ਗਲਾਸਗੋ/ ਲੰਡਨ,(ਮਨਦੀਪ ਖੁਰਮੀ ਹਿੰਮਤਪੁਰਾ) – ਬਰਤਾਨੀਆ ਦੀ ਮਹਾਰਾਣੀ ਐਲਿਜ਼ਾਬੈਥ 2 ਨੇ ਵਿੰਡਸਰ ਕੈਸਲ ਵਿੱਚ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਨਾਲ ਮੁਲਾਕਾਤ ਕੀਤੀ ਹੈ। ਮਹਾਰਾਣੀ ਐਲਿਜਾਬੈਥ ਨੇ ਮੰਗਲਵਾਰ ਨੂੰ ਸ਼ਾਹੀ ਮਹਿਲ ਦੇ ਓਕ ਕਮਰੇ ਵਿੱਚ ਮੌਰੀਸਨ ਨਾਲ ਗੱਲਬਾਤ ਕੀਤੀ। 95 ਸਾਲਾ ਰਾਣੀ ਲਈ ਪਿਛਲੇ ਕੁੱਝ ਦਿਨ ਬਹੁਤ ਵਿਅਸਤ ਰਹੇ ਹਨ। ਰਾਣੀ ਨੇ ਸ਼ੁੱਕਰਵਾਰ ਨੂੰ ਰੇਲ ਰਾਹੀਂ ਦੱਖਣ-ਪੱਛਮੀ ਇੰਗਲੈਂਡ ਦੇ ਕੋਰਨਵਾਲ ਵਿੱਚ ਜੀ 7 ਸੰਮੇਲਨ ਦੌਰਾਨ ਹਿੱਸਾ ਲੈਣ ਵਾਲੇ ਵਿਸ਼ਵ ਨੇਤਾਵਾਂ ਦੇ ਸਵਾਗਤ ਲਈ ਯਾਤਰਾ ਕੀਤੀ। ਫਿਰ ਉਹ ਸ਼ਨੀਵਾਰ ਨੂੰ ਆਪਣੇ ਅਧਿਕਾਰਤ 95 ਵੇਂ ਜਨਮਦਿਨ ਦੇ ਸਨਮਾਨ ਵਿੱਚ ਸਾਲਾਨਾ ਫੌਜੀ ਪਰੇਡ ਦੀ ਪ੍ਰਧਾਨਗੀ ਕਰਨ ਲਈ ਵਿੰਡਸਰ ਵਾਪਸ ਪਰਤੀ ਅਤੇ ਉਸਨੇ ਮਹਿਲ ਵਿਖੇ ਦੁਪਹਿਰ ਦੀ ਚਾਹ ਨਾਲ ਯੂ ਐਸ ਏ ਦੇ ਰਾਸ਼ਟਰਪਤੀ ਜੋਅ ਬਾਈਡੇਨ ਅਤੇ ਉਹਨਾਂ ਦੀ ਪਤਨੀ ਜਿਲ ਬਾਹਡੇਨ ਦਾ ਵੀ ਸਵਾਗਤ ਕੀਤਾ। ਇਸ ਤੋਂ ਪਹਿਲਾਂ ਮਹਾਰਾਣੀ ਨੇ ਪਿਛਲੇ ਸਾਲ ਕੋਰੋਨਾ ਮਹਾਂਮਾਰੀ ਦੇ ਕਾਰਨ ਆਪਣੀ ਰਿਹਾਇਸ਼ ਤੋਂ ਕਈ ਪ੍ਰਤੀਨਿਧੀਆਂ ਨਾਲ ਆਨਲਾਈਨ ਗੱਲਬਾਤ ਹੀ ਕੀਤੀ ਹੈ। ਆਸਟਰੇਲੀਆ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਨੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨਾਲ ਵੀ ਲੰਡਨ ਵਿੱਚ ਗੱਲਬਾਤ ਕੀਤੀ। ਦੋਵਾਂ ਨੇ ਮੰਗਲਵਾਰ ਨੂੰ ਇੱਕ ਨਵੇਂ ਮੁਫਤ ਵਪਾਰ ਸੌਦੇ ਸਬੰਧੀ ਵਿਆਪਕ ਰੂਪਰੇਖਾ ਦੀ ਘੋਸ਼ਣਾ ਕੀਤੀ।
ਯੂਕੇ : ਮਹਾਰਾਣੀ ਐਲਿਜ਼ਾਬੇਥ ਨੇ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਨਾਲ ਮੁਲਾਕਾਤ ਕੀਤੀ
This entry was posted in ਅੰਤਰਰਾਸ਼ਟਰੀ.