ਗਲਾਸਗੋ/ ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਹਜਾਰਾਂ ਸਾਲ ਪਹਿਲਾਂ ਧਰਤੀ ‘ਤੇ ਮੌਜੂਦ ਵਿਸ਼ਾਲ ਜਾਨਵਰ ਮੰਨੇ ਜਾਂਦੇ ਡਾਇਨਾਸੌਰਾਂ ਦੇ ਪੈਰਾਂ ਦੇ ਨਿਸ਼ਾਨ ਬ੍ਰਿਟੇਨ ਦੇ ਵ੍ਹਾਈਟ ਕਲਿਫਜ਼ ਆਫ ਡੋਵਰ ਦੇ ਨਜ਼ਦੀਕ ਮਿਲਣ ਦੀ ਸ਼ੰਕਾ ਜਤਾਈ ਗਈ ਹੈ। ਵਿਗਿਆਨੀਆਂ ਦਾ ਮੰਨਣਾ ਹੈ ਕਿ ਇਹ ਨਿਸ਼ਾਨ ਲੱਗਭਗ 110 ਮਿਲੀਅਨ ਸਾਲ ਪਹਿਲਾਂ ਮਾਸ ਖਾਣ ਵਾਲੇ ਤਿੰਨ ਉਂਗਲਾਂ ਵਾਲੇ ਥ੍ਰੋਪੋਡ, ਪੌਦੇ ਖਾਣ ਵਾਲੇ ਓਰਨੀਥੋਪੋਡ ਅਤੇ ਵਿਸ਼ਾਲ ਐਨਕੀਲੋਸਰਾਂ ਦੇ ਸਨ। ਪੈਰਾਂ ਦੇ ਇਹ ਨਿਸ਼ਾਨ ਹੇਲਪਿੰਗਜ਼ ਅਜਾਇਬ ਘਰ ਅਤੇ ਆਰਟ ਗੈਲਰੀ ਦੇ ਫਿਲਿਪ ਹੈਡਲੈਂਡ ਦੁਆਰਾ ਫੋਕਸਟੋਨ, ਕੈਂਟ ਦੀਆਂ ਚੱਟਾਨਾਂ ਅਤੇ ਸਮੁੰਦਰੀ ਤਲ ਤੋਂ ਲੱਭੇ ਗਏ ਹਨ। ਫਿਲਿਪ ਅਨੁਸਾਰ ਉਸ ਦੀ ਖੋਜ ਬਾਰੇ ਵਿਗਿਆਨਕ ਭਾਈਚਾਰੇ ਨੂੰ ਉਨ੍ਹਾਂ ਦੀ ਜਾਇਜ਼ਤਾ ਬਾਰੇ ਯਕੀਨ ਦਿਵਾਉਣ ਦੀ ਜ਼ਰੂਰਤ ਸੀ, ਇਸ ਲਈ ਉਸਨੇ ਪੋਰਟਸਮਾਊਥ ਯੂਨੀਵਰਸਿਟੀ ਦੇ ਮਾਹਰਾਂ ਨਾਲ ਮਿਲ ਕੇ ਇਸ ਦੀ ਪੁਸ਼ਟੀ ਕੀਤੀ। ਇਸ ਸਬੰਧੀ ਜੀਓਲੋਜਿਸਟਸ ਐਸੋਸੀਏਸ਼ਨ ਦੀ ਪ੍ਰਕਿਰਿਆ ਵਿੱਚ ਪ੍ਰਕਾਸ਼ਤ ਹੋਈ ਇੱਕ ਰਿਪੋਰਟ ਅਨੁਸਾਰ, ਇਸ ਖੇਤਰ ਵਿੱਚ ਲੱਭੇ ਗਏ ਪੈਰਾਂ ਦੇ ਨਿਸ਼ਾਨ ਡਾਇਨੋਸੌਰਾਂ ਦੀਆਂ ਘੱਟੋ ਘੱਟ ਛੇ ਵੱਖ-ਵੱਖ ਕਿਸਮਾਂ ਨਾਲ ਸਬੰਧਤ ਹਨ। ਸਭ ਤੋਂ ਵੱਡੇ ਪੈਰ ਦੇ ਨਿਸ਼ਾਨ ਜੋ ਕਿ 80 ਸੈਂਟੀਮੀਟਰ ਚੌੜੇ ਅਤੇ 65 ਸੈਂਟੀਮੀਟਰ ਲੰਬੇ ਮਾਪੇ ਗਏ ਹਨ, ਇਹਨਾਂ ਨੂੰ ਇਗੁਆਨਾਡਨ ਦੇ ਸਮਾਨ ਇੱਕ ਡਾਇਨਾਸੌਰ ਦੇ ਪੈਰਾਂ ਵਜੋਂ ਪਛਾਣਿਆ ਗਿਆ ਹੈ। ਮਾਹਿਰਾਂ ਅਨੁਸਾਰ ਕ੍ਰੀਟਸੀਅਸ ਪੀਰੀਅਡ ਦੇ ਦੌਰਾਨ ਬ੍ਰਿਟੇਨ ਦਾ ਬਹੁਤ ਸਾਰਾ ਹਿੱਸਾ ਸਮੁੰਦਰ ਦੇ ਹੇਠਾਂ ਪਿਆ ਸੀ ਅਤੇ ਅਧਿਐਨ ਦਰਸਾਉਂਦਾ ਹੈ ਕਿ ਫੋਕਸਟੋਨ ਵਿੱਚ ਇਹ ਚੱਟਾਨ ਸਮੁੰਦਰੀ ਲਹਿਰਾਂ ਦੇ ਦੌਰਾਨ ਉਜਾਗਰ ਹੋਈ ਸੀ।