ਨਵੀਂ ਦਿੱਲੀ – ਮੋਦੀ ਨੇ ਵੀਰਵਾਰ ਨੂੰ ਜੰਮੂ-ਕਸ਼ਮੀਰ ਦੇ 8 ਦਲਾਂ ਦੇ 14 ਨੇਤਾਵਾਂ ਦੇ ਨਾਲ 3 ਘੰਟੇ ਮੀਟਿੰਗ ਕੀਤੀ। ਇਸ ਬੈਠਕ ਦੇ ਤੁਰੰਤ ਬਾਅਦ ਹੀ ਨੈਸ਼ਨਲ ਕਾਨਫਰੰਸ ਦੇ ਆਗੂ ਉਮਰ ਅਬਦੁਲਾ ਨੇ ਕਿਹਾ ਕਿ ਇੱਕ ਮੁਲਾਕਾਤ ਨਾਲ ਦੂਰੀਆਂ ਘੱਟ ਨਹੀਂ ਹੋਣਗੀਆਂ। ਪੀਡੀਪੀ ਦੀ ਮੁੱਖੀ ਮਹਿਬੂਬਾ ਮੁਫ਼ਤੀ ਨੇ ਵੀ ਕਿਹਾ ਕਿ ਕਸ਼ਮੀਰ ਵਿੱਚ ਤਾਂ ਸਾਹ ਲੈਣਾ ਵੀ ਮੁਸ਼ਕਿਲ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਭਾਰਤ ਨੂੰ ਪਾਕਿਸਤਾਨ ਨਾਲ ਦੁਬਾਰਾ ਗੱਲਬਾਤ ਸੂੁਰੂ ਕਰਨੀ ਚਾਹੀਦੀ ਹੈ।
ਮਹਿਬੂਬਾ ਮੁਫ਼ਤੀ ਨੇ ਕਿਹਾ ਕਿ ਜੇ ਚੀਨ ਨਾਲ ਗੱਲਬਾਤ ਹੋ ਸਕਦੀ ਹੈ ਤਾਂ ਪਾਕਿਸਤਾਨ ਨਾਲ ਕਿਉਂ ਨਹੀਂ? ਉਨ੍ਹਾਂ ਨੇ ਕਿਹਾ ਕਿ 5 ਅਗੱਸਤ 2019 ਤੋਂ ਬਾਅਦ ਕਸ਼ਮੀਰ ਦੇ ਲੋਕ ਬਹੁਤ ਨਰਾਜ਼ ਹਨ। ਉਨ੍ਹਾਂ ਨੇ ਇਸ ਮੀਟਿੰਗ ਵਿੱਚ ਕਿਹਾ ਕਿ ਧਾਰਾ -370 ਨੂੰ ਗੈਰਕਾਨੂੰਨੀ ਢੰਗ ਨਾਲ ਹਟਾਇਆ ਗਿਆ ਹੈ, ਇਹ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਪਸੰਦ ਨਹੀਂ ਹੈ। ਅਸੀਂ ਇਸ ਦੇ ਖਿਲਾਫ਼ ਸੰਘਰਸ਼ ਕਰਦੇ ਰਹਾਂਗੇ ਅਤੇ ਇਸ ਨੂੰ ਬਹਾਲ ਕਰਵਾ ਕੇ ਹੀ ਰਹਾਂਗੇ। ਇਹ ਦਰਜ਼ਾ ਸਾਨੂੰ ਪਾਕਿਸਤਾਨ ਤੋਂ ਨਹੀਂ ਸੀ ਮਿਲਿਆ। ਇਹ ਸਾਨੂੰ ਜਵਾਹਰ ਲਾਲ ਨਹਿਰੂ ਅਤੇ ਵੱਲਭ ਭਾਈ ਪਟੇਲ ਨੇ ਦਿੱਤਾ ਸੀ। ਇਹ ਸਾਡੇ ਡੋਮਿਸਾਇਲ ਨੂੰ ਸੁਰੱਖਿਅਤ ਕਰਦਾ ਹੈ। ਉਨ੍ਹਾਂ ਅਨੁਸਾਰ ਜੇ ਧਾਰਾ – 370 ਨੂੰ ਹਟਾਉਣਾ ਹੀ ਸੀ ਤਾਂ ਵਿਧਾਨਸਭਾ ਨੂੰ ਹੀ ਬੁਲਾਇਆ ਜਾਣਾ ਚਾਹੀਦਾ ਸੀ। ਅਸੀਂ ਇਸ ਨੂੰ ਸੰਵਿਧਾਨਿਕ ਢੰਗ ਨਾਲ ਰੀ-ਸਟੋਰ ਕਰਨਾ ਚਾਹੁੰਦੇ ਹਾਂ।
ਉਨ੍ਹਾਂ ਨੇ ਕਿਹਾ ਕਿ ਰਾਜ ਵਿੱਚ ਯੂਏਪੀਏ ਦੀ ਸਖਤੀ ਬੰਦ ਹੋਵੇ ਅਤੇ ਜੇਲ੍ਹਾਂ ਵਿੱਚ ਬੰਦ ਕੈਦੀਆਂ ਨੂੰ ਰਿਹਾ ਕੀਤਾ ਜਾਵੇਗਾ। ਸਾਡੀਆਂ ਜਮੀਨਾਂ ਅਤੇ ਰੁਜ਼ਗਾਰ ਸੁਰੱਖਿਅਤ ਹੋਣੇ ਚਾਹੀਦੇ ਹਨ। ਰਾਜ ਦੇ ਲੋਕਾਂ ਦਾ 2019 ਦੇ ਬਾਅਦ ਜੋ ਨੁਕਸਾਨ ਹੋਇਆ ਹੈ, ਉਸ ਨੂੰ ਪੂਰਾ ਕਰਨ ਲਈ ਪੈਕਿਜ਼ ਦਿੱਤਾ ਜਾਣਾ ਚਾਹੀਦਾ ਹੈ। ਜੰਮੂ-ਕਸ਼ਮੀਰ ਦੇ ਲੋਕ ਤੰਗ ਆ ਗਏ ਹਨ ਕਿ ਜੇ ਜੋਰ ਨਾਲ ਸਾਹ ਵੀ ਲਿਆ ਜਾਵੇ ਤਾਂ ਉਨ੍ਹਾਂ ਨੂੰ ਜੇਲ੍ਹ ਵਿੱਚ ਸੁੱਟ ਦਿੱਤਾ ਜਾਂਦਾ ਹੈ।