2022 ਦੀਆਂ ਪੰਜਾਬ ਚੋਣਾਂ ਫਰਵਰੀ ਜਾਂ ਮਾਰਚ ਵਿਚ ਹੋਣਗੀਆਂ। ਕੇਵਲ 8 ਮਹੀਨੇ ਬਾਕੀ ਹਨ। ਭਾਵੇਂ ਮੀਡੀਆ ਦਾ ਬਹੁਤਾ ਧਿਆਨ ਕੋਰੋਨਾ ਸੰਕਟ ਵੱਲ ਲੱਗਾ ਹੋਇਆ ਹੈ, ਫਿਰ ਵੀ ਇਨ੍ਹਾਂ ਚੋਣਾਂ ਦੇ ਪ੍ਰਸੰਗ ਵਿਚ ਵੱਖ-ਵੱਖ ਸਿਆਸੀ ਪਾਰਟੀਆਂ ਦੀ ਸਥਿਤੀ ਸੰਬੰਧੀ ਚਰਚਾ ਚੱਲਦੀ ਹੀ ਰਹਿੰਦੀ ਹੈ। ਪੰਜਾਬੀ ਚੈਨਲ ਵੱਖ-ਵੱਖ ਪਾਰਟੀਆਂ ਦੀਆਂ ਸਰਗਰਮੀਆਂ ਦਾ ਜ਼ਿਕਰ ਕਰਦੇ ਰਹਿੰਦੇ ਹਨ। ਪ੍ਰਸ਼ਾਂਤ ਕਿਸ਼ੋਰ ਅਤੇ ਮੁੱਖ ਮੰਤਰੀ ਦੀਆਂ ਚੋਣ-ਗਤੀਵਿਧੀਆਂ ਕਾਰਨ ਟੈਲੀਵਿਜ਼ਨ ʼਤੇ ਇਹ ਚਰਚਾ ਹੋਰ ਤੇਜ਼ ਹੋ ਗਈ ਹੈ।
ਪੰਜਾਬ ਦੇ ਵਧੇਰੇ ਲੋਕ ਸਾਰੀਆਂ ਰਾਜਨੀਤਕ ਪਾਰਟੀਆਂ ਤੋਂ ਨਿਰਾਸ਼ ਤੇ ਨਰਾਜ਼ ਹਨ। ਕਾਂਗਰਸ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਕਈ ਸਾਲਾਂ ਤੋਂ ਰਾਜ ਕਰ ਰਹੀ ਹੈ। ਗਹੁ ਨਾਲ ਵੇਖੀਏ ਤਾਂ ਮੁੱਖ ਮੰਤਰੀ ਨੇ ਕੁਝ ਮਹੀਨਿਆਂ ਤੋਂ ਚੋਣ-ਸਰਗਰਮੀਆਂ ਵਿੱਢੀਆਂ ਹੋਈਆਂ ਹਨ। ਆਪਣੀ ਸਰਕਾਰ ਦੇ ਕੰਮ ਅਤੇ ਪ੍ਰਾਪਤੀਆਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਵੱਡੀ ਇਸ਼ਤਿਹਾਰ ਮੁਹਿੰਮ ਆਰੰਭੀ ਗਈ ਹੈ। ਅਜਿਹੇ ਇਸ਼ਤਿਹਾਰ ਖੇਤਰੀ ਤੇ ਕੌਮੀ ਚੈਨਲਾਂ ʼਤੇ ਰੋਜ਼ਾਨਾ ਵੇਖੇ ਜਾ ਸਕਦੇ ਹਨ। ਅਖ਼ਬਾਰਾਂ ਦੇ ਪੰਨਿਆਂ ʼਤੇ ਵੀ ਇਹ ਮੁਹਿੰਮ ਸਪਸ਼ਟ ਨਜ਼ਰ ਆਉਂਦੀ ਹੈ। ਮੈਂ ਜਲੰਧਰ ਦੇ ਜਿਹੜੇ ਰਸਤਿਆਂ ਤੋਂ ਅਕਸਰ ਲੰਘਦਾ ਹਾਂ। ਉਥੇ ਚੌਂਕ-ਚੁਰਾਹਿਆਂ ʼਤੇ ਵੱਡੇ ਆਕਾਰ ਦੇ ਇਸ਼ਤਿਹਾਰੀ ਬੋਰਡ ਲੱਗੇ ਹੁੰਦੇ ਹਨ। ਜਿਨ੍ਹਾਂ ʼਤੇ ਮੁੱਖ ਮੰਤਰੀ ਦੀ ਵੱਡੇ ਆਕਾਰ ਦੀ ਤਸਵੀਰ ਨਾਲ ਕੁਝ ਵੇਰਵਾ, ਕੁਝ ਜਾਣਕਾਰੀ ਦਿੱਤੀ ਹੁੰਦੀ ਹੈ। ਉਹ ਵੇਰਵਾ, ਉਹ ਜਾਣਕਾਰੀ, ਉਹ ਤਸਵੀਰ ਕੁਝ ਦਿਨਾਂ ਬਾਅਦ ਬਦਲ ਜਾਂਦੀ ਹੈ। ਸੁਭਾਵਕ ਹੈ ਅਜਿਹਾ ਹਰੇਕ ਸ਼ਹਿਰ, ਹਰੇਕ ਕਸਬੇ, ਪੰਜਾਬ ਦੇ ਹਰੇਕ ਹਿੱਸੇ ਵਿਚ ਕੀਤਾ ਜਾ ਰਿਹਾ ਹੋਵੇਗਾ। ਇਹ ਪੀਕੇ ਦੀ ਯੋਜਨਾਬੰਦੀ ਦਾ ਹਿੱਸਾ ਹੈ।
ਇਹ ਗੱਲ ਵੱਖਰੀ ਹੈ ਕਿ ਪੰਜਾਬ ਕਾਂਗਰਸ ਦੀ ਅੰਦਰੂਨੀ ਖਿਚੋਤਾਣ ਇਸ ਵੇਲੇ ਸਿਖ਼ਰ ʼਤੇ ਹੈ। ਪੰਜਾਬੀ ਭਾਈਚਾਰਾ ਇਸ ਖਿਚੋਤਾਣ ਨੂੰ ਬੜੀ ਰੀਝ ਨਾਲ ਵੇਖ ਰਿਹਾ ਹੈ। ਕੁਰਸੀ ਲਈ ਕਿਹੜਾ-ਕਿਹੜਾ ਨੇਤਾ ਕੀ-ਕੀ ਕਰ ਰਿਹਾ ਹੈ। ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਤੋਂ ਕੁਝ ਵਰਗ ਖੁਸ਼ ਹਨ, ਕੁਝ ਨਿਰਾਸ਼ ਹਨ। ਚੋਣਾਂ ਦੌਰਾਨ ਕਾਂਗਰਸ ਨੂੰ ਅਜਿਹਾ ਹੀ ਹੁੰਗਾਰਾ ਮਿਲਣ ਦੀ ਆਸ ਹੈ।
ਕਿਸਾਨ ਅੰਦੋਲਨ ਦੇ ਪ੍ਰਸੰਗ ਵਿਚ ਭਾਜਪਾ ਤੋਂ ਨਾਤਾ ਤੋੜ ਲੈਣ ਵਾਲੇ ਅਕਾਲੀ ਦਲ ਦੀਆਂ ਮੁਸ਼ਕਲਾਂ ਅਜੇ ਘਟੀਆਂ ਨਹੀਂ ਹਨ। ਬੀਤੇ ਸਾਲ, ਡੇਢ ਸਾਲ ਦੌਰਾਨ ਭਾਵੇਂ ਉਸਨੇ ਲੋਕਾਂ ਦਾ ਦਿਲ ਜਿੱਤਣ ਲਈ ਸਿਰਤੋੜ ਯਤਨ ਕੀਤੇ ਹਨ। ਕੋਈ ਵੀ ਮੌਕਾ ਅਜਾਈਂ ਨਹੀਂ ਜਾਣ ਦਿੱਤਾ। ਵੱਡੇ ਤੇ ਸਖ਼ਤ ਫੈਸਲੇ ਲਏ। ਪਰੰਤੂ ਲੰਮਾ ਸਮਾਂ ਪੰਜਾਬ ʼਤੇ ਰਾਜ ਕਰਦਿਆਂ ਲੋਕਾਂ ਦੀਆਂ ਉਮੀਦਾਂ ʼਤੇ ਖਰੇ ਨਾ ਉੱਤਰਨਾ ਅਤੇ ਪੰਜਾਬ ਦਾ ਤਰੱਕੀ ਦੀ ਥਾਂ ਨਿਘਾਰ ਵੱਲ ਖਿਸਕਦੇ ਜਾਣਾ ਲੋਕਾਂ ਦੇ ਚੇਤਿਆਂ ʼਚੋਂ ਨਹੀਂ ਨਿਕਲ ਰਿਹਾ।
ਪੰਜਾਬ ʼਤੇ ਰਾਜ ਕਰਨ ਦੇ ਅਕਾਲੀ ਦਲ ਤੇ ਕਾਂਗਰਸ ਨੂੰ ਅਨੇਕਾਂ ਮੌਕੇ ਮਿਲੇ ਹਨ ਪਰੰਤੂ ਪੰਜਾਬ ਅਤੇ ਪੰਜਾਬੀਆਂ ਦੇ ਬੁਨਿਆਦੀ ਮਸਲੇ ਜਿਉਂ ਦੇ ਤਿਉਂ ਖੜੇ ਹਨ। ਬਲਕਿ ਸਮੇਂ ਨਾਲ ਹੋਰ ਗੰਭੀਰ ਸ਼ਕਲ ਅਖ਼ਤਿਆਰ ਕਰ ਗਏ ਹਨ। ਸਭ ਨੇ ਵੋਟ-ਰਾਜਨੀਤੀ ਨੂੰ ਤਰਜੀਹ ਦਿੱਤੀ ਹੈ। ਅਕਾਲੀ ਦਲ ਇਸੇ ਵੋਟ-ਰਾਜਨੀਤੀ ਦੇ ਨਤੀਜੇ ਭੁਗਤ ਰਿਹਾ ਹੈ। ਇਮਾਨਦਾਰੀ ਨਾਲ ਸੂਬੇ ਅਤੇ ਸੂਬੇ ਦੇ ਲੋਕਾਂ ਲਈ ਕੰਮ ਕੀਤਾ ਜਾਵੇ ਤਾਂ ਲੋਕ ਵਾਰ-ਵਾਰ ਵੋਟਾਂ ਪਾਉਂਦੇ ਹਨ, ਜਿਤਾਉਂਦੇ ਹਨ, ਦੇਸ਼ ਅੰਦਰ ਅਜਿਹੀਆਂ ਉਦਾਹਰਨਾਂ ਮੌਜੂਦ ਹਨ। ਤਾਜ਼ਾ ਉਦਾਹਰਨ ਬੰਗਾਲ ਦੀ ਹੈ। ਅਕਾਲੀ ਦਲ ਅਤੇ ਕਾਂਗਰਸ ਨੇ ਜੇ ਸਹੀ ਤੇ ਸਾਰਥਕ ਨੀਤੀਆਂ ਬਣਾਈਆਂ ਹੁੰਦੀਆਂ ਤਾਂ ਅੱਜ ਪੰਜਾਬ ਦਾ ਖਜ਼ਾਨਾ ਖਾਲੀ ਨਾ ਹੁੰਦਾ, ਪਾਣੀ ਖ਼ਤਰਨਾਕ ਹੱਦ ਤੱਕ ਹੇਠਾਂ ਨਾ ਜਾਂਦਾ, ਕਿਸਾਨ-ਸੰਕਟ ਏਨਾ ਗਹਿਰਾ ਨਾ ਹੁੰਦਾ, ਨੌਜਵਾਨਾਂ ਨੂੰ ਬੇਰੁਜ਼ਗਾਰੀ ਦੀ ਵੱਡੀ ਮਾਰ ਨਾ ਪੈਂਦੀ, ਪੰਜਾਬ ਦਾ ਵਾਤਾਵਰਨ ਪਲੀਤ ਨਾ ਹੁੰਦਾ, ਪੰਜਾਬੀ ਨਸ਼ਿਆਂ ਤੇ ਬਿਮਾਰੀਆਂ ਵਿਚ ਨਾ ਗਰਕਦਾ, ਹਰ ਕੋਈ ਵਿਦੇਸ਼ਾਂ ਨੂੰ ਭੱਜਣ ਦੀਆਂ ਤਿਆਰੀਆਂ ਨਾ ਕਰਦਾ, ਪੰਜਾਬ ਦੇ ਖੁਸ਼ਹਾਲ ਭਵਿੱਖ ʼਤੇ ਸਵਾਲੀਆ ਚਿੰਨ੍ਹ ਨਾ ਲੱਗਦਾ।
ਆਮ ਆਦਮੀ ਪਾਰਟੀ ਇਕ ਸੁਨਿਹਰੀ ਮੌਕਾ ਗਵਾਉਣ ਤੋਂ ਬਾਅਦ ਸੰਭਲ ਨਹੀਂ ਸਕੀ। ਵੱਡੀ ਗਿਣਤੀ ਵਿੱਚ ਲੋਕਾਂ ਨੇ, ਪਰਵਾਸੀ ਪੰਜਾਬੀਆਂ ਨੇ, ਇਸਨੂੰ ਹੁੰਗਾਰਾ ਤੇ ਹੁਲਾਰਾ ਦਿੱਤਾ ਪਰੰਤੂ ਇਸਦੀ ਲੀਡਰਸ਼ਿਪ ਉਸ ਹੁੰਗਾਰੇ ਤੇ ਹੁਲਾਰੇ ਨੂੰ ਸਮਝ ਤੇ ਸੰਭਲ ਨਹੀਂ ਸਕੀ। ਆਮ ਆਦਮੀ ਪਾਰਟੀ ਦੇ ਪਸੰਗ ਵਿਚ ਲੋਕ ਵੇਖਦੇ ਹਨ ਕਿ ਸਰਕਾਰ ਕਿਸਨੇ ਚਲਾਉਣੀ ਹੈ। ਮੁੱਖ ਮੰਤਰੀ ਕੌਣ ਹੋਵੇਗਾ। ਟੀਮ ਵਿਚ ਕੌਣ-ਕੌਣ ਸ਼ਾਮਲ ਹੈ। ਪੰਜਾਬ ਲਈ, ਲੋਕਾਂ ਲਈ ਪਾਰਟੀ ਕੀ ਕਰੇਗੀ। ਇਥੇ ਇਹ ਪਾਰਟੀ ਮਾਰ ਖਾ ਰਹੀ ਹੈ। ਮੁੱਖ ਮੰਤਰੀ ਚਿਹਰਾ ਨਹੀਂ ਹੈ। ਵੱਡੀ ਵਿਸ਼ਾਲ ਟੀਮ ਨਹੀਂ ਹੈ। ਪੰਜਾਬ ਦੇ ਸਾਰੇ ਇਲਾਕਿਆਂ ਵਿਚ ਪ੍ਰਭਾਵ ਨਹੀਂ ਹੈ। ਇਕੱਲਾ ਭਗਵੰਤ ਮਾਨ ਹੀ ਬੋਲਦਾ, ਮੁਕਾਬਲਾ ਕਰਦਾ ਨਜ਼ਰ ਆਉਂਦਾ ਹੈ।
ਆਮ ਆਦਮੀ ਪਾਰਟੀ, ਕਾਂਗਰਸ ਅਤੇ ਅਕਾਲੀ ਦਲ ਦੀ ਨੁਕਤਾਚੀਨੀ ਕਰਕੇ ਹੀ ਜਿੱਤ ਨਹੀਂ ਸਕਦੀ। ਉਸਨੂੰ ਦੱਸਣਾ ਪਵੇਗਾ ਕਿ ਪੰਜਾਬ ਪ੍ਰਤੀ, ਪੰਜਾਬ ਦੇ ਲੋਕਾਂ ਪ੍ਰਤੀ, ਪੰਜਾਬ ਦੀਆਂ ਸਮੱਸਿਆਵਾਂ ਪ੍ਰਤੀ ਉਨ੍ਹਾਂ ਦੀ ਕੀ ਸੋਚ, ਕੀ ਨੀਤੀ ਹੈ। ਜੇ ਪਾਰਟੀ ਜਿੱਤਦੀ ਹੈ ਤਾਂ ਤਰਜੀਹੀ ਅਧਾਰ ʼਤੇ ਕਿਹੜੇ ਕਦਮ ਚੁੱਕੇਗੀ, ਕਿਹੜੇ ਕੰਮ ਕਰੇਗੀ। ਵੱਖ-ਵੱਖ ਸਿਆਸੀ ਪਾਰਟੀਆਂ ਦੀ ਲੜਾਈ, ਖਿਚੋਤਾਣ, ਤਿੱਖੀ ਬਿਆਨਬਾਜ਼ੀ ਨਾਲ ਸੂਬੇ ਦਾ ਨੁਕਸਾਨ ਹੁੰਦਾ ਹੈ। ਲੋਕਾਂ ਨੂੰ ਤਣਾਅ ਤੇ ਪ੍ਰੇਸ਼ਾਨੀ ʼਚੋਂ ਲੰਘਣਾ ਪੈਂਦਾ ਹੈ। ਸਿਆਸੀ ਨੇਤਾ ਸੋਚਦੇ ਹਨ ਕਿ ਉੱਚੀ ਸੁਰ ਵਿਚ ਦੂਸਰੇ ਨੂੰ ਬੁਰਾ ਭਲਾ ਕਹਿਣ ਵਿਚ ਹੀ ਉਨ੍ਹਾਂ ਦੀ ਜਿੱਤ ਹੈ। ਅਜਿਹਾ ਨਹੀਂ ਹੈ। ਸਾਬਕਾ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਕਦੇ ਉੱਚੀ ਸੁਰ ਵਿਚ ਨਹੀਂ ਸਨ ਬੋਲਦੇ। ਪਰ ਬੋਲਦੇ ਨਿੱਗਰ ਸਨ। ਆਖ਼ਰਕਾਰ ਕਦਰ ਤੁਹਾਡੇ ਕਿਰਦਾਰ, ਤੁਹਾਡੇ ਵਿਚਾਰਾਂ ਦੀ ਪੈਣੀ ਹੈ।
ਭਾਜਪਾ, ਬਸਪਾ ਅਤੇ ਕਮਿਊਨਿਸਟ ਪਾਰਟੀਆਂ ਕੋਲ ਆਪਣੀ ਪੱਕੀ ਵੋਟ ਤਾਂ ਹੈ ਪਰ ਸਾਨ੍ਹਾਂ ਦੇ ਭੇੜ ਵਿਚ ਇਹ ਪਛੜ ਜਾਂਦੀਆਂ ਹਨ। ਅਕਾਲੀ ਦਲ ਸੰਯੁਕਤ ਦੀ ਸਥਿਤੀ ਵੀ ਇਹੀ ਹੈ। ਜਿਹੜੀ ਪਾਰਟੀ ਇਕੱਲਿਆਂ ਜਿੱਤਣ ਦੀ ਹਾਲਤ ਵਿਚ ਨਹੀਂ ਹੈ। ਉਸਨੂੰ ਗੱਠਜੋੜ ਦਾ ਮਹੱਤਵ ਸਮਝ ਲੈਣਾ ਚਾਹੀਦਾ ਹੈ। ਅਕਾਲੀ-ਭਾਜਪਾ ਨੇ ਗੱਠਜੋੜ ਸਦਕਾ ਹੀ ਲੰਮਾ ਸਮਾਂ ਸਰਕਾਰ ਬਣਾਈ ਹੈ।
2022 ਦੀਆਂ ਚੋਣਾਂ ਵਿਚ ਕਿਸੇ ਵੀ ਪਾਰਟੀ ਦੀ ਸਪਸ਼ਟ ਤੇ ਸੁਖਾਲੀ ਜਿੱਤ ਨਜ਼ਰ ਨਹੀਂ ਆ ਰਹੀ। ਇਨ੍ਹਾਂ ਚੋਣਾਂ ਵਿਚ ਇਕ ਪਾਸੇ ਗੱਠਜੋੜ ਦੀ ਅਹਿਮ ਭੂਮਿਕਾ ਰਹੇਗੀ ਦੂਸਰੇ ਪਾਸੇ ਨਤੀਜੇ, ਤਿਕੋਨੇ ਜਾਂ ਚਾਰ ਕੋਨੇ ਮੁਕਾਬਲਿਆਂ ʼਤੇ ਨਿਰਭਰ ਕਰਨਗੇ। ਜੇਕਰ ਅਕਾਲੀ ਦਲ ਸੰਯੁਕਤ ਸਾਰੀਆਂ ਸੀਟਾਂ ʼਤੇ ਆਪਣੇ ਉਮੀਦਵਾਰ ਖੜੇ ਕਰਦੀ ਹੈ ਤਾਂ ਇਹ ਸਿੱਧੇ ਤੌਰ ʼਤੇ ਅਕਾਲੀ ਦਲ (ਬਾਦਲ) ਦਾ ਨੁਕਸਾਨ ਕਰੇਗੀ।
ਕੋਰੋਨਾ ਸੰਕਟ ਦੇ ਚੱਲਦਿਆਂ ਕੋਈ ਵੀ ਪਾਰਟੀ ਵਿਧੀਬਦ ਢੰਗ ਨਾਲ ਸਰਗਰਮੀਆਂ ਕਰਨ ਵਿਚ ਸਫ਼ਲ ਨਹੀਂ ਹੋ ਰਹੀ। ਇਸਦਾ ਲਾਹਾ ਕਾਂਗਰਸ ਲੈ ਰਹੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੁਆਰਾ ਸੁਚੇਤ ਪੱਧਰ ʼਤੇ ਮੀਡੀਆ ਰਾਹੀਂ ਚੋਣ-ਮੁਹਿੰਮ ਚਲਾਈ ਜਾ ਰਹੀ ਹੈ। ਜਿਸ ਵਿਚ ਆਉਂਦੇ ਮਹੀਨਿਆਂ ਦੌਰਾਨ ਹੋਰ ਤੇਜ਼ੀ ਵੇਖਣ ਨੂੰ ਮਿਲੇਗੀ।
ਸਿਆਸੀ ਪਾਰਟੀਆਂ ਵਧੇਰੇ ਕਰਕੇ ਜਾਤ-ਪਾਤ ਦੀ ਰਾਜਨੀਤੀ ਖੇਡਦੀਆਂ ਹਨ ਪਰੰਤੂ ਸਰਕਾਰ ਉਸੇ ਪਾਰਟੀ ਦੀ ਬਣਦੀ ਹੈ ਜਿਸਨੂੰ ਸਾਰੇ ਵਰਗ ਵੋਟ ਪਾਉਂਦੇ ਹਨ।