ਮੁੱਢ ਤੋਂ ਹੀ ਕਿਸਾਨ ਜਿਸ ਨੂੰ ਅੰਨਦਾਤਾ ਤੇ ਜਗ ਦਾ ਪਾਲਣਹਾਰ ਕਿਹਾ ਜਾਂਦਾ ਹੈ। ਵਿਸਾਖੀ ਦੇ ਮੇਲੇ ਤੋਂ ਪਹਿਲਾਂ ਹੀ ਕਿਸਾਨ ਦੇ ਘਰ ਖੁਸ਼ੀਆਂ ਦੀ ਲਹਿਰ ਦੌੜ ਸ਼ੁਰੂ ਹੋ ਜਾਂਦੀ ਹੈ। ਕਣਕ ਦੀ ਵਢਾਈ ਦੇ ਨਾਲ ਹੀ ਸੁਨਿਹਰੀ ਫਸਲ ਨਾਲ ਲੱਧੇ ਖੇਤਾਂ ਵਿਚ ਟਰਾਲੀਆਂ, ਟਰੈਕਟਰਾਂ, ਕੰਮੀਆਂ-ਮਜਦੂਰਾਂ ਦੀਆਂ ਰੌਣਕਾਂ ਸ਼ੁਰੂ ਹੋ ਜਾਂਦੀਆਂ ਹਨ। ਇਸ ਦੇ ਨਾਲ ਹੀ ਸ਼ੁਰੂ ਹੁੰਦਾ ਹੈ, ਧੂੜ, ਗਰਦੇ ਤੇਂ ਰਹਿੰਦ ਖੂੰਹਦ ਨੂੰ ਅੱਗ ਲਾਉਣ ਦਾ ਸਿਲਸਲਾ ਜੋ ਕਿ ਲੰਮੇ ਸਮੇਂ ਤੱਕ ਚਲਦਾ ਹੈ ਜਿਸ ਨਾਲ ਵਾਤਾਵਰਨ ਗੰਧਲਾ ਤੇ ਪਰਦੂਸ਼ਤ ਹੋਣ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੰਦਾ ਹੈ। ਕਿਸਾਨ ਆਪਣੇ ਥੋੜੇ ਜਿਹੇ ਲਾਭ ਤੇ ਖੇਚਲ ਤੋਂ ਬਚਣ ਲਈ ਖੇਤਾਂ ਵਿਚਲ ਬੁੱਥਿਆਂ ਨੂੰ ਅੱਗ ਲਗਾ ਦਿੰਦੇ ਹਨ ਤਾਂ ਜੋ ਵਾਧੂ ਤੇਲ ਪੈਟਰੋਲ ਜਾਂ ਖੇਤ ਦੀ ਵਹਾਈ ਤੋਂ ਬਚਿਆ ਜਾ ਸਕੇ ਪਰ ਉਸਨੂੰ ਇਸ ਚੀਜ ਦਾ ਜਰਾ ਵੀ ਇਲਮ ਨਹੀ ਰਹਿੰਦਾ ਕਿ ਇਸ ਤਰਾਂ ਕਰਨ ਨਾਲ ਉਸਦੇ ਆਪਣੇ ਪਰਿਵਾਰ, ਸੰਸਾਰ ਤੇ ਸਮਾਜ ਦਾ ਕਿੰਨਾ ਨੁਕਸਾਨ ਹੁੰਦਾ ਹੈ। ਇਹ ਨੁਕਸਾਨ ਥੁੜ ਚਿਰਾ ਨਹੀ ਸਗੋਂ ਸਦੀਆਂ ਸਾਨੂੰ ਪਿਛੇ ਲਿਜਾ ਸਕਦਾ ਹੈ। ਬੇਸ਼ੱਕ ਸਰਕਾਰ ਵਲੋਂ ਫਸਲਾਂ ਤੋ ਬਚਦੀ ਰਹਿੰਦ ਖੂੰਹਦ ਨੂੰ ਅੱਗ ਲਾਉਣ ਤੋਂ ਰੋਕਣ ਲਈ ਕਈ ਹੁਕਮ, ਜੁਰਮਾਨੇ ਲਗਾਏ ਜਾਂਦੇ ਹਨ। ਪਰ ਫੇਰ ਵੀ ਬਹੁਤੇਰੇ ਲੋਕ ਇਸਦੀ ਪਰਵਾਹ ਨਹੀ ਕਰਦੇ ਦਿਸਦੇ। ਖੇਤਾਂ ਵਿਚਲੀ ਨਾੜ ਨੂੰ ਅੱਗ ਲਗਾਉਣ ਨਾਲ ਕਈ ਤਰਾਂ ਦੇ ਨੁਕਸਾਨ ਹੁੰਦੇ ਹਨ ਜਿਵੇਂ ਕਿ ਕਿਸਾਨਾਂ ਦੇ ਮਿਤਰ ਕੀੜੇ ਜੋ ਕਿ ਖੇਤਾਂ ਵਿਚੋਂ ਹੀ ਅੰਨ ਦਾਣੇ ਤੇ ਪਾਣੀ ਅਦਿ ਪੀ ਕੇ ਜੀਵਨ ਜਿਊਂਦੇ ਹਨ, ਦਾ ਸਦਾ ਲਈ ਖਾਤਮਾਂ ਹੋ ਜਾਂਦਾ ਹੈ। ਇਸ ਤਰਾਂ ਹੀ ਜੋ ਪੰਛੀ ਆਪਣੇ ਆਲਣੇ ਖੇਤਾਂ ਵਿਚਲੀ ਭੌਂ ਤੇ ਬਣਾਉਦੇ ਹਨ ਦੇ ਆਲਣੇ, ਆਂਡੇ ਤੇ ਬੱਚੇ ਇਸ ਅੱਗ ਤੇ ਸੇਕ ਵਿਚ ਸੜ ਕੇ ਸੁਆਹ ਹੋ ਜਾਂਦੇ ਹਨ, ਉਦਾਹਨ ਦੇ ਤੌਰ ਤੇ ਟਟਹਿਰੀ ਪੰਛੀ ਮੁੱਖ ਤੌਰ ਤੇ ਹੈ। ਇਸ ਤਰਾਂ ਸੜਕਾਂ ਕਿਨਾਰੇ ਲੱਗੇ ਰੁੱਖਾਂ ਤੇ ਆਲਣੇ ਪਾਏ ਪੰਛੀਆਂ ਦਾ ਜੀਵਨ ਵੀ ਖਤਮ ਹੋ ਜਾਂਦਾ ਹੈ। ਇਸ ਸਭ ਦਾ ਪਾਪ ਖੇਤਾਂ ਵਿਚਲੇ ਅੱਗ ਲਗਾਉਣ ਵਾਲੇ ਕਿਸਾਂਨ ਭਰਾਵਾਂ ਤੇ ਜਾਂਦਾ ਹੈ। ਜੀਵਨ ਦਾ ਸਮਤੋਲ ਰੱਖਣ ਵਾਲੇ ਪੰਛੀ ਤੇ ਰੁੱਖ ਜੋ ਕਿ ਅਣਮੁੱਲੀ ਆਕਸੀਜਨ ਮਹੱਈਆ ਕਰਵਾਉਂਦੇ ਹਨ, ਜੋ ਕਿ ਮਨੁੱਖੀ ਜੀਵਨ ਦਾ ਮੁੱਖ ਅਧਾਰ ਹੈ, ਇਨਾਂ ਰੁੱਖਾਂ ਤੋ ਹੀ ਮਿਲਦੀ ਹੈ।
ਖੇਤਾਂ ਵਿਚਲੀ ਅੱਗ ਵਾਤਾਵਰਨ ਵਿਚਲੀ ਤਪਸ਼ ਵਧਾਉਂਦੀ ਹੈ ਤੇ ਜਹਿਰੀਲੀਂ ਗੈਸਾਂ ਵਿਚ ਵਿਚ ਵੀ ਵਾਧਾ ਕਰਦੀ ਹੈ। ਇਸ ਨਾਲ ਪਸ਼ੂ ਪੰਛੀਆਂ, ਮਿਤਰ ਕੀੜੇ ਮਕੌੜਿਆਂ, ਛੋਟੇ ਬੱਚਿਆਂ ਤੇ ਬਜੁਰਗਾਂ ਦਾ ਬੁਰਾ ਹਾਲ ਹੋ ਜਾਂਦਾ ਹੈ। ਉਨਾਂ ਲਈ ਸਾਹ ਲੈਣਾ ਔਖਾ ਹੋ ਜਾਂਦਾ ਹੈ, ਉਹ ਬਿਮਾਰ ਹੋ ਜਾਂਦੇ ਹਨ। ਇਸ ਦੇ ਨਾਲ ਖੇਤਾ ਵਿਚਲੇ ਰਸਤੇ-ਪਹਿਆਂ ਤੇ ਸ਼ੜਕਾਂ ਤੋਂ ਗੁਜਰਨਾ ਮੁਸ਼ਕਲ ਹੋ ਜਾਂਦਾ ਹੈ। ਸੰਘਣਾ ਜਹਿਰੀਲੇ ਧੂੰਆਂ ਰਸਤੇ ਬਲੌਕ ਕਰ ਦਿੰਦਾ ਹੈ। ਜਿਸ ਨਾਲ ਦੁਰਘਟਨਾਵਾਂ ਵੀ ਹੋ ਜਾਂਦੀਆਂ ਹਨ ਤੇ ਜਾਨੀ ਤੇ ਮਾਲੀ ਨੁਕਸਾਨ ਹੁੰਦੇ ਹਨ। ਪਿੱਪਲ, ਬੋਹੜ ਤੇ ਨਿੰਮ ਆਦਿ ਰੁੱਖ ਜੋ ਕਿ ਸਭ ਤੋਂ ਜਿਆਦਾ ਆਕਸੀਜਨ ਪੈਦਾ ਕਰਦੇ ਹਨ ਤੇ ਧਰਤੀ ਤੇ ਜੀਵਨ ਦੇ ਅਧਾਰ ਤਾ ਸਭ ਤੋਂ ਵੱਡਾ ਹਿੱਸਾ ਹਨ।ਸਾਨੂੰ ਇਨਾਂ ਰੁੱਖਾਂ ਦਾ ਧੰਨਵਾਦੀ ਤੇ ਸ਼ੁਕਰਗੁਜਾਰ ਹੋਣਾ ਚਾਹੀਦਾ ਹੈ। ਹਰ ਮਨੁੱਖ ਨੂੰ ਹਿੱਸੇ ਆਉਦੀ ਧਰਤ-ਜਮੀਨ ਚਾਹੇ ਉਹ ਘਰ, ਬਾਹ ਜਾਂ ਜਨਤਕ ਸਥਾਨ ਤੇ ਹੋਵੇ, ਉਪਰ ਰੁੱਖ ਲਗਾਉਣੇ ਚਾਹੀਦੇ ਹਨ। ਪੰਜਾਬ ਸਰਕਾਰ ਦਾ ਕੁਦਰਤ ਪ੍ਰਤੀ ਬਹੁਤ ਹੀ ਵਡਮੁੱਲਾ ਯੋਗਦਾਨ ਹੈ ਕਿ ਉਸ ਵਲੋਂ ਪਿਛਲੇ ਸਾਲ ਆਈ ਹਰਿਆਲੀ ਨਾਮ ਦੀ ਐਪ ਸ਼ੁਰੂ ਕੀਤੀ ਗਈ ਜਿਸ ਨਾਲ ਕੋਈ ਵੀ ਵਿਅਕਤੀ ਆਰਡਰ ਪੋਸਟ ਕਰਕੇ ਆਪਣੀ ਲੋੜ ਮੁਤਾਬਕ ਰੁੱਖ ਮੁਫਤ ਲੈ ਕੇ ਬੀਜ ਸਕਦਾ ਹੈ ਤੇ ਧਰਤੀ ਨੂੰ ਹਰਿਆ ਭਰਿਆ ਰੱਖਣ ਲਈ ਆਪਣਾ ਯੋਗਦਾਨ ਦੇ ਸਕਦਾ ਹੈ। ਯਾਦ ਰੱਖਣਾ ਕਿ ਅਗਰ ਅਸੀਂ ਕੁਦਰਤ ਨੂੰ ਥੋੜਾ ਆਸਾਰ ਦੇਵਾਂਗੇ ਤਾਂ ਉਹ ਸਾਨੂੰ ਮਨਾਂ ਮੂੰਹੀ ਪਿਆਰ ਦੇਵੀਗੀ ਤੇ ਜੀਵਨ ਦਾ ਅਧਾਰ ਬਣਾਈ ਰੱਖੇਗੀ। ਅਜੋਕੇ ਦੌਰ ਵਿਚ ਜੋ ਕੋਵਿਡ ਦੇ ਜਾਨ ਲੇਵਾ ਵਾਇਰਸ ਦੀ ਲਹਿਰ ਚੱਲ ਰਹੀ ਹੈ। ਇਸ ਤੋਂ ਸਾਨੂੰ ਸਬਕ ਸਿੱਖਣ ਦੀ ਲੋੜ ਹੈ ਕਿ ਕੁਦਰਤ ਤੋ ਵੱਡਾ ਕੋਈ ਵੀ ਬਲਵਾਨ ਨਹੀ ਹੈ। ਪਿਛਲੇ ਸਾਲ ਦੇ ਕੁਝ ਕੁ ਮਹੀਨਿਆਂ ਦੇ ਲੋਕ ਡਾਊਨ ਨਾਲ ਵਾਤਾਵਰਨ ਬਹੁਤ ਸਾਫ ਤੇ ਸ਼ੁਧ ਹੋ ਗਿਆ ਸੀ ਜਿਸ ਨਾਲ ਕਈ ਸ਼ਹਿਰਾਂ ਵਿਚ ਜਾਨਵਰ ਖੁਲੇਆਮ ਸੜਕਾਂ ਤੇ ਘਰਾਂ ਦੇ ਲਾਗੇ ਬਾਹਰ ਖੁਲੇਆਮ ਘੁੰਮਦੇ ਵੇਖਿਆ ਗਿਆ। ਇੰਟਰਨੈਟ ਉਪਰ ਵਾਤਾਵਰਨ ਸਾਫ ਹੋਣ ਨਾਲ ਨੀਲੇ ਗੂੜੇ ਅਕਾਸ਼ ਦੀਆਂ ਫੋਟੋਜ ਸਾਰੇ ਸੰਸਾਰ ਵਿਚ ਸ਼ੇਅਰ ਕਰਦਿਆਂ ਲੋਕਾਂ ਨੂੰ ਦੇਖਿਆ ਗਿਆ। ਇਸ ਸਭ ਦਾ ਸਿੱਧਾ ਅਰਥ ਹੈ ਕਿ ਲਾਕ ਡਾਊਨ ਨਾਲ ਗੱਡੀਆਂ ਮੋਟਰਾਂ, ਕਾਰਖਾਨੇ ਬੰਦ ਰਹੇ ਜਿਸ ਨਾਲ ਵਾਤਾਵਰਨ ਦੂਸ਼ਿਤ ਹੋਣੋ ਬਚਿਆ ਰਿਹਾ ਤੇ ਕੁਦਰਤ ਖਿਲਖਿਲਾਉਦੀ ਦਿਸੀ।
ਮੁੱਕਦੀ ਗੱਲ ਇਹ ਹੈ ਕਿ ਜੇਕਰ ਅਸੀ ਰੁੱਖ ਨਹੀ ਲਗਾਉਦੇਂ ਤਾਂ ਸਾਨੂੰ ਜੀਵਨ ਦੀ ਕੋਈ ਹੋਂਦ ਨਹੀ ਰਹੇਗੀ। ਯਾਦ ਰੱਖਣਾ ਰੁੱਖ ਹੈ ਤਾਂ ਸੁੱਖ ਹੈ। ਰੁੱਖਾਂ ਦੀ ਅਣਹੋਂਦ ਵਿਚ ਜੀਵਨ ਦੀ ਆਸ ਬਿਲਕੁਲ ਨਹੀ ਕੀਤੀ ਜਾ ਸਕਦੀ। ਜੇਕਰ ਜੀਵਨ ਬਚਾਉਣਾ ਹੈ ਤਾਂ ਵਾਤਾਵਰਨ ਬਚਾਉਣਾ ਪਵੇਗਾ। ਵਾਤਾਵਰਨ ਬਚਾਉਣਾ ਹੈ ਤਾਂ ਖੇਤਾਂ ਵਿਚਲੇ ਨਾੜ ਤੇ ਰਹਿੰਦ ਖੂੰਹਦ ਨੂੰ ਅੱਗ ਨਹੀ ਲਗਾਉਣੀ ਚਾਹੀਦੀ ਜਿਸ ਨਾਲ ਰੁੱਖਾਂ ਤੇ ਪਸ਼ੂ ਜੀਵ ਜੰਤੂਆਂ ਦੇ ਜੀਵਨ ਦੀ ਰੱਖਿਆ ਕੀਤੀ ਜਾ ਸਕੇ।