ਗਲਾਸਗੋ/ ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਅਤੇ ਉਹਨਾਂ ਦੀ ਪਤਨੀ ਫਸਟ ਲੇਡੀ ਜਿਲ ਬਾਈਡੇਨ ਨੇ ਕੋਰਨਵਾਲ ਵਿਚਲੇ ਸਿਖਰ ਸੰਮੇਲਨ ਤੋਂ ਬਾਅਦ ਵਿੰਡਸਰ ਕੈਸਲ ਵਿਖੇ ਮਹਾਰਾਣੀ ਐਲਿਜਾਬੈਥ ਨਾਲ ਮੁਲਾਕਾਤ ਕੀਤੀ ਹੈ। ਬਾਈਡੇਨ ਦੇ ਇਸ ਦੌਰੇ ਵਿੱਚ ਗਾਰਡ ਆਫ ਆਨਰ ਅਤੇ ਰਾਣੀ ਨਾਲ ਚਾਹ ਸ਼ਾਮਲ ਸੀ। ਜੋਅ ਬਾਈਡੇਨ ਨੇ ਕਿਹਾ ਕਿ ਮਹਾਰਾਣੀ ਨੇ ਉਹਨਾਂ ਨੂੰ ਉਸਦੀ ਮਾਂ ਦੀ ਯਾਦ ਦਿਵਾ ਦਿੱਤੀ ਅਤੇ ਰਾਸ਼ਟਰਪਤੀ ਨੇ ਮਹਾਰਾਣੀ ਨੂੰ ਵ੍ਹਾਈਟ ਹਾਊਸ ਆਉਣ ਦਾ ਸੱਦਾ ਵੀ ਦਿੱਤਾ। ਜੀ 7 ਸੰਮੇਲਨ ਦੌਰਾਨ ਵੀ ਰਾਣੀ ਨੇ ਈਡਨ ਪ੍ਰੋਜੈਕਟ ਵਿਖੇ ਰਿਸੈਪਸ਼ਨ ਵਿੱਚ ਵੀ ਬਾਈਡੇਨ ਨਾਲ ਮੁਲਾਕਾਤ ਕੀਤੀ ਸੀ। ਬਾਈਡੇਨ ਨੇ ਨਿਊਕਵੇ, ਕੋਰਨਵਾਲ ਤੋਂ ਲੰਡਨ ਦੇ ਹੀਥਰੋ ਹਵਾਈ ਅੱਡੇ ਦੀ ਯਾਤਰਾ ਏਅਰ ਫੋਰਸ ਵਨ ਰਾਹੀਂ ਕੀਤੀ ਅਤੇ ਵਿੰਡਸਰ ਲਈ ਮਰੀਨ 1 ਹੈਲੀਕਾਪਟਰ ਦੀ ਸਵਾਰੀ ਕੀਤੀ। ਵਿੰਡਸਰ ਕੈਸਲ ਵਿਖੇ ਕੁਈਨ ਦੀ ਫਸਟ ਬਟਾਲੀਅਨ ਗ੍ਰੇਨਾਡੀਅਰ ਗਾਰਡਜ਼ ਦੁਆਰਾ ਗਾਰਡ ਆਫ ਆਨਰ ਨੇ ਰਾਇਲ ਸਲਾਮੀ ਦਿੱਤੀ ਅਤੇ ਇਸ ਦੌਰਾਨ ਅਮਰੀਕਾ ਦਾ ਰਾਸ਼ਟਰੀ ਗੀਤ ਵੀ ਗਾਇਆ ਗਿਆ। ਬਾਈਡੇਨ ਨੇ ਗਾਰਡ ਆਫ਼ ਆਨਰ ਦੇ ਕਮਾਂਡਿੰਗ ਅਧਿਕਾਰੀ ਮੇਜਰ ਜੇਮਜ਼ ਟੇਲਰ ਅਤੇ ਮੇਜਰ ਜਨਰਲ ਕ੍ਰਿਸਟੋਫਰ ਘਿਕਾ ਨਾਲ ਮਿਲਟਰੀ ਮਾਰਚ-ਪੋਸਟ ਨੂੰ ਵੇਖਣ ਲਈ ਮੰਚ ਪਰਤਣ ਤੋਂ ਪਹਿਲਾਂ, ਗਾਰਡ ਆਫ ਆਨਰ ਦਾ ਮੁਆਇਨਾ ਕੀਤਾ ਅਤੇ ਮਹਿਲ ਦੇ ਓਕ ਕਮਰੇ ਵਿੱਚ ਚਾਹ ਦਾ ਆਨੰਦ ਲਿਆ। ਆਪਣੀ ਇਸ ਫੇਰੀ ਦੌਰਾਨ ਰਾਸ਼ਟਰਪਤੀ ਨੇ ਮਹਿਲ ਦੇ ਅੰਦਰ ਲੱਗਭਗ 40 ਮਿੰਟ ਬਿਤਾਏ।
ਯੂਕੇ:ਮਹਾਰਾਣੀ ਐਲਿਜਾਬੈਥ ਨੇ ਕੀਤੀ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨਾਲ ਮੁਲਾਕਾਤ
This entry was posted in ਅੰਤਰਰਾਸ਼ਟਰੀ.