ਆਦਮੀ ਦੇ ਖੂਨ ਦਾ ਹੀ ਹੈ ਪਿਆਸਾ ਆਦਮੀ।
ਵਕਤ ਤੇ ਕੁਝ ਹੈ ਹਲਾਤਾਂ ਤੋਂ ਨਿਰਾਸਾ ਆਦਮੀ।
ਜਿਸਮ ਦੀ ਹੈ ਜਦ ਕਦੇ ਵੀ ਲੋੜ ਨਾ ਪੂਰੀ ਹੋਈ,
ਹੋ ਗਿਆ ਹੈ ਵਕਤ ਓਸੇ ਹੀ ਹਤਾਸ਼ਾ ਆਦਮੀ।
ਲੋੜ ਪੈਂਦੀ ਹੈ ਜਦੋਂ ਇਸ ਨੂੰ ਕਿਸੇ ਤੀਕਰ ਉਦੋਂ,
ਲੋੜ ਤੋਂ ਵੀ ਵੱਧ ਮਿੱਠਾ ਤਦ ਪਤਾਸਾ ਆਦਮੀ।
ਮਿਲ ਰਿਹਾ ਨਾ ਭਾਲ ਤੇ ਵੀ ਹੁਣ ਕਦੇ ਛੇਤੀ ਕਿਤੇ,
ਆਖਦੇ ਸੀ ਜਿਸ ਕਿਸੇ ਨੂੰ ਸਭ ਖ਼ਲਾਸਾ ਆਦਮੀ।
ਬੋਲ ਮਿੱਠੇ ਬੋਲਣੇ ਦਿੰਦਾ ਸੁਨੇਹਾ ਹੈ ਸਦਾ,
ਗੱਲ ਵਿਗੜੇ ਜਦ ਕਦੇ ਚੁੱਕਦਾ ਗੰਡਾਸਾ ਆਦਮੀ।
ਹੌਂਸਲੇ ਦੇ ਨਾਲ ਤੁਰਦਾ ਟਾਲ ਕੇ ਹਰ ਹੀ ਬਲਾ
ਭੀੜ ਪੈਂਦੀ ਤਾਂ ਦਵੇ ਖੁਦ ਨੂੰ ਦਿਲਾਸਾ ਆਦਮੀ।
ਰੱਖਦਾ ਹੈ ਉਂਝ ਸਦਾ ਧੀਰਜ ਬਣਾਕੇ ਹੀ ਬੜਾ,
ਲੋੜ ਪੈਂਦੀ ਹੈ ਉਦੋਂ ਬੰਨ੍ਹਦਾ ਮੰਡਾਸਾ ਆਦਮੀ।