ਮਹਿਤਾ ਚੌਕ – ਦਮਦਮੀ ਟਕਸਾਲ ਦੇ ਮੁਖੀ ਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਦਮਦਮੀ ਟਕਸਾਲ ਦੇ ਹੈੱਡ ਕੁਆਰਟਰ ਗੁਰਦੁਆਰਾ ਗੁਰ ਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਜੂਨ ’84 ਦੇ ਘੱਲੂਘਾਰੇ ਦੇ ਸਮੂਹ ਸ਼ਹੀਦਾਂ ਦੀ ਪਾਵਨ ਯਾਦ ਨੂੰ ਸਮਰਪਿਤ ਮਨਾਏ ਗਏ 37ਵਾਂ ਮਹਾਨ ਸ਼ਹੀਦੀ ਸਮਾਗਮ ਵਿਚ ਸਰਿਕਤ ਕਰਨ ਲਈ ਸੰਤਾਂ ਮਹਾਂਪੁਰਸ਼ਾਂ, ਸਿੰਘ ਸਾਹਿਬਾਨ, ਧਾਰਮਿਕ ਤੇ ਰਾਜਨੀਤਿਕ ਆਗੂਆਂ ਅਤੇ ਸਮੂਹ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਕੌਮਾਂ ਸਦਾ ਜਿਊਂਦੀਆਂ ਹਨ ਜਿਨ੍ਹਾਂ ਦੇ ਦਿਲਾਂ ‘ਚ ਸ਼ਹੀਦਾਂ ਦੀ ਯਾਦ ਸਦਾ ਰਹਿੰਦੀ ਹੈ। ਉਨ੍ਹਾਂ ਨੌਜਵਾਨਾਂ ਨੂੰ ਦਿਲਾਸਾ ਦਿੰਦਿਆਂ ਕਿਹਾ ਕਿ ਉਦਾਸ ਅਤੇ ਦਿਲਗੀਰ ਹੋਣ ਦੀ ਲੋੜ ਨਹੀਂ ਦਮਦਮੀ ਟਕਸਾਲ ਦੇ 14ਵੇਂ ਮੁਖੀ ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਦਾ ਕੌਮ ਦੀਆਂ ਗ਼ੁਲਾਮੀ ਦੀਆਂ ਜ਼ੰਜੀਰਾਂ ਨੂੰ ਕੱਟਣ ਦਾ ਫੁਰਨਾ, ਉਨ੍ਹਾਂ ਦਾ ਸੰਕਲਪ ਅਤੇ ਜੋ ਵੀ ਬਚਨ ਹਨ ਉਹ 24 ਘੰਟੇ ਹਾਜ਼ਰ ਨਾਜ਼ਰ ਅਕਾਲ ਪੁਰਖ ਆਪ ਪੂਰਾ ਕਰਨਗੇ। ਉਨ੍ਹਾਂ ਕਿਹਾ ਕਿ ਸ਼ਹੀਦਾਂ ਦਾ ਸੰਕਲਪ, ਇੱਛਾ ਅਤੇ ਮਨ ਦਾ ਫੁਰਨਾ ਆਦਿ ਨੂੰ ਪੂਰਾ ਹੋਣ ਤੋਂ ਦੁਨੀਆ ਦੀ ਕੋਈ ਤਾਕਤ ਰੋਕ ਨਹੀਂ ਸਕਦੀ, ਇਹ ਹੋ ਹੀ ਨਹੀਂ ਸਕਦਾ ਕਿ ਕਦੇ ਉਹ ਪੂਰਾ ਨਾ ਹੋਵੇ। ਉਨ੍ਹਾਂ ਕਿਹਾ ਕਿ ਸ਼ਹੀਦਾਂ ਦੇ ਚਰਨਾਂ ‘ਚ ਜਾ ਕੇ ਕੋਈ ਵੀ ਅਰਦਾਸ ਬੇਨਤੀ ਕੀਤੀ ਜਾਂਦੀ ਹੈ ਉਹ ਪੂਰੀਆਂ ਹੁੰਦੀਆਂ ਹਨ। ਵੱਡੀਆਂ ਸ਼ਕਤੀਆਂ ਦੇ ਮਾਲਕ ਸ਼ਹੀਦ ਆਪਣੇ ਦਰ ‘ਤੇ ਦਾਤਾਂ ਮੰਗਣ ਵਾਲਿਆਂ ਦੀਆਂ ਚੋਲੀਆਂ ਉਹ ਆਪ ਭਰਦੇ ਹੋਣ, ਉਨ੍ਹਾਂ ਦੀ ਇੱਛਾ ਕਿਊ ਨਹੀਂ ਪੂਰੀ ਹੋਵੇਗੀ। ਉਨ੍ਹਾਂ ਪੂਰੇ ਵਿਸ਼ਵਾਸ ਨਾਲ ਕਿਹਾ ਕਿ ਆਉਣ ਵਾਲੇ ਸਮੇਂ ‘ਚ ਸੰਤਾਂ ਦਾ ਫੁਰਨਾ ਅਵੱਸ਼ ਪੂਰਾ ਹੁੰਦਾ ਦੁਨੀਆ ਦੇਖੇਗੀ ।
ਆਉਣ ਵਾਲੇ ਸਮੇਂ ‘ਚ ਸੰਤਾਂ ਦਾ ਬਚਨ ਅਵੱਸ਼ ਪੂਰਾ ਹੁੰਦਾ ਦੁਨੀਆ ਦੇਖੇਗੀ : ਸੰਤ ਗਿਆਨੀ ਹਰਨਾਮ ਸਿੰਘ ਖਾਲਸਾ।
This entry was posted in ਪੰਜਾਬ.