ਗਲਾਸਗੋ/ ਮਾਨਚੈਸਟਰ, (ਮਨਦੀਪ ਖੁਰਮੀ ਹਿੰਮਤਪੁਰਾ) – ਮਾਨਚੈਸਟਰ ਵਿੱਚ ਸ਼ਾਹੀ ਠਾਠ ਬਾਠ ਨਾਲ ਜਿੰਦਗੀ ਬਿਤਾਉਣ ਵਾਲਾ ਇੱਕ ਵਿਅਕਤੀ ਨਸ਼ਿਆਂ ਦੇ ਮਾਮਲੇ ਵਿੱਚ ਜੇਲ੍ਹ ਦੀ ਸਜਾ ਹੋਣ ਦਾ ਸਾਹਮਣਾ ਕਰ ਰਿਹਾ ਹੈ। 40 ਸਾਲਾਂ ਅਰਮ ਸ਼ੀਬਾਨੀ ਨੂੰ ਕੋਕੀਨ ਦੀ ਤਸ਼ਕਰੀ ਵਿੱਚ ਸ਼ਾਮਲ ਹੋਣ ਦੇ ਨਾਲ ਨਾਲ ਹੋਰ ਕਈ ਅਪਰਾਧਿਕ ਗਤੀਵਿਧੀਆਂ ਵਿੱਚ ਦੋਸ਼ੀ ਪਾਇਆ ਗਿਆ ਹੈ। ਮਾਨਚੇਸਟਰ ਦੇ ਰਹਿਣ ਵਾਲੇ ਸ਼ੀਬਾਨੀ ਕੋਲ 5 ਮਿਲੀਅਨ ਪੌਂਡ ਦੀ ਜਾਇਦਾਦ ਹੈ। ਜਿਸ ਵਿੱਚ ਲੰਡਨ ਦੇ ਕੇਨਸਿੰਗਟਨ ‘ਚ 1.74 ਮਿਲੀਅਨ ਪੌਂਡ ਦਾ ਅਪਾਰਟਮੈਂਟ ਵੀ ਸ਼ਾਮਲ ਸੀ। ਮੈਨਚੇਸਟਰ ਕ੍ਰਾਊਨ ਕੋਰਟ ਅਨੁਸਾਰ ਪੁਲਿਸ ਨੇ ਉਸ ਕੋਲੋਂ 1 ਮਿਲੀਅਨ ਪੌਂਡ ਤੋਂ ਵੱਧ ਦੀ ਨਕਦੀ ਪ੍ਰਾਪਤ ਕੀਤੀ ਹੈ। ਦਸਤਾਵੇਜ਼ਾਂ ਅਨੁਸਾਰ ਸ਼ੀਬਾਨੀ ਨੇ ਵਿਸ਼ਵ ਪੱਧਰ ‘ਤੇ ਯਾਤਰਾ ਕੀਤੀ ਹੈ ਅਤੇ ਵੱਖ ਵੱਖ ਮਹਿੰਗੀਆਂ ਕਾਰਾਂ ਬੈਂਟਲੇ ਅਤੇ ਪੋਰਸ਼ ਆਦਿ ਰੱਖਣ ਦੇ ਨਾਲ ਆਪਣੀ ਕਾਸਮੈਟਿਕ ਸਰਜਰੀ ਵਿੱਚ ਵੀ ਭਾਰੀ ਪੈਸਾ ਨਿਵੇਸ਼ ਕੀਤਾ ਹੈ। ਹਾਲਾਂਕਿ ਉਸਨੇ ਦਾਅਵਾ ਕੀਤਾ ਹੈ ਕਿ ਉਸਦੀ ਦੌਲਤ ਜਾਇਜ਼ ਸਰੋਤਾਂ ਤੋਂ ਆਈ ਹੈ, ਪਰ ਵਕੀਲਾਂ ਅਨੁਸਾਰ ਉਸਦੀ ਦੌਰਾਨ ਅਪਰਾਧ ਦੁਆਰਾ ਕਮਾਏ ਪੈਸੇ ਨਾਲ ਇਕੱਠੀ ਹੋਈ ਹੈ। ਉਸਨੇ ਆਪਣੀ ਝੂਠੀ ਘੋਸ਼ਿਤ ਕੀਤੀ ਹੋਈ ਕਮਾਈ ਨੂੰ ਸਾਬਤ ਕਰਨ ਲਈ, ਜਾਅਲੀ ਬੈਂਕ ਸਟੇਟਮੈਂਟਾਂ ਅਤੇ ਹੋਰ ਦਸਤਾਵੇਜ਼ ਬਣਾਏ। ਇਸਦੇ ਇਲਾਵਾ ਉਹ ਟੈਕਸ ਦੇਣ ਵਿੱਚ ਵੀ ਅਸਫਲ ਰਿਹਾ ਹੈ। ਇਸ ਮਾਮਲੇ ਵਿੱਚ ਕਾਰਵਾਈ ਕਰਦਿਆਂ ਅਧਿਕਾਰੀਆਂ ਨੇ ਬੋਡਨ ਵਿਖੇ ਉਸ ਦੇ ਲਗਜ਼ਰੀ ਅਪਾਰਟਮੈਂਟ ‘ਤੇ ਛਾਪਾ ਮਾਰ ਕੇ ਕੁੱਝ ਉਪਕਰਨ ਬਰਾਮਦ ਕੀਤੇ ਜੋ ਉੱਚ ਪੱਧਰੀ ਅਪਰਾਧੀ ਵਰਤੋਂ ਕਰਦੇ ਹਨ। ਪੁਲਿਸ ਨੂੰ ਇੱਕ ਕੈਮਰੇ ਵਿਚੋਂ ਸ਼ੁੱਧ ਕੋਕੀਨ ਦੀ ਤਸਵੀਰ ਵੀ ਮਿਲੀ ਅਤੇ ਉਹਨਾਂ ਦੇ ਫੋਨਾਂ ਵਿੱਚੋਂ ਮਿਲੀ ਜਾਣਕਾਰੀ ਨੇ ਉਸਦੇ ਤਸ਼ਕਰੀ ਵਿੱਚ ਸ਼ਾਮਲ ਹੋਣ ਦੇ ਸੰਕੇਤ ਦਿੱਤੇ। ਇਸ ਵਿਅਕਤੀ ਨੇ ਨਸ਼ਾ ਲੈਣਾ ਸਵੀਕਾਰ ਕੀਤਾ ਪਰ ਨਸ਼ਾ ਡੀਲਰ ਹੋਣ ਤੋਂ ਇਨਕਾਰ ਕਰ ਦਿੱਤਾ। ਪਰ ਜਿਊਰੀ ਨੇ ਉਸ ਦੀਆਂ ਸਭ ਦਲੀਲਾਂ ਨੂੰ ਰੱਦ ਕਰ ਦਿੱਤਾ। ਇਸ ਮਾਮਲੇ ਵਿੱਚ ਸ਼ੀਬਾਨੀ ਨੂੰ ਵੀਰਵਾਰ ਨੂੰ ਸਜਾ ਸੁਣਾਈ ਜਾਵੇਗੀ, ਜਿਸ ਵਿੱਚਕੋਈ ਉਹ ਲੰਮੇ ਸਮੇਂ ਲਈ ਅੰਦਰ ਜਾ ਸਕਦਾ ਹੈ।
ਯੂਕੇ : ਸ਼ਾਹੀ ਜਿੰਦਗੀ ਬਤੀਤ ਕਰਨ ਵਾਲਾ ਨਸ਼ਾ ਤਸ਼ਕਰ ਕਰੇਗਾ ਜੇਲ੍ਹ ਦੀ ਸਜ਼ਾ ਦਾ ਸਾਹਮਣਾ
This entry was posted in ਅੰਤਰਰਾਸ਼ਟਰੀ.