ਫ਼ਤਹਿਗੜ੍ਹ ਸਾਹਿਬ – “ਇਸ ਮੁਲਕ ਦੇ ਹਰ ਖੇਤਰ ਵਿਚ ਮੂਹਰਲੀਆ ਕਤਾਰਾਂ ਵਿਚ ਹੋ ਕੇ ਉਦਮ ਕਰਨ ਵਾਲੀ, ਮੁਲਕ ਦੀਆਂ ਸਰਹੱਦਾਂ ਉਤੇ ਰਾਖੀ ਕਰਦੇ ਹੋਏ 90% ਕੁਰਬਾਨੀਆਂ ਦੇਣ ਵਾਲੀ ਅਤੇ ਬਿਨ੍ਹਾਂ ਕਿਸੇ ਜਾਤ-ਪਾਤ, ਊਚ-ਨੀਚ, ਅਮੀਰ-ਗਰੀਬ ਆਦਿ ਸਮਾਜਿਕ ਵਿਤਕਰਿਆ ਨੂੰ ਚੁਣੋਤੀ ਦੇ ਕੇ ਸਰਬੱਤ ਦਾ ਭਲਾ ਚਾਹੁੰਣ ਵਾਲੀ ਸਿੱਖ ਕੌਮ ਦੇ ਕੌਮਾਂਤਰੀ ਸਤਿਕਾਰਿਤ ਅਕਸ ਨੂੰ ਧੁੰਦਲਾ ਅਤੇ ਬਦਨਾਮ ਕਰਨ ਲਈ ਮੁਕਾਰਤਾ ਨਾਲ ਭਰਿਆ ਹੁਕਮਰਾਨ ਅਤੇ ਇਥੋਂ ਦਾ ਮੀਡੀਆ, ਅਖ਼ਬਾਰ ਗਰਮਦਲੀਏ, ਸਰਾਰਤੀ ਅਨਸਰ, ਅਤਿਵਾਦੀ, ਵੱਖਵਾਦੀ ਆਦਿ ਅਤੇ ਹੁਣ ਗੈਂਸਸਟਰ ਦਾ ਸ਼ਬਦ ਵਰਤਦੇ ਆ ਰਹੇ ਹਨ । ਜੋ ਗੁਰੂ ਸਾਹਿਬਾਨ ਦੁਆਰਾ ਸਮੁੱਚੀ ਮਨੁੱਖਤਾ ਦੀ ਬਿਹਤਰੀ ਲਈ ਸਾਜੀ-ਨਿਵਾਜੀ ਸਿੱਖ ਕੌਮ ਨੂੰ ਇੰਝ ਪੇਸ਼ ਕਰਨ ਦੀ ਗੁਸਤਾਖੀ ਕਰਦੇ ਆ ਰਹੇ ਹਨ ਜਿਵੇਂ ਸਭ ਬੁਰਾਈਆ ਨੂੰ ਜਨਮ ਦੇਣ ਵਾਲੀ ਸਿੱਖ ਕੌਮ ਹੋਵੇ । ਜਦੋਂਕਿ ਜੇਕਰ ਇਥੇ ਕੋਈ ਥੋੜੀ-ਬਹੁਤੀ ਇਨਸਾਨੀਅਤ, ਸੱਚ-ਹੱਕ ਉਤੇ ਪਹਿਰਾ ਦੇਣ ਅਤੇ ਹਰ ਤਰ੍ਹਾਂ ਦੇ ਜ਼ਬਰ-ਜੁਲਮ ਵਿਰੁੱਧ ਦ੍ਰਿੜਤਾ ਨਾਲ ਆਵਾਜ਼ ਉਠਾਉਣ ਦੀ ਗੱਲ ਹੈ, ਤਾਂ ਉਹ ਕੇਵਲ ਤੇ ਕੇਵਲ ਸਿੱਖ ਕੌਮ ਵਿਚ ਹੀ ਹੈ । ਇਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਫਿਰਕੂ ਹੁਕਮਰਾਨਾਂ, ਮੀਡੀਏ ਅਤੇ ਅਖ਼ਬਾਰਾਂ ਨੂੰ ਖ਼ਬਰਦਾਰ ਕੀਤਾ ਜਾਂਦਾ ਹੈ ਕਿ ਉਹ ਸਿੱਖ ਕੌਮ ਲਈ ਬਦਨਾਮਨੁੰਮਾ ਨਾਮ ਦੀ ਵਰਤੋਂ ਕਰਨ ਤੋਂ ਤੁਰੰਤ ਬਾਜ ਆਉਣ । ਕਿਉਂਕਿ ਅਸੀਂ ਅਜਿਹੀ ਇਜਾਜਤ ਕਿਸੇ ਵੀ ਤਾਕਤ ਜਾਂ ਅਦਾਰੇ ਨੂੰ ਨਹੀਂ ਦੇਵਾਂਗੇ । ਜੇਕਰ ਸਾਡੇ ਵੱਲੋਂ ਦਿੱਤੀ ਗਈ ਚੇਤਾਵਨੀ ਦੇ ਬਾਵਜੂਦ ਵੀ ਹੁਕਮਰਾਨ, ਹਿੰਦੂਤਵ ਪੱਖੀ ਅਫ਼ਸਰਸ਼ਾਹੀ, ਮੀਡੀਆ ਜਾਂ ਅਖ਼ਬਾਰਾਂ ਨੇ ਇਸ ਸਿੱਖ ਵਿਰੋਧੀ ਨਫ਼ਰਤ ਫੈਲਾਉਣ ਵਾਲੇ ਵਰਤਾਰੇ ਨੂੰ ਬੰਦ ਨਾ ਕੀਤਾ ਤਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਨੂੰ ਆਪਣੀਆ ਕੌਮੀ ਮਹਾਨ ਰਵਾਇਤਾ ਅਨੁਸਾਰ ਕਾਰਵਾਈ ਕਰਨ ਲਈ ਮਜ਼ਬੂਰ ਹੋਣਾ ਪਵੇਗਾ । ਜਿਸਦੇ ਮਾਰੂ ਨਤੀਜਿਆ ਲਈ ਮੌਜੂਦਾ ਸੈਂਟਰ, ਪੰਜਾਬ ਦੇ ਹੁਕਮਰਾਨ, ਮੁਤੱਸਵੀ ਫਿਰਕੂ ਜਮਾਤਾਂ ਅਤੇ ਉਨ੍ਹਾਂ ਪੱਖੀ ਅਖ਼ਬਾਰ ਅਤੇ ਮੀਡੀਆ ਹੋਵੇਗਾ ।”
ਇਹ ਚੇਤਾਵਨੀ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਇੰਡੀਆ ਦੇ ਫਿਰਕੂ ਹੁਕਮਰਾਨਾਂ, ਹਿੰਦੂਤਵ ਪੱਖੀ ਅਫ਼ਸਰਸ਼ਾਹੀ, ਮੀਡੀਏ ਅਤੇ ਅਖ਼ਬਾਰਾਂ ਨੂੰ ਆਪਣੇ ਵੱਲੋਂ ਕੀਤੀ ਜਾ ਰਹੀ ਗੁਸਤਾਖੀ ਦਾ ਅੰਤ ਕਰਨ ਦੀ ਨੇਕ ਸਲਾਹ ਦਿੰਦੇ ਹੋਏ ਅਤੇ ਖ਼ਬਰਦਾਰ ਕਰਦੇ ਹੋਏ ਦਿੱਤੀ । ਉਨ੍ਹਾਂ ਕਿਹਾ ਕਿ ਸਿੱਖ ਕੌਮ ਲਈ ਅਜਿਹੇ ਨਫ਼ਰਤ ਭਰੇ ਸ਼ਬਦਾਂ ਦੀ ਵਰਤੋਂ ਕਰਨ ਦੇ ਅਮਲ ਅਸਲੀਅਤ ਵਿਚ ਗਾਂਧੀ ਨੇ ਸੁਰੂ ਕੀਤੇ ਸਨ । ਜਿਸਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਲਈ ‘ਭੁੱਲੜ ਦੇਸ਼ਭਗਤ’ ਦੇ ਸ਼ਬਦ ਵਰਤਕੇ ਇੰਡੀਅਨ ਨਿਵਾਸੀਆ ਦੇ ਮਨ-ਆਤਮਾਵਾ ਵਿਚ ਸਰਬੱਤ ਦਾ ਭਲਾ ਲੋੜਨ ਵਾਲੀ ਸਿੱਖ ਕੌਮ ਪ੍ਰਤੀ ਨਫ਼ਰਤ ਪੈਦਾ ਕੀਤੀ । ਫਿਰ 1947 ਤੋਂ ਬਾਅਦ ਇੰਡੀਆ ਦੇ ਪਹਿਲੇ ਗ੍ਰਹਿ ਵਜ਼ੀਰ ਫਿਰਕੂ ਸੋਚ ਦੇ ਮਾਲਕ ਪਟੇਲ ਨੇ ਸਰਕਾਰੀ ਫਾਇਲਾ ਵਿਚ ਸਿੱਖ ਕੌਮ ਨੂੰ ‘ਜਰਾਇਮ ਪੇਸਾ’ ਲਿਖਕੇ ਬਹੁਗਿਣਤੀ ਦੇ ਮਨਾਂ ਵਿਚ ਸਿੱਖ ਕੌਮ ਦੀ ਛਬੀ ਨੂੰ ਸੱਕੀ ਬਣਾਉਣ ਦੀ ਬਜਰ ਗੁਸਤਾਖੀ ਕੀਤੀ ਸੀ । ਜਦੋਂਕਿ ਸਰਾਰਤੀ, ਸਾਜ਼ਿਸਕਾਰੀ ਅਤੇ ਸੱਕੀ ਇਸ ਮੁਲਕ ਦੇ ਮੰਨੂਵਾਦੀ ਸੋਚ ਦੇ ਮਾਲਕ ਬ੍ਰਾਹਮਣ ਹੁਕਮਰਾਨ ਹਨ । ਜੋ ‘ਪਾੜੋ ਅਤੇ ਰਾਜ ਕਰੋ’ ਦੀ ਨਫ਼ਰਤ ਵਾਲੀ ਸੋਚ ਉਤੇ ਅਮਲ ਕਰਕੇ ਇਕ ਤਾਂ ਰਾਜ ਭਾਗ ਕਰਦੇ ਆ ਰਹੇ ਹਨ, ਦੂਸਰਾ ਆਪਣੇ-ਆਪ ਨੂੰ ਦੁੱਧ ਧੋਤਾ ਸਾਬਤ ਕਰਨ ਲਈ ਘੱਟ ਗਿਣਤੀ ਕੌਮਾਂ ਉਤੇ ਗੈਰ-ਕਾਨੂੰਨੀ ਢੰਗ ਨਾਲ ਜ਼ਬਰ-ਜੁਲਮ, ਬੇਇਨਸਾਫ਼ੀਆਂ ਅਤੇ ਸਮਾਜਿਕ ਵਿਤਕਰੇ ਨਿਰੰਤਰ ਕਰਦੇ ਆ ਰਹੇ ਹਨ ।
ਉਨ੍ਹਾਂ ਇਸ ਗੱਲ ਤੇ ਡੂੰਘਾਂ ਦੁੱਖ ਤੇ ਅਫ਼ਸੋਸ ਜਾਹਰ ਕੀਤਾ ਕਿ ਜੋ ਸਾਡੇ ਪੰਜਾਬ ਸੂਬੇ ਦੇ ਪੰਜਾਬੀ ਅਖਬਾਰ ਹਨ, ਜਿਨ੍ਹਾਂ ਦਾ ਫਰਜ ਇਸ ਸੂਬੇ ਦੇ ਹੱਕ-ਹਕੂਕਾ ਅਤੇ ਨਿਵਾਸੀਆ ਦੀ ਹਰ ਪੱਖੋ ਬਾਦਲੀਲ ਢੰਗ ਨਾਲ ਹਿਫਾਜਤ ਕਰਨ ਅਤੇ ਸੂਬੇ ਨਾਲ ਕੀਤੇ ਜਾ ਰਹੇ ਵਿਤਕਰਿਆ ਵਿਰੁੱਧ ਦ੍ਰਿੜਤਾ ਨਾਲ ਸੰਪਾਦਕੀਆ ਲਿਖਣ ਦੀ ਵੱਡੀ ਜ਼ਿੰਮੇਵਾਰੀ ਬਣਦੀ ਹੈ, ਉਨ੍ਹਾਂ ਵਿਚੋਂ ਪੰਜਾਬੀ ਅਖਬਾਰ ਵੀ ਸਿੱਖ ਕੌਮ ਨੂੰ ਗਰਮਦਲੀਏ, ਸਰਾਰਤੀ ਅਨਸਰ, ਵੱਖਵਾਦੀ, ਅਤਿਵਾਦੀ, ਗੈਂਗਸਟਰ ਲਿਖਣ ਵਾਲਿਆ ਵਿਰੁੱਧ ਸੰਪਾਦਕੀਆ ਲਿਖਣ ਦੀ ਜ਼ਿੰਮੇਵਾਰੀ ਨਹੀਂ ਨਿਭਾਅ ਰਹੇ ਅਤੇ ਨਾ ਹੀ ਹੁਕਮਰਾਨਾਂ ਨੂੰ ਸਿੱਖਾਂ ਸੰਬੰਧੀ ਅਜਿਹੇ ਸ਼ਬਦ ਵਰਤਣ ਲਈ ਖਬਰਦਾਰ ਕਰ ਰਹੇ ਹਨ । ਉਨ੍ਹਾਂ ਪੰਜਾਬੀ ਅਖਬਾਰਾਂ ਦੇ ਸੰਪਾਦਕ ਸਾਹਿਬਾਨ ਨੂੰ ਸੰਜ਼ੀਦਾ ਪੱਤਰ ਲਿਖਦੇ ਹੋਏ ਅਤੇ ਅਪੀਲ ਕਰਦੇ ਹੋਏ ਕਿਹਾ ਕਿ ਉਹ ਸੈਂਟਰ ਦੇ ਹੁਕਮਰਾਨਾਂ, ਮੰਨੂਵਾਦੀ ਬ੍ਰਾਹਮਣਾ ਦੀ ਇਸ ਸਿੱਖ ਵਿਰੋਧੀ ਸਾਜ਼ਿਸ ਵਿਰੁੱਧ ਡੱਟਕੇ ਸੰਪਾਦਕੀਆ ਲਿਖਣ ਤਾਂ ਕਿ ਹੁਕਮਰਾਨ ਅਤੇ ਹਿੰਦੂ ਮੀਡੀਆ ਦੀ ਇਸ ਸਾਜ਼ਿਸ ਦਾ ਅੰਤ ਕੀਤਾ ਜਾ ਸਕੇ ।
ਉਨ੍ਹਾਂ ਕਿਹਾ ਕਿ ਇਹ ਕਾਨੂੰਨੀ ਪ੍ਰਕਿਰਿਆ ਹੈ ਕਿ ਕਿਸੇ ਇਨਸਾਨ ਜਾਂ ਕੌਮ ਉਤੇ ਕਿਸੇ ਤਰ੍ਹਾਂ ਦਾ ਨਫ਼ਰਤ ਤੇ ਬਦਨਾਮੀ ਵਾਲਾ ਧੱਬਾ ਉਸ ਸਮੇਂ ਤੱਕ ਨਹੀਂ ਲਗਾਇਆ ਜਾ ਸਕਦਾ, ਜਦੋਂ ਤੱਕ ਕੋਈ ਅਦਾਲਤ ਅਤੇ ਕਾਨੂੰਨ ਉਸਨੂੰ ਅਜਿਹਾ ਸਾਬਤ ਕਰਕੇ ਫੈਸਲਾ ਨਾ ਸੁਣਾ ਦੇਵੇ । ਕਿਸੇ ਉਤੇ ਵੀ ਮੰਦਭਾਵਨਾ ਅਧੀਨ ਝੂਠਾ ਕੇਸ ਚੱਲ ਸਕਦਾ ਹੈ । ਕੇਸ ਦੇ ਦੌਰਾਨ ਕਿਸੇ ਨੂੰ ਵੀ ਚੋਰ-ਡਾਕੂ ਕਾਤਲ ਜਾਂ ਅਪਰਾਧੀ ਕਰਾਰ ਨਹੀਂ ਦਿੱਤਾ ਜਾ ਸਕਦਾ, ਜਦੋਂ ਤੱਕ ਅਦਾਲਤ ਅਜਿਹਾ ਫੈਸਲਾ ਨਾ ਕਰ ਦੇਵੇ । ਇਸ ਲਈ ਹੁਕਮਰਾਨ, ਮੀਡੀਆ ਜਾ ਅਖਬਾਰ ਸਿੱਖ ਕੌਮ ਲਈ ਉਪਰੋਕਤ ਸ਼ਬਦ ਨਹੀਂ ਵਰਤ ਸਕਦੀ ਅਤੇ ਨਾ ਹੀ ਅਸੀਂ ਕਿਸੇ ਤਾਕਤ ਨੂੰ ਅਜਿਹਾ ਕਰਨ ਦੀ ਇਜਾਜਤ ਦੇਵਾਂਗੇ । ਸ. ਮਾਨ ਨੇ ਕੌਮ ਨਾਲ ਸੰਬੰਧਤ ਸਭ ਸਮਾਜਿਕ, ਸਿਆਸੀ, ਧਾਰਮਿਕ, ਸੱਭਿਆਚਾਰਕ ਜਥੇਬੰਦੀਆਂ ਤੇ ਸੰਗਠਨਾਂ ਨੂੰ ਸਮੂਹਿਕ ਤੌਰ ਤੇ ਅਪੀਲ ਕਰਦੇ ਹੋਏ ਕਿਹਾ ਕਿ ਜਦੋਂ ਵੀ ਹੁਕਮਰਾਨ ਜਾਂ ਅਖਬਾਰ, ਮਨੁੱਖਤਾ ਦੀ ਬਿਹਤਰੀ ਲਈ ਯਤਨਸ਼ੀਲ ਰਹਿਣ ਵਾਲੀ ਸਿੱਖ ਕੌਮ ਲਈ ਅਜਿਹੇ ਸ਼ਬਦ ਵਰਤਣ ਦੀ ਗੁਸਤਾਖੀ ਕਰਨ ਤਾਂ ਫ਼ੌਰੀ ਉਸ ਵਿਰੁੱਧ ਸਮੂਹਿਕ ਆਵਾਜ ਉਠਾਈ ਜਾਵੇ ਜਿਸ ਅਖਬਾਰ ਵੱਲੋਂ ਅਜਿਹਾ ਕੀਤਾ ਜਾਵੇ, ਉਸਦੀਆਂ ਜਨਤਕ ਤੌਰ ਤੇ ਕਾਪੀਆ ਸਾੜਦੇ ਹੋਏ ਰੋਸ਼ ਕਰਦੇ ਹੋਏ ਉਸਦੇ ਮਾਲਕ ਅਤੇ ਸੰਪਾਦਕ ਨੂੰ ਚੇਤਾਵਨੀ ਦਿੱਤੀ ਜਾਵੇ ਤਾਂ ਕਿ ਸਿੱਖ ਕੌਮ ਵਿਰੁੱਧ ਕੀਤੇ ਜਾ ਰਹੇ ਸਾਜ਼ਸੀ ਅਤੇ ਜ਼ਹਿਰੀਲੇ ਪ੍ਰਚਾਰ ਦਾ ਅਸੀਂ ਅੰਤ ਕਰਕੇ ਸਿੱਖ ਕੌਮ ਦੇ ਕੌਮਾਂਤਰੀ ਸਤਿਕਾਰਿਤ ਅਕਸ ਨੂੰ ਬਰਕਰਾਰ ਵੀ ਰੱਖ ਸਕੀਏ ਅਤੇ ਆਪਣੇ ਫਰਜਾਂ ਪ੍ਰਤੀ ਸੁਚੇਤ ਵੀ ਰਹਿ ਸਕੀਏ ।