ਨਵੀਂ ਦਿੱਲੀ – ਜੰਮੂ-ਕਸ਼ਮੀਰ ਦੇ ਸਰਵ ਦਲਾਂ ਦੇ ਮੁੱਖੀਆਂ ਨਾਲ 24 ਜੂਨ ਨੂੰ ਹੋਣ ਵਾਲੀ ਬੈਠਕ ਤੋਂ ਪਹਿਲਾਂ ਸਾਬਕਾ ਵਿੱਤਮੰਤਰੀ ਪੀ ਚਿਦੰਬਰਮ ਨੇ ਸੰਪੂਰਨ ਰਾਜ ਦਾ ਦਰਜ਼ਾ ਬਹਾਲ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਸੋਮਵਾਰ ਨੂੰ ਕਿਹਾ ਹੈ ਕਿ ਕਾਂਗਰਸ ਪਾਰਟੀ ਦਾ ਸ਼ੁਰੂ ਤੋਂ ਹੀ ਇਹ ਰੁਖ ਰਿਹਾ ਹੈ ਕਿ ਜੰਮੂ-ਕਸ਼ਮੀਰ ਦਾ ਪੂਰੇ ਰਾਜ ਦਾ ਦਰਜ਼ਾ ਬਹਾਲ ਕੀਤਾ ਜਾਣਾ ਚਾਹੀਦਾ ਹੈ। ਇਸ ਵਿੱਚ ਕੋਈ ਵੀ ਸ਼ੱਕ ਜਾਂ ਅਸਪੱਸ਼ਟਤਾ ਨਹੀਂ ਹੋਣੀ ਚਾਹੀਦੀ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਮਾਨਸੂਨ ਸੈਸ਼ਨ ਵਿੱਚ ਇਰਾਜ਼ਯੋਗ ਕਾਨੂੰਨਾਂ ਰੱਦ ਕਰਕੇ ਪਹਿਲਾਂ ਵਾਲੀ ਸਥਿਤੀ ਬਹਾਲ ਕੀਤੀ ਜਾਣੀ ਚਾਹੀਦੀ ਹੈ।
ਪੀ ਚਿਦੰਬਰਮ ਨੇ ਕਿਹਾ ਕਿ ਕਸ਼ਮੀਰ ਮੁੱਦੇ ਤੇ ਰਾਜਨੀਤਕ ਹਲ ਦੇ ਲਈ ਸ਼ੁਰੂਆਤੀ ਰੇਖਾ ਖਿੱਚਣ ਦਾ ਕੇਵਲ ਇਹੋ ਹੀ ਇੱਕੋਇੱਕ ਸਾਧਨ ਹੈ। ਉਨ੍ਹਾਂ ਨੇ ਕਿਹਾ ਕਿ ਜੰਮੂ-ਕਸ਼ਮੀਰ ਇੱਕ ‘ਸਟੇਟ’ ਸੀ, ਜਿਸਨੇ ਭਾਰਤ ਵਿੱਚ ਸ਼ਾਮਿਲ ਹੋਣ ਦੇ ਦਸਤਾਵੇਜ਼ਾਂ ਤੇ ਦਸਖਤ ਕੀਤੇ ਅਤੇ ਭਾਰਤ ਵਿੱਚ ਸ਼ਾਮਿਲ ਹੋ ਗਿਆ। ਜੰਮੂ-ਕਸ਼ਮੀਰ ‘ ਰੀਅਲ ਅਸਟੇਟ’ ਦਾ ਹਿੱਸਾ ਨਹੀਂ ਹੈ। ਜੰਮੂ-ਕਸ਼ਮੀਰ ਦੇ ਲੋਕਾਂ ਦੇ ਅਧਿਕਾਰਾਂ ਅਤੇ ਇਛਾਵਾਂ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ। ਜੰਮੂ-ਕਸ਼ਮੀਰ ਦੇ 14 ਨੇਤਾਵਾਂ ਨੂੰ ਸ਼ਨਿਚਰਵਾਰ ਨੂੰ ਮੋਦੀ ਵੱਲੋਂ 24 ਜੂਨ ਨੂੰ ਕੀਤੀ ਜਾਣ ਵਾਲੀ ਇੱਕ ਉਚ ਪੱਧਰੀ ਬੈਠਕ ਵਿੱਚ ਸ਼ਾਮਿਲ ਹੋਣ ਦੇ ਲਈ ਸਦਿਆ ਗਿਆ ਸੀ। ਇਸ ਬੈਠਕ ਵਿੱਚ ਵਿਧਾਨਸਭਾ ਦੀਆਂ ਚੋਣਾਂ ਕਰਵਾਉਣ ਸਬੰਧੀ ਵਿਚਾਰ ਵਟਾਂਦਰਾ ਕੀਤਾ ਜਾ ਸਕਦਾ ਹੈ।