ਨਵੀਂ ਦਿੱਲੀ - ਲਾਲ ਕਿੱਲੇ ਤੋਂ ਗੁਰਦੁਆਰਾ ਸੀਸਗੰਜ ਸਾਹਿਬ ਨੂੰ ਜਾਂਦੇ ਰੋਡ ਉੱਤੇ ਦਿੱਲੀ ਟਰੈਫ਼ਿਕ ਪੁਲਿਸ ਵੱਲੋਂ ਆਵਾਜਾਈ ਸਾਧਨਾਂ ਦੀ ਸਵੇਰੇ 9 ਵਜੇ ਤੋਂ ਰਾਤ 9 ਵਜੇ ਤੱਕ ‘ਨੋ ਐਂਟਰੀ’ ਕਰਨ ਦਾ ਜਾਗੋ ਪਾਰਟੀ ਨੇ ਵਿਰੋਧ ਜਤਾਇਆ ਹੈ। ਇਸ ਮਾਮਲੇ ਉੱਤੇ ਪ੍ਰਤੀਕਰਮ ਦਿੰਦੇ ਹੋਏ ਜਾਗੋ ਪਾਰਟੀ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਸਰਕਾਰਾਂ ਨੂੰ ਚਿਤਾਵਨੀ ਭਰੇ ਲਹਿਜ਼ੇ ਵਿੱਚ ਕਿਹਾ ਕਿ ਚਾਂਦਨੀ ਚੌਕ ਦੇ ਇਲਾਕੇ ਦੀ ਖ਼ੂਬਸੂਰਤੀ ਦੇ ਨਾਂ ਉੱਤੇ ਸੰਗਤ ਨੂੰ ਗੁਰਦਵਾਰਾ ਸੀਸਗੰਜ ਸਾਹਿਬ ਜਾਣ ਤੋਂ ਰੋਕਣ ਦੀ ਮਨਮਾਨੀ ਨਹੀਂ ਚੱਲੇਗੀ। ਪਹਿਲਾਂ 2016 ਵਿੱਚ ਵੀ ਮੇਰੇ ਕਮੇਟੀ ਦਾ ਪ੍ਰਧਾਨ ਰਹਿੰਦੇ ਹੋਏ ਵੀ ਇਸ ਸ਼ਾਹਜਹਾਂਨਾਬਾਦ ਡਿਵਲੇਪਮੇਂਟ ਪ੍ਰੋਜੇਕਟ ਦੇ ਨਾਂ ਉੱਤੇ ਗੁਰਦਵਾਰਾ ਸੀਸਗੰਜ ਸਾਹਿਬ ਦੇ ਪਿਆਊ ਨੂੰ ਢਾਹੁਣ ਦੀ ਗੁਸਤਾਖ਼ੀ ਸਰਕਾਰ ਨੇ ਕੀਤੀ ਸੀ, ਤਦ ਵੀ ਦਿੱਲੀ ਹਾਈਕੋਰਟ ਦੇ ਦਖ਼ਲ ਤੋਂ ਬਾਅਦ ਸਾਨੂੰ ਮੁੜ ਤੋਂ ਪਿਆਊ ਬਣਾਉਣ ਦੀ ਮਨਜ਼ੂਰੀ ਮਿਲ ਗਈ ਸੀ।
ਜੀਕੇ ਨੇ ਦਿੱਲੀ ਕਮੇਟੀ ਪ੍ਰਬੰਧਕਾਂ ਉੱਤੇ ਸਵਾਲਾਂ ਦੀ ਬੌਛਾਰ ਕਰਦੇ ਹੋਏ ਕਿਹਾ ਕਿ 11 ਨਵੰਬਰ 2020 ਨੂੰ ਦਿੱਲੀ ਹਾਈਕੋਰਟ ਦੀ ਬੈਂਚ ਨੇ ਗੁਰਦੁਆਰਾ ਸੀਸਗੰਜ ਸਾਹਿਬ ਤੱਕ ਕਾਰ ਤੋਂ ਆਉਣ ਦੇ ਇੱਛਕ ਸ਼ਰਧਾਲੂਆਂ ਨੂੰ ਕਾਰ ਸਣੇ ਆਉਣ ਦੇਣ ਦੀ ਦਿੱਲੀ ਕਮੇਟੀ ਵੱਲੋਂ ਲਗਾਈ ਗਈ ਪਟੀਸ਼ਨ ਬਰਖ਼ਾਸਤ ਕਰ ਦਿੱਤੀ ਸੀ। ਪਰ ਜਦੋਂ ਦਿੱਲੀ ਟਰੈਫ਼ਿਕ ਪੁਲਿਸ ਨੇ ਕਲ ਆਧਿਕਾਰਿਕ ਤੌਰ ਉੱਤੇ ‘ਨੌਂ ਐਂਟਰੀ’ ਦਾ ਬੋਰਡ ਟੰਗ ਦਿੱਤਾ ਤਾਂ ਦਿੱਲੀ ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੂੰ ਸਰਕਾਰ ਨੂੰ ਧਮਕੀ ਦੇਣ ਦੀ ਯਾਦ ਆ ਗਈ। ਕਮੇਟੀ ਇਹ ਦੱਸੇਂ ਕਿ ਦਿੱਲੀ ਹਾਈਕੋਰਟ ਤੋਂ ਇਸ ਮਾਮਲੇ ਵਿੱਚ ਆਸ ਵਿਰੁੱਧ ਆਦੇਸ਼ ਨਾ ਮਿਲਣ ਦੇ ਬਾਵਜੂਦ 7 ਮਹੀਨੇ ਅਤੇ 7 ਦਿਨ ਤੱਕ ਕਮੇਟੀ ਨੇ ਕੀ ਕੀਤਾ ?ਕਮੇਟੀ ਨੇ ਦਿੱਲੀ ਸਰਕਾਰ, ਉਪਰਾਜਪਾਲ, ਦਿੱਲੀ ਪੁਲਿਸ ਸਣੇ ਕਿਸ ਨਾਲ ਇਸ ਸਬੰਧ ਵਿੱਚ ਕਦੋਂ ਅਤੇ ਕਿਵੇਂ ਸੰਪਰਕ ਕੀਤਾ ਸੀ ? ਉਸ ਸੰਪਰਕ ਦਾ ਕੀ ਨਤੀਜਾ ਰਿਹਾ ਹੈ ? ਕੋਡਿਆ ਪੁਲ ਦੇ ਵੱਲੋਂ ਗੁਰਦੁਆਰਾ ਸਾਹਿਬ ਦੀ ਕਾਰ ਪਾਰਕਿੰਗ ਨੂੰ ਆਉਂਦੀ ਸੜਕ ਦੇ ਇਸਤੇਮਾਲ ਨੂੰ ਲੈ ਕੇ ਕਮੇਟੀ ਨੇ ਪੁਲਿਸ ਅਤੇ ਪ੍ਰਸ਼ਾਸਨ ਨੂੰ ਕੀ ਸੁਝਾਅ ਦਿੱਤੇ ਸਨ ਅਤੇ ਉਸ ਸਬੰਧੀ ਬੈਠਕਾਂ ਵਿੱਚ ਕਿਸ ਨੇ ਸੁਝਾਅ ਦਿੱਤੇ ਸਨ ਅਤੇ ਉਨ੍ਹਾਂ ਮੁਲਾਕਾਤਾਂ ਦੇ ‘ਮਿਨਟਸ ਆਫ਼ ਮੀਟਿੰਗ’ ਕਿੱਥੇ ਹਨ ? ਤੁਰੰਤ ਜਨਤਕ ਕੀਤੇ ਜਾਣ, ਤਾਕਿ ਇਸ ਗ਼ਲਤੀ ਦਾ ਦੋਸ਼ੀ ਸਾਹਮਣੇ ਆ ਸਕੇ।