ਅੰਮ੍ਰਿਤਸਰ – ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਮੀਰੀ ਪੀਰੀ ਸ਼੍ਰੋਮਣੀ ਢਾਡੀ ਸਭਾ ਵੱਲੋਂ ਇਕ ਮੰਗ ਪੱਤਰ ਦਿੰਦਿਆਂ ਪਿਛਲੇ ਸਮੇਂ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਸਨਮੁੱਖ ਰੋਜ਼ਾਨਾ ਸਜ ਰਹੇ ਢਾਡੀ ਦੀਵਾਨਾ ਵਿਚ ਕੁਝ ਢਾਡੀ ਜਥਿਆਂ ਵੱਲੋਂ ਪੈਦਾ ਕੀਤੇ ਗਏ ਬੇਲੋੜਾ ਵਿਵਾਦ ਨੂੰ ਹੱਲ ਕਰਨ ਪ੍ਰਤੀ ਜਥੇਦਾਰ ਸਾਹਿਬ ਵੱਲੋਂ ਸੁਹਿਰਦ ਯਤਨਾਂ ਨਾਲ ਗਠਿਤ ਕੀਤੀ ਗਈ ਤਿੰਨ ਮੈਂਬਰੀ ਸਭ ਕਮੇਟੀ ਵੱਲੋਂ ਢਾਡੀ ਜਥਿਆਂ ਪ੍ਰਤੀ ਵਿਧਾਨ / ਰੂਪ ਰੇਖਾ ਤਿਆਰ ਕਰਨ ਦਾ ਸਵਾਗਤ ਕੀਤਾ ਗਿਆ।
ਢਾਡੀ ਸਭਾ ਦੇ ਪ੍ਰਧਾਨ ਕੁਲਵਿੰਦਰ ਸਿੰਘ ਨੇ ਇਸ ਬਾਰੇ ਦੱਸਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਭ ਕਮੇਟੀ ਵੱਲੋਂ ਪੈਦਾ ਹੋਇਆ ਵਿਵਾਦ ਨੂੰ ਖ਼ਤਮ ਕਰਨ ਲਈ ਢਾਡੀ ਜਥਿਆਂ ਦਾ ਪੱਖ ਸੁਣਨ ਲਈ ਮੀਰੀ ਪੀਰੀ ਢਾਡੀ ਸਭਾ ਸਤਿਕਾਰ ਤੇ ਧੰਨਵਾਦ ਕਰਦੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਮੱਸਿਆ ਸੰਗਰਾਂਦ ਵਾਲੇ ਦਿਨ ਸਜਾਏ ਜਾਂਦੇ ਦੀਵਾਨ ‘ਚ ਪਹਿਲਾਂ 15 ਤੋਂ 20 ਜਥੇ ਹਾਜ਼ਰੀ ਭਰਿਆ ਕਰਦੇ ਸੀ, ਉਨ੍ਹਾਂ ਨੂੰ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਵੱਲੋਂ ਕੁਝ ਸਹਾਇਤਾ ਅਤੇ ਭੇਟਾ ਦਿੱਤੀ ਜਾਂਦੀ ਸੀ, ਜੋ ਕਿ ਹੁਣ ਉਹ ਰਾਸ਼ੀ ਜਥਿਆਂ ਨੂੰ ਨਹੀਂ ਮਿਲ ਰਹੀ, ਉਸ ਬਾਰੇ ਪੜਤਾਲ ਕਰਾਈ ਜਾਵੇ ਕਿ ਉਹ ਰਾਸ਼ੀ ਕਿਥੇ ਗਈ ਜਾਂ ਕਿਥੇ ਜਾ ਰਹੀ ਹੈ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਜੋ ਗ੍ਰੰਥੀ ਸਿੰਘ, ਰਾਗੀ ਅਤੇ ਢਾਡੀ ਕਵੀਸ਼ਰ ਅਤੇ ਪ੍ਰਚਾਰਕ ਦਾੜ੍ਹੀ ਰੰਗਦੇ ਹਨ ਉਹ ਗੁਰਮਤਿ ਦੇ ਉਲਟ ਅਤੇ ਨਿੰਖੇਧੀਯੋਗ ਹੈ, ਉਨ੍ਹਾਂ ਬਾਰੇ ਨਿਸ਼ਾਨਦੇਹੀ ਕਰਦਿਆਂ ਪੰਥਕ ਰਹਿਤ ਮਰਯਾਦਾ ਅਨੁਸਾਰ ਉਨ੍ਹਾਂ ਖਿਲਾਫ ਕਾਰਵਾਈ ਕਰਦਿਆਂ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੋ ਢਾਡੀ ਜਥੇ ਕਿਸੇ ਕਾਰਨ ਸਜਦੇ ਦੀਵਾਨ ਵਿਚ ਹਾਜ਼ਰੀ ਨਹੀਂ ਭਰ ਰਹੇ ਉਨ੍ਹਾਂ ਨੂੰ ਵੀ ਸੰਗਤ ਦੇ ਸਨਮੁੱਖ ਹੋਣ ਦਾ ਮੌਕਾ ਦਿੱਤਾ ਜਾਵੇ। । ਇਸ ਮੌਕੇ ਪ੍ਰਧਾਨ ਗਿਆਨੀ ਕੇਵਲ ਸਿੰਘ ਕਲੰਜਰ ਅਤੇ ਕਾਰਜਕਾਰੀ ਪ੍ਰਧਾਨ ਕੁਲਵਿੰਦਰ ਸਿੰਘ ਲਾਧੂਭਾਣਾ ਤੋਂ ਇਲਾਵਾ ਬਲਦੇਵ ਸਿੰਘ ਬਲਗਣ, ਗੁਰਮੇਜ ਸਿੰਘ ਬੀਏ, ਤਰਸੇਮ ਸਿੰਘ ਅਮਰਕੋਟ, ਦੇਸਾ ਸਿੰਘ ਦਲੇਰ, ਸੁਖਬੀਰ ਸਿੰਘ ਸਾਗਰ, ਸਰਿੰਦਰ ਸਿੰਘ , ਇਕਬਾਲ ਸਿੰਘ , ਅਮ੍ਰਿਤਪਾਲ ਸਿੰਘ ਅਸ਼ੋਕ ਸਿੰਘ , ਗੁਰਸੇਵਕ ਸਿੰਘ ਤੇ ਜਸਵਿੰਦਰ ਸਿੰਘ ਭਾਗੋਵਾਲ, ਸਰਬਜੀਤ ਸਿੰਘ ਐਮ ਏ, ਗੁਰਮੀਤ ਸਿੰਘ ਐਮ ਏ ਅਤੇ ਰਜਿੰਦਰ ਸਿੰਘ ਸਭਰਾ ਮੌਜੂਦ ਸਨ ।
ਫ਼ੋਟੋ ਨਾਲ ਹੈ।