ਅੰਮ੍ਰਿਤਸਰ – ਸਥਾਨਕ ਸਵਿਸ ਕਾਲੋਨੀਆਂ ( ਸਵਿਸ ਗਰੀਨ, ਸਵਿਸ ਲੈਂਡ) ਦੇ ਨਿਵਾਸੀਆਂ ਵੱਲੋਂ ਅੱਜ ਦੂਜੇ ਦਿਨ ਵੀ ਕਲੋਨੀਆਂ ਨੂੰ ਰੈਗੂਲਰ ਕਰਵਾਉਣ ਅਤੇ ਡਿਵੈਲਪਮੈਂਟ ਮਾਮਲਿਆਂ ਨੂੰ ਲੈ ਕੇ ਕਾਲੋਨਾਈਜਰਾਂ ਤੇ ਪ੍ਰਸ਼ਾਸਨ ਖਿਲਾਫ ਰੋਸ ਧਰਨਾ ਦਿੱਤਾ ਗਿਆ। ਉਨ੍ਹਾਂ ਕਮਿਸ਼ਨਰ ਅਤੇ ਪ੍ਰਸ਼ਾਸਕ ਪੁੱਡਾ ਤੋਂ ਡਿਵੈਲਪਮੈਂਟ ਦੇ ਮਾਮਲਿਆਂ ‘ਚ ਦਖ਼ਲ ਦੇਣ ਦੀ ਮੰਗ ਕਰਦਿਆਂ ਚਿਤਾਵਨੀ ਦਿੱਤੀ ਕਿ ਅਗਰ 10 ਦਿਨ ਤਕ ਡਿਵੈਲਪਮੈਂਟ ਸਮੇਤ ਮੰਗਾਂ ਨਾ ਮੰਨੀਆਂ ਗਈਆਂ ਤਾਂ ਸਵਿਸ ਕਾਲੋਨੀਜ ਵੈੱਲਫੇਅਰ ਐਸੋਸੀਏਸ਼ਨ ਵੱਲੋਂ ਜ਼ੋਰਦਾਰ ਸੰਘਰਸ਼ ਸ਼ੁਰੂ ਕੀਤਾ ਜਾਵੇਗਾ।
ਸਥਾਨਕ ਨਿਵਾਸੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਕਲੋਨੀ ‘ਚ ਵਿਕਾਸ ਨਾ ਹੋਣ ਕਾਰਨ ਮੁਸ਼ਕਲਾਂ ਦਾ ਵਾਧਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਉਕਤ ਕਲੋਨੀਆਂ ਦੀਆਂ ਸੜਕਾਂ ਆਦਿ ਬਣਾਉਣ ਲਈ ਕਲੋਨੀਆਂ ਨੂੰ ਰੈਗੂਲਰ ਕਰਵਾਉਣ ਲਈ ਸਰਕਾਰੀ ਦਫ਼ਤਰ ਦੇ ਅਧਿਕਾਰੀਆਂ ਵੱਲੋਂ ਬਾਰ-ਬਾਰ ਜ਼ੁਬਾਨੀ ਕਿਹਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਉਕਤ ਕਾਲੋਨੀਆਂ ਵੇਚੀਆਂ ਹਨ, ਜੇਕਰ ਕਲੋਨਾਈਜ਼ਰ ਵੱਲੋਂ ਉਕਤ ਕਾਲੋਨੀਆਂ ਨੂੰ ਰੈਗੂਲਰ ਕਰਵਾਇਆ ਜਾਣਾ ਬਣਦਾ ਹੈ ਤਾਂ ਉਹਨਾਂ ਦੇ ਪਲਾਟ ਜੋ ਅਜੇ ਵਿਕਣ ਵਾਲੇ ਹਨ , ਉਨ੍ਹਾਂ ਨੂੰ ਨਗਰ ਨਿਗਮ ਆਪਣੇ ਕਬਜ਼ੇ ਵਿੱਚ ਲੈ ਕੇ ਕਾਰਵਾਈ ਕਰੇ। ਅਤੇ ਕਲੋਨੀਆਂ ਨੂੰ ਰੈਗੂਲਰ ਕਰ ਕੇ ਡਿਵੈਲਪਮੈਂਟ ਦੇ ਕੰਮ ਤੁਰੰਤ ਕਰਵਾ ਦੇਵੇ। ਉਨ੍ਹਾਂ ਦੱਸਿਆ ਕਿ ਉਕਤ ਕਾਲੋਨੀਆਂ ਚ ਆਪਣੇ ਘਰ ਬਣਾਉਣ ਲਈ ਕਾਰਪੋਰੇਸ਼ਨ ਤੋਂ ਨਕਸ਼ੇ ਪਾਸ ਕਰਵਾਏ, ਐਨ ਓ ਸੀ ਸਰਟੀਫਿਕੇਟ ਜਾਰੀ ਕਰਵਾਏ, ਡਿਵੈਲਪਮੈਂਟ ਖ਼ਰਚੇ ਅਤੇ ਹੋਰ ਲੋੜੀਂਦੇ ਖ਼ਰਚ ਜਮਾਂ ਕਰਵਾਉਣ ਤੋਂ ਬਾਅਦ ਆਪਣੇ ਆਪਣੇ ਘਰ ਬਣਵਾਏ ਹਨ। ਕਲੋਨੀਆਂ ‘ਚ ਜ਼ਾਇਕਾ ਪ੍ਰੋਜੈਕਟ ਦੇ ਤਹਿਤ ਸੀਵਰੇਜ ਪੈ ਚੁੱਕਾ ਹੈ। ਵਾਟਰ ਸਪਲਾਈ ਕੁੱਝ ਹਿੱਸਾ ਪਿਆ ਹੈ ਤੇ ਬਹੁਤ ਸਾਰਾ ਪੈਣ ਵਾਲਾ ਬਾਕੀ ਹੈ। ਧਰਨਾਕਾਰੀਆਂ ਨੇ ਮੰਗ ਕੀਤੀ ਹੈ ਕਿ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਹਮਦਰਦੀ ਨਾਲ ਵਿਚਾਰਦਿਆਂ ਇਹਨਾਂ ਨੂੰ ਤੁਰੰਤ ਹੱਲ ਕਰਨ ਲਈ ਯਤਨ ਕੀਤਾ ਜਾਵੇ। ਇਸ ਮੌਕੇ ਡਾ: ਕਸ਼ਮੀਰ ਸਿੰਘ ਖੁੱਡਾ, ਪ੍ਰੋ: ਸਰਚਾਂਦ ਸਿੰਘ, ਗੁਰਸਾਹਿਬ ਸਿੰਘ, ਜਤਿੰਦਰ ਸਿੰਘ ਰੰਧਾਵਾ, ਸ: ਰਛਪਾਲ ਸਿੰਘ, ਦਿਲਬਾਗ ਸਿੰਘ, ਅਸ਼ੋਕ ਕੁਮਾਰ ਸ਼ਰਮਾ, ਅਸ਼ਵਨੀ ਕੁਮਾਰ, ਨਰਿੰਦਰ ਕੁਮਾਰ, ਜਸਬੀਰ ਸਿੰਘ, ਗੁਰਵਿੰਦਰ ਸਿੰਘ ਵਿਰਦੀ, ਗੁਰਜੀਤ ਸਿੰਘ ਔਲਖ, ਕਰਨਲ ਰਘਬੀਰ ਸਿੰਘ, ਦਿਲਬਾਗ ਸਿੰਘ, ਅਮੋਲਕ ਸਿੰਘ, ਬਲਰਾਜ ਸਿੰਘ, ਚਰਨਜੀਤ ਸਿੰਘ,ਕਰਨਬੀਰ ਸਿੰਘ ਮਾਨ, ਪ੍ਰੋ: ਬੀ ਐਸ ਰੰਧਾਵਾ, ਦਲਬੀਰ ਸਿੰਘ ਖਾਲਸਾ, ਬਲਬੀਰ ਸਿੰਘ ਅਤੇ ਦਵਿੰਦਰਪਾਲ ਸਿੰਘ ਆਦਿ ਮੌਜੂਦ ਸਨ।