ਮਾਨਾਵਾਲਾ / ਅੰਮ੍ਰਿਤਸਰ – ਖੇਤੀ ਕਾਨੂੰਨਾਂ ਖਿਲਾਫ਼ ਕਿਸਾਨੀ ਸੰਘਰਸ਼ ਦੇ ਸਮਰਥਨ ‘ਚ ਉੱਤਰਦਿਆਂ ਸੰਤਾਂ ਮਹਾਂਪੁਰਸ਼ਾਂ ਦੇ ਸਹਿਯੋਗ ਨਾਲ ਸਿੱਖ ਸੰਗਤਾਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠਾਂ ਦੀ ਆਰੰਭਤਾ ਕੀਤੀ ਜਾ ਰਹੀ ਹੈ। ਜਿਸ ਪ੍ਰਤੀ ਇਲਾਕੇ ਦੀਆਂ ਸੰਗਤਾਂ ‘ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।
ਇਸ ਬਾਰੇ ਗਲ ਬਾਤ ਕਰਦਿਆਂ ਸਾਬਕਾ ਫੈਡਰੇਸ਼ਨ ਆਗੂ ਅਤੇ ਸਮਾਜ ਸੇਵਕ ਭਾਈ ਇਕਬਾਲ ਸਿੰਘ ਤੁੰਗ ਅਤੇ ਪ੍ਰੋ: ਸਰਚਾਂਦ ਸਿੰਘ ਖਿਆਲਾ ਨੇ ਦੱਸਿਆ ਕਿ ਸਹਿਜ ਪਾਠਾਂ ਦੀ ਲੜੀ ਦੀ ਅਰੰਭਤਾ ਪਿੰਡ ਵਡਾਲੀ ਡੋਕਰਾਂ ਵਿਖੇ ਮਾਨਾਵਾਲਾ ਹਸਪਤਾਲ ਕੋਲ ਜੀ ਟੀ ਰੋਡ ‘ਤੇ ਸਥਿਤ ਸ੍ਰੀ ਗੁਰੂ ਰਾਮਦਾਸ ਲੰਗਰ ਹਾਲ ਵਿਖੇ ਮਿਤੀ 8 ਜੂਨ 2021, ਦਿਨ ਮੰਗਲ ਵਾਰ ਨੂੰ ਸਵੇਰੇ 10 ਵਜੇ ਕੀਤੀ ਜਾ ਰਹੀ ਹੈ। ਜੋ ਕਿ ਕਿਸਾਨ ਸੰਘਰਸ਼ ਦੀ ਕਾਮਯਾਬੀ ਤਕ ਚੱਲੇਗੀ। ਆਗੂਆਂ ਨੇ ਦੱਸਿਆ ਕਿ ਸਹਿਜ ਪਾਠਾਂ ਦੀ ਲੜੀ ਚਲਾਉਣ ਦੀਆਂ ਤਿਆਰੀਆਂ ਪੂਰੀਆਂ ਕੀਤੀਆਂ ਜਾ ਚੁੱਕੀਆਂ ਹਨ। ਜਿਸ ਨੂੰ ਸਿੱਖ ਜਥੇਬੰਦੀਆਂ ਸੰਪਰਦਾਵਾਂ, ਸਮੂਹ ਸੰਗਤਾਂ ਇਲਾਕਾ ਨਿਵਾਸੀਆਂ ਤੋਂ ਇਲਾਵਾ ਬ੍ਰਹਮ ਗਿਆਨੀ ਸੰਤ ਬਾਬਾ ਝੰਡਾ ਸਿੰਘ ਜੀ, ਸੰਤ ਬਾਬਾ ਬਿਸ਼ਨ ਸਿੰਘ ਜੀ ਬਾਬਾ ਚੰਨਣ ਸਿੰਘ ਜੀ ਮੰਜੀ ਸਾਹਿਬ ਕਾਰਸੇਵਾ ਵਾਲਿਆਂ ਦੇ ਸੇਵਕ ਸੰਤ ਬਾਬਾ ਜਸਪਾਲ ਸਿੰਘ ਜੀ ਗੁ: ਚਮਰੰਗ ਰੋਡ ਦੇ ਵਿਸ਼ੇਸ਼ ਸਹਿਯੋਗ ਨਾਲ ਕਿਸਾਨੀ ਸੰਘਰਸ਼ ਦੀ ਫ਼ਤਿਹਯਾਬੀ ਤਕ ਸਹਿਜ ਪਾਠਾਂ ਲੜੀ ਨਿਰੰਤਰ ਚਲਾਈ ਜਾਵੇਗੀ। ਉਨ੍ਹਾਂ ਕਿਹਾ ਕਿ ਸਰਕਾਰਾਂ ਦੀ ਬੇਇੰਤਹਾ ਜਬਰ ਜ਼ੁਲਮ ਦੇ ਬਾਵਜੂਦ ਕਿਸਾਨ ਸੰਘਰਸ਼ ‘ਚ ਪੰਜਾਬ ਅਤੇ ਸਿੱਖ ਭਾਈਚਾਰੇ ਵੱਲੋਂ ਨਿਭਾਈ ਜਾ ਰਹੀ ਠੋਸ ਭੂਮਿਕਾ ਨੇ ਸਿੱਖ ਕਿਰਦਾਰ ਦੀ ਦੇਸ਼ ਵਿਦੇਸ਼ ਦੇ ਲੋਕਾਂ ‘ਚ ਪਛਾਣ ਕਰਾਈ ਹੈ। ਉਨ੍ਹਾਂ ਇਸ ਦੇ ਮਨੋਰਥ ਦੀ ਗਲ ਕਰਦਿਆਂ ਕਿਹਾ ਕਿ ਖੇਤੀ ਕਾਨੂੰਨਾਂ ਦੇ ਖਿਲਾਫ਼ ਹਰ ਮੁਹਾਜ਼ ‘ਤੇ ਲੜਾਈ ਲੜ ਰਹੇ ਕਿਸਾਨਾਂ ਦਾ ਮਨੋਬਲ ਨੂੰ ਚੜ੍ਹਦੀਕਲਾ ਵਿਚ ਬਣਾਈ ਰੱਖਣ ਲਈ ਗੁਰੂ ਅੱਗੇ ਅਰਦਾਸ ਬੇਨਤੀ ਕੀਤੀ ਜਾਵੇਗੀ। ਉਨ੍ਹਾਂ ਅਫ਼ਸੋਸ ਪ੍ਰਗਟ ਕਰਦਿਆਂ ਸਵਾਲ ਕੀਤੀ ਕਿ ਇਹ ਕਿਹੋ ਜਿਹਾ ਲੋਕਤੰਤਰ ਹੈ ਜਿੱਥੇ ਪਿਛਲੇ 9 ਮਹੀਨਿਆਂ ਤੋਂ ਸੜਕਾਂ ‘ਤੇ ਉਤਰ ਕੇ ਸ਼ਾਂਤਮਈ ਸੰਘਰਸ਼ ਕਰ ਰਹੇ ਕਿਸਾਨਾਂ ਦੀ ਅਵਾਜ਼ ਤਕ ਨਹੀਂ ਸੁਣੀ ਜਾ ਰਹੀ। ਉਨ੍ਹਾਂ ਕਿਹਾ ਕਿ ਨਵੇਂ ਖੇਤੀ ਕਾਨੂੰਨਾਂ ਦੇ ਲਾਗੂ ਹੋਣ ਨਾਲ ਇਸ ਦਾ ਮਾੜਾ ਅਸਰ ਕਿਸਾਨ ‘ਤੇ ਹੀ ਨਹੀਂ ਆੜ੍ਹਤੀਏ, ਖੇਤ ਮਜ਼ਦੂਰ ਅਤੇ ਕਾਰੋਬਾਰੀ ਲੋਕਾਂ ‘ਤੇ ਵੀ ਪਵੇਗਾ। ਉਨ੍ਹਾਂ ਮੋਦੀ ਸਰਕਾਰ ਵੱਲੋਂ ਦੇਸ਼ ਦੇ ਕਿਸਾਨਾਂ ਦੇ ਹਿਤ ਵੱਡੇ ਕਾਰਪੋਰੇਟ ਘਰਾਨਿਆਂ ਅੱਗੇ ਗਹਿਣੇ ਰੱਖਣ ਦੀ ਕਰੜੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਐਮ ਐਸ ਪੀ ਅਤੇ ਸਥਾਪਿਤ ਮੰਡੀਕਰਣ ਪ੍ਰਣਾਲੀ ਦਾ ਅੰਤ ਹੋਣ ਨਾਲ ਕਿਸਾਨੀ ਤਬਾਹ ਹੋ ਜਾਵੇਗੀ।
ਕਿਸਾਨੀ ਦੀ ਤਬਾਹੀ ਯਕੀਨਨ ਮੁਲਕ ਦੀ ਤਬਾਹੀ ਹੈ। ਉਨ੍ਹਾਂ ਰਾਜ ਸਰਕਾਰਾਂ ਦੀ ਭੂਮਿਕਾ ‘ਤੇ ਸਵਾਲ ਉਠਾਉਂਦਿਆਂ ਕਿਹਾ ਕਿ ਖੇਤੀ ਰਾਜਾਂ ਦਾ ਵਿਸ਼ਾ ਹੈ, ਪਰ ਰਾਜ ਸਰਕਾਰਾਂ ਵੱਲੋਂ ਸਿਆਸੀ ਇੱਛਾ ਸ਼ਕਤੀ ਦੀ ਕਮੀ ਕਾਰਨ ਕੇਂਦਰ ਵੱਲੋਂ ਰਾਜਾਂ ਦੇ ਸੰਘੀ ਅਤੇ ਸੰਵਿਧਾਨਕ ਅਧਿਕਾਰਾਂ ਦੇ ਕੀਤੇ ਜਾ ਰਹੇ ਜਾ ਰਹੇ ਹਨਨ ਪ੍ਰਤੀ ਮੂਕ ਦਰਸ਼ਕ ਬਣੇ ਰਹਿਣਾ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੂੰ ਕਿਸਾਨਾਂ ਦੀਆਂ ਭਾਵਨਾਵਾਂ ਦਾ ਸਨਮਾਨ ਕਰਨਾ ਚਾਹੀਦਾ ਹੈ। ਇਸ ਮੌਕੇ ਸੰਤ ਬਾਬਾ ਜਸਪਾਲ ਸਿੰਘ ਮੰਜੀ ਸਾਹਿਬ ਕਾਰਸੇਵਾ, ਬਾਬਾ ਸਤਨਾਮ ਸਿੰਘ ਅਕਾਲੀ, ਲੰਗਰ ਸਾਹਿਬ ਸੁਸਾਇਟੀ ਦੇ ਪ੍ਰਧਾਨ ਸ: ਨਰਿੰਦਰ ਸਿੰਘ ਵਡਾਲੀ ਡੋਗਰਾਂ, ਬਾਬਾ ਸੁਲੱਖਣ ਸਿੰਘ ਗੁਰੂ ਵਾਲੀ, ਗਿਆਨੀ ਸੁਰਜਣ ਸਿੰਘ , ਬਲਦੇਵ ਸਿੰਘ ਚਾਟੀਵਿੰਡ, ਗੁਰਵਿੰਦਰ ਸਿੰਘ ਚਾਟੀਵਿੰਡ, ਸੰਤੋਖ ਸਿੰਘ ਵਡਾਲੀ, ਬਲਬੀਰ ਸਿੰਘ ਵਡਾਲੀ ਤੇ ਹੋਰ ਮੁਹਤਬਰ ਮੌਜੂਦ ਸਨ।