ਚੰਡੀਗੜ੍ਹ – ਫਲਾਇੰਗ ਸਿੱਖ ਮਿਲਖਾ ਸਿੰਘ ਆਪਣੀ ਜੀਵਨ ਯਾਤਰਾ ਪੂਰੀ ਕਰਕੇ ਸ਼ਨਿਚਰਵਾਰ ਨੂੰ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਏ ਹਨ। ਉਨ੍ਹਾਂ ਦੀ ਮੌਤ ਦੀ ਖ਼ਬਰ ਨਾਲ ਪੂਰੇ ਦੇਸ਼ ਵਿੱਚ ਸੋਗ ਦੀ ਲਹਿਰ ਹੈ। ਜਿੰਦਗੀ ਦੀ ਹਰ ਮੁਸ਼ਕਿਲ ਨੂੰ ਠੋਕਰ ਮਾਰਨ ਵਾਲੇ ਮਿਲਖਾ ਸਿੰਘ ਕਰੋਨਾ ਦੀ ਨਾਮੁਰਾਦ ਬਿਮਾਰੀ ਅੱਗੇ ਹਾਰ ਗਏ। ਉਹ ਪਿੱਛਲੇ ਕੁਝ ਦਿਨਾਂ ਤੋਂ ਇਸ ਵਾਇਰਸ ਤੋਂ ਪੀੜਿਤ ਸਨ। ਪੰਜ ਦਿਨ ਪਹਿਲਾਂ ਹੀ ਉਨ੍ਹਾਂ ਦੀ ਪਤਨੀ ਨਿਰਮਲਾ ਸਿੰਘ ਦਾ ਵੀ ਕਰੋਨਾ ਨਾਲ ਦੇਹਾਂਤ ਹੋ ਗਿਆ ਸੀ।
ਮਿਲਖਾ ਸਿੰਘ ਦੇ ਅੰਤਿਮ ਦਰਸ਼ਨ ਕਰਨ ਪਹੁੰਚੇ ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਸੈਕਟਰ-8 ਤੇ ਸਥਿਤ ਉਨ੍ਹਾਂ ਦੇ ਨਿਵਾਸ ਸਥਾਨ ਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਉਨ੍ਹਾਂ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਪੋਰਟਸ ਯੂਨੀਵਰਿਸਟੀ ਪਟਿਆਲਾ ਵਿੱਚ ਮਿਲਖਾ ਸਿੰਘ ਦੇ ਨਾਮ ਦੀ ਚੇਅਰ ਸਥਾਪਿਤ ਕੀਤੀ ਜਾਵੇਗੀ। ਮੁੱਖਮੰਤਰੀ ਨੇ ਇਹ ਵੀ ਕਿਹਾ ਕਿ ਮਿਲਖਾ ਸਿੰਘ ਦਾ ਅੰਤਿਮ ਸਸਕਾਰ ਸਰਕਾਰੀ ਸਨਮਾਨ ਸਹਿਤ ਕੀਤਾ ਜਾਵੇਗਾ। ਪੰਜਾਬ ਵਿੱਚ ਇਸ ਮਹਾਨ ਹਸਤੀ ਦੇ ਸਨਮਾਨ ਵਿੱਚ ਵਿੱਚ ਇੱਕ ਦਿਨ ਦਾ ਸੂਬਾ ਪੱਧਰ ਤੇ ਸੋਗ ਮਨਾਇਆ ਜਾਵੇਗਾ।
ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮਿਲਖਾ ਸਿੰਘ ਜੀ ਦਾ ਇਸ ਫਾਨੀ ਸੰਸਾਰ ਤੋਂ ਤੁਰ ਜਾਣਾ ਮੇਰੇ ਲਈ ਬੇਹੱਦ ਦੁੱਖਦਾਈ ਤੇ ਅਸਹਿ ਹੈ। ਉਨ੍ਹਾਂ ਦੇ ਚਲੇ ਜਾਣ ਨਾਲ ਪੂਰੇ ਇੱਕ ਯੁੱਗ ਦਾ ਅੰਤ ਹੋ ਗਿਆ, ਨਾ ਸਿਰਫ਼ ਭਾਰਤ ਤੇ ਪੰਜਾਬ ਸਗੋਂ ਦੁਨੀਆਂ ‘ਚ ਵੱਸਦੇ ਉਨ੍ਹਾਂ ਦੇ ਚਾਹੁਣ ਵਾਲਿਆਂ ਲਈ ਇਹ ਨਾ ਪੂਰਾ ਹੋਣ ਵਾਲਾ ਘਾਟਾ ਹੈ। ਉੱਡਣ ਸਿੱਖ ਦੀ ਪ੍ਰੇਰਣਾਤਮਕ ਜ਼ਿੰਦਗੀ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੀ ਰਹੇਗੀ। ਤੁਹਾਡੇ ਨਾਲ ਬਿਤਾਇਆ ਸਮਾਂ ਤੇ ਕੀਤੀਆਂ ਗੱਲਾਂ ਹਮੇਸ਼ਾ ਯਾਦ ਰਹਿਣਗੀਆਂ। ਮੇਰੀਆਂ ਅਰਦਾਸਾਂ ਮਿਲਖਾ ਸਿੰਘ ਜੀ ਦੇ ਪਰਿਵਾਰ ਦੇ ਨਾਲ ਹਨ, ਵਾਹਿਗੁਰੂ ਜੀ ਮਿਲਖਾ ਸਿੰਘ ਜੀ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਥਾਂ ਬਖਸ਼ਣ।