ਨਵੀਂ ਦਿੱਲੀ – ਕੇਂਦਰ ਸਰਕਾਰ ਅਤੇ ਟਵਿੱਟਰ ਦਰਮਿਆਨ ਟਕਰਾਅ ਵੱਧਦਾ ਹੀ ਜਾ ਰਿਹਾ ਹੈ। ਮੋਦੀ ਪ੍ਰਸ਼ਾਸਨ ਦਾ ਕਹਿਣਾ ਹੈ ਕਿ 90 ਦਿਨਾਂ ਦਾ ਸਮਾਂ ਦਿੱਤੇ ਜਾਣ ਦੇ ਬਾਅਦ ਵੀ ਟਵਿੱਟਰ ਨੇ ਨਵੇਂ ਨਿਯਮਾਂ ਨੂੰ ਲਾਗੂ ਨਹੀਂ ਕੀਤਾ। ਇਸ ਸਬੰਧੀ ਭਾਰਤ ਸਰਕਾਰ ਨੇ ਟਵਿੱਟਰ ਇੰਡੀਆ ਨੂੰ ਆਖਰੀ ਨੋਟਿਸ ਭੇਜਿਆ ਹੈ ਜਿਸ ਅਨੁਸਾਰ ਇੱਕ ਸਥਾਨਕ ਸਿ਼ਕਾਇਤ ਅਧਿਕਾਰੀ ਅਤੇ ਇੱਕ ਨੋਡਲ ਸੰਪਰਕ ਵਿਅਕਤੀ ਨੂੰ ਨਿਯੁਕਤ ਕਰਨ ਅਤੇ ਉਸ ਦੀ ਜਾਣਕਾਰੀ ਸਰਕਾਰ ਦੇ ਨਾਲ ਸਾਂਝੀ ਕਰਨ ਦੀ ਗੱਲ ਕੀਤੀ ਗਈ ਹੈ।
ਭਾਰਤ ਸਰਕਾਰ ਦਾ ਕਹਿਣਾ ਹੈ ਕਿ ਨਵੇਂ ਨਿਯਮ 26 ਮਈ ਤੋਂ ਲਾਗੂ ਹੋ ਗਏ ਹਨ। ਇਸ ਦਾ ਪਾਲਣ ਕਰਨ ਲਈ ਸੋਸ਼ਲ ਮੀਡੀਆ ਕੰਪਨੀਆਂ ਨੂੰ ਦਿੱਤੀ ਗਈ ਤਿੰਨ ਮਹੀਨੇ ਦੀ ਮਿਆਦ ਸਮਾਪਤ ਹੋਣ ਦੇ ਬਾਅਦ ਵੀ ਟਵਿੱਟਰ ਨੇ ਭਾਰਤ ਸਰਕਾਰ ਵੱਲੋਂ ਰੱਖੀਆਂ ਗਈਆਂ ਸ਼ਰਤਾਂ ਪੂਰੀਆਂ ਨਹੀਂ ਕੀਤੀਆਂ ਗਈਆਂ। ਇਸ ਲਈ ਟਵਿੱਟਰ ਦੇ ਰਵੱਈਏ ਨੂੰ ਵੇਖਦੇ ਹੋਏ ਉਸ ਨੂੰ ਆਖਰੀ ਨੋਟਿਸ ਭੇਜਿਆ ਗਿਆ ਹੈ। ਜੇ ਟਵਿੱਟਰ ਇਸ ਨੋਟਿਸ ਦੇ ਬਾਅਦ ਵੀ ਇਹ ਨਵੇਂ ਨਿਯਮ ਲਾਗੂ ਨਹੀਂ ਕਰੇਗਾ ਤਾਂ ਉਸ ਦੇ ਖਿਲਾਫ਼ ਕਾਨੂੰਨੀ ਕਾਰਵਾਈ ਹੋਵੇਗੀ॥