਚਾਉਣ ਲਈ ਗੈਰ-ਇਖਲਾਕੀ ਹੱਥਕੰਡੇ ਇਸ ਲਈ ਵਰਤ ਰਹੇ ਹਨ ਤਾਂ ਕਿ ਉਨ੍ਹਾਂ ਦੇ ਗ੍ਰਿਫ਼ਤਾਰ ਹੋਣ ਤੇ ਇਨ੍ਹਾਂ ਦੇ ਸਿੱਖ ਕੌਮ ਵਿਰੋਧੀ ਚਿਹਰੇ ਨੰਗੇ ਨਾ ਹੋ ਜਾਣ । ਅਰਦਾਸ ਸਮਾਗਮ ਵੀ ਸਹੀ ਢੰਗ ਨਾਲ ਹਰ ਸਾਲ ਇਸ ਲਈ ਨਹੀਂ ਹੋਣ ਦਿੰਦੇ ਤਾਂ ਕਿ ਸਾਡੇ ਵਰਗੇ ਪੀੜਤ ਸਿੱਖ ਅਤੇ ਪੰਥ ਦਰਦੀ ਆਪਣੀਆ ਤਕਰੀਰਾਂ ਵਿਚ ਬਲਿਊ ਸਟਾਰ ਸਮੇਂ ਅਤੇ ਹੋਰ ਮੌਕਿਆ ਉਤੇ ਇਨ੍ਹਾਂ ਵੱਲੋਂ ਕੀਤੀਆ ਗ਼ਦਾਰੀਆ, ਧੋਖਿਆ ਸੰਬੰਧੀ ਸਿੱਖ ਕੌਮ ਸਾਹਮਣੇ ਨੰਗਾਂ ਨਾ ਕਰ ਦੇਣ । ਇਹੀ ਵਜਹ ਹੈ ਕਿ ਘੱਲੂਘਾਰੇ ਦੇ ਅਤਿ ਮਹੱਤਵਪੂਰਨ ਅਰਦਾਸ ਦਿਹਾੜੇ ਉਤੇ ਹਰ ਸਾਲ ਖੱਪ ਪਵਾਕੇ ਜਿਥੇ ਆਪਣੇ ਕੀਤੇ ਪਾਪਾ ਤੇ ਕੁਕਰਮਾਂ ਨੂੰ ਦੱਬੀ ਰੱਖਣਾ ਚਾਹੁੰਦੇ ਹਨ, ਉਥੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਥੇਬੰਦੀ ਅਤੇ ਹੋਰਨਾਂ ਨੂੰ ਪੀਲੀ-ਪੱਤਰਕਾਰੀ ਅਤੇ ਮੀਡੀਏ ਰਾਹੀ ਬਦਨਾਮ ਕਰਕੇ ਸੈਂਟਰ ਦੇ ਹੁਕਮਰਾਨਾਂ ਦੀ ਸਿੱਖ ਕੌਮ ਵਿਰੋਧੀ ਸੋਚ ਉਤੇ ਹੀ ਅਮਲ ਕਰਦੇ ਆ ਰਹੇ ਹਨ ।
ਇਸ ਸਮੁੱਚੇ ਸੱਚ ਅਤੇ ਤੱਥਾਂ ਨੂੰ ਸਮਝਦੇ ਹੋਏ ਸਮੁੱਚੀ ਸਿੱਖ ਕੌਮ ਨੂੰ 06 ਜੂਨ ਦੇ ਦਿਹਾੜੇ ਉਤੇ ਬਿਨ੍ਹਾਂ ਕਿਸੇ ਦੇ ਡਰ-ਭੈ ਤੋਂ ਹੁੰਮ-ਹੁੰਮਾਕੇ ਅਰਦਾਸ ਵਿਚ ਸਾਮਿਲ ਹੋਣਾ ਚਾਹੀਦਾ ਹੈ ਤਾਂ ਕਿ ਇਨ੍ਹਾਂ ਦੇ ਚਿਹਰਿਆ ਉਤੇ ਚੜ੍ਹਾਏ ਗਏ ਸ਼ਿਰਾਫਤ ਦੇ ਨਕਲੀ ਨਕਾਬਾਂ ਨੂੰ ਉਤਾਰਕੇ ਇਨ੍ਹਾਂ ਦੇ ਖੂੰਖਾਰ ਚਿਹਰਿਆ ਨੂੰ ਸਿੱਖ ਕੌਮ ਦੀ ਕਚਹਿਰੀ ਵਿਚ ਨੰਗਿਆ ਕੀਤਾ ਜਾ ਸਕੇ ਅਤੇ ਐਸ.ਜੀ.ਪੀ.ਸੀ. ਦੀ ਮਹਾਨ ਕੌਮੀ ਸੰਸਥਾਂ ਦੀ ਜਰਨਲ ਚੋਣ ਦੀ ਮੰਗ ਕਰਕੇ ਇਨ੍ਹਾਂ ਦੇ ਕੀਤੇ ਗਏ ਗੈਰ-ਕਾਨੂੰਨੀ, ਗੈਰ-ਸਿਧਾਤਿਕ ਕਬਜੇ ਨੂੰ ਖਤਮ ਕਰਕੇ ਸਿੱਖ ਪਾਰਲੀਮੈਂਟ ਦੇ ਪ੍ਰਬੰਧ ਵਿਚ ਪੈਦਾ ਹੋ ਚੁੱਕੀਆ ਖਾਮੀਆ ਨੂੰ ਦੂਰ ਕੀਤਾ ਜਾ ਸਕੇ ਅਤੇ ਸਿੱਖ ਕੌਮ ਨੂੰ ਆਪਣੇ ਧੂਰੇ ਨਾਲ ਜੋੜਕੇ ਅਗਲੀ ਕੌਮੀ ਰਾਜਨੀਤਿਕ, ਇਖ਼ਲਾਕੀ ਤੇ ਭੂਗੋਲਿਕ ਲੜਾਈ ਦੇ ਸੰਘਰਸ਼ ਦੀ ਮੰਜਿਲ ਦੀ ਪ੍ਰਾਪਤੀ ਕੀਤੀ ਜਾ ਸਕੇ ।
ਅੱਜ ਇਸ ਹੋਈ ਅਤਿ ਸੰਜ਼ੀਦਾ ਤੇ 5 ਘੰਟੇ ਲੰਮੀ ਚੱਲੀ ਮੀਟਿੰਗ ਵਿਚ ਸਰਕਾਰ ਵੱਲੋਂ ਸਿੱਖਾਂ ਦੇ ਕਾਤਲ ਸਿਆਸਤਦਾਨਾਂ, ਪੁਲਿਸ ਅਧਿਕਾਰੀਆ ਨੂੰ ਗ੍ਰਿਫ਼ਤਾਰ ਕਰਕੇ ਕਾਨੂੰਨੀ ਕਾਰਵਾਈ ਕਰਨ ਦੀ ਕੌਮੀ ਮੰਗ ਨੂੰ ਲੈਕੇ 01 ਜੁਲਾਈ 2021 ਤੱਕ ਮੰਗਾਂ ਨਾ ਪੂਰਨ ਹੋਣ ਦੀ ਸੂਰਤ ਵਿਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆ ਦੇ ਚਲਾਏ ਗਏ ਮੋਰਚੇ ਦੀ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਮੋਰਚਾ ਸੁਰੂ ਕੀਤਾ ਜਾਵੇਗਾ ਅਤੇ ਉਦੋਂ ਤੱਕ ਜਾਰੀ ਰੱਖਿਆ ਜਾਵੇਗਾ ਜਦੋਂ ਤੱਕ ਕੌਮੀ ਮੰਗਾਂ ਦੀ ਸਰਕਾਰ ਪੂਰਤੀ ਨਹੀਂ ਕਰਦੀ । ਇਹ ਵੀ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ 14 ਜੂਨ ਸੋਮਵਾਰ ਨੂੰ ਪੰਜਾਬ ਦੇ ਸਮੁੱਚੇ ਜ਼ਿਲ੍ਹਾ ਹੈੱਡਕੁਆਰਟਰਾਂ ਉਤੇ ਕੌਮੀ ਰੋਸ ਦਾ ਪ੍ਰਗਟਾਵਾ ਕਰਦੇ ਹੋਏ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਪਮਾਨਿਤ ਮੁੱਦੇ ਦੇ ਦੋਸ਼ੀਆਂ ਨੂੰ ਤੁਰੰਤ ਸਜ਼ਾ ਦਿਵਾਉਣ ਲਈ ਯਾਦ-ਪੱਤਰ ਦਿੱਤੇ ਜਾਣਗੇ । ਇਸੇ ਤਰ੍ਹਾਂ ਜੋ 21 ਜੂਨ ਦੇ ਦਿਹਾੜੇ ਨੂੰ ਪਾਰਟੀ ਬਤੌਰ ‘ਗੱਤਕਾ ਦਿਹਾੜੇ’ ਦੇ ਤੌਰ ਤੇ ਮਨਾਉਦੀ ਆ ਰਹੀ ਹੈ, 21 ਜੂਨ ਨੂੰ ਸਭ ਜ਼ਿਲ੍ਹਾ ਹੈੱਡਕੁਆਰਟਰਾਂ `ਤੇ ਨੌਜ਼ਵਾਨੀ ਅਤੇ ਪੰਥ ਦਰਦੀਆ ਨੂੰ ਸਰੀਰਕ ਪੱਖੋ ਤੰਦਰੁਸਤ ਰਹਿਣ ਅਤੇ ਆਪਣੀਆ ਕੌਮੀ ਜੰਗੀ ਖੇਡਾਂ ਨੂੰ ਉਤਸਾਹਿਤ ਕਰਨ ਹਿੱਤ ਗੱਤਕਾ ਦਿਹਾੜਾ ਮਨਾਇਆ ਜਾਵੇਗਾ । 22 ਜੂਨ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ 11 ਮੈਬਰੀ ਸੀਨੀਅਰ ਲੀਡਰਸ਼ਿਪ ਵੱਲੋਂ ਉਪਰੋਕਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੁੱਦੇ ਉਤੇ ਗਵਰਨਰ ਪੰਜਾਬ ਨੂੰ ਚੰਡੀਗੜ੍ਹ ਵਿਖੇ ਫਿਰ ਯਾਦ-ਪੱਤਰ ਦਿੱਤਾ ਜਾਵੇਗਾ ।
ਅੱਜ ਦੀ ਇਸ ਮਹੱਤਵਪੂਰਨ ਮੀਟਿੰਗ ਵਿਚ ਸਮੁੱਚੇ ਕੌਮੀ ਫੈਸਲਿਆ ਵਿਚ ਸੰਜ਼ੀਦਗੀ ਨਾਲ ਯੋਗਦਾਨ ਪਾਉਣ ਵਾਲਿਆ ਵਿਚ ਸ. ਸਿਮਰਨਜੀਤ ਸਿੰਘ ਮਾਨ ਤੋਂ ਇਲਾਵਾ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ, ਸਿਆਸੀ ਤੇ ਮੀਡੀਆ ਸਲਾਹਕਾਰ, ਸ. ਜਸਕਰਨ ਸਿੰਘ ਕਾਹਨਸਿੰਘਵਾਲਾ, ਮਾਸਟਰ ਕਰਨੈਲ ਸਿੰਘ ਨਾਰੀਕੇ, ਪ੍ਰੌ. ਮਹਿੰਦਰਪਾਲ ਸਿੰਘ, ਗੁਰਸੇਵਕ ਸਿੰਘ ਜਵਾਹਰਕੇ, ਹਰਪਾਲ ਸਿੰਘ ਬਲੇਰ, ਕੁਲਦੀਪ ਸਿੰਘ ਭਾਗੋਵਾਲ (ਸਾਰੇ ਜਰਨਲ ਸਕੱਤਰ), ਹਰਭਜਨ ਸਿੰਘ ਕਸ਼ਮੀਰੀ, ਬਹਾਦਰ ਸਿੰਘ ਭਸੌੜ, ਗੁਰਨੈਬ ਸਿੰਘ, ਪਰਮਿੰਦਰ ਸਿੰਘ ਬਾਲਿਆਵਾਲੀ, ਗੁਰਚਰਨ ਸਿੰਘ ਭੁੱਲਰ (ਪੀ.ਏ.ਸੀ. ਮੈਬਰ), ਇਮਾਨ ਸਿੰਘ ਮਾਨ ਸਰਪ੍ਰਸਤ ਯੂਥ, ਅੰਮ੍ਰਿਤਪਾਲ ਸਿੰਘ ਛੰਦੜਾ ਯੂਥ ਪ੍ਰਧਾਨ, ਗੁਰਜੰਟ ਸਿੰਘ ਕੱਟੂ ਅਤੇ ਸ. ਰਣਦੀਪ ਸਿੰਘ (ਦੋਵੇ ਪੀ.ਏ. ਸ. ਮਾਨ), ਕਰਨਰਾਜ ਸਿੰਘ ਐਡਵੋਕੇਟ ਪੰਜਾਬ-ਹਰਿਆਣਾ ਹਾਈਕੋਰਟ ਨੇ ਸਮੂਲੀਅਤ ਕੀਤੀ । ਸਮੁੱਚੇ ਹਾਊਂਸ ਨੇ ਸਮੁੱਚੀ ਸਿੱਖ ਕੌਮ ਅਤੇ ਪੰਥ ਦਰਦੀਆ ਨੂੰ 01 ਜੁਲਾਈ 2021 ਨੂੰ ਸੁਰੂ ਹੋਣ ਜਾ ਰਹੇ ਮੋਰਚੇ ਵਿਚ ਪਹਿਲੇ ਦੀ ਤਰ੍ਹਾਂ ਆਪਣੀ ਕੌਮੀ ਜ਼ਿੰਮੇਵਾਰੀ ਨਿਭਾਉਣ ਅਤੇ ਪਾਰਟੀ ਵੱਲੋਂ ਦਿੱਤੇ ਗਏ ਪ੍ਰੋਗਰਾਮਾਂ ਨੂੰ ਕਾਮਯਾਬ ਕਰਨ ਦੀ ਅਤਿ ਸੰਜ਼ੀਦਾ ਅਪੀਲ ਵੀ ਕੀਤੀ । 01 ਜੂਨ ਨੂੰ ਬਰਗਾੜੀ ਵਿਖੇ ਹੋਏ ਕੌਮੀ ਇਕੱਠ ਵਿਚ ਸਹਿਯੋਗ ਕਰਨ ਵਾਲੀਆ ਜਥੇਬੰਦੀਆ ਦਾ ਅਤੇ ਆਗੂਆਂ ਦਾ ਉਚੇਚੇ ਤੌਰ ਤੇ ਧੰਨਵਾਦ ਵੀ ਕੀਤਾ।