ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਲਾਗੂ ਕੀਤੀਆਂ ਗਈਆਂ ਯਾਤਰਾ ਪਾਬੰਦੀਆਂ ਨੇ ਦੇਸ਼ ਭਰ ਦੇ ਹਵਾਈ ਅੱਡਿਆਂ ਦੀ ਕਮਰ ਤੋੜ ਦਿੱਤੀ ਹੈ। ਤਾਲਾਬੰਦੀ ਦੀਆਂ ਪਾਬੰਦੀਆਂ ਕਾਰਨ ਯਾਤਰੀਆਂ ਦੀ ਘੱਟ ਆਮਦ ਕਰਕੇ ਹਜਾਰਾਂ ਲੋਕਾਂ ਨੇ ਆਪਣੀਆਂ ਨੌਕਰੀਆਂ ਗਵਾਈਆਂ ਹਨ ਅਤੇ ਹਵਾਈ ਅੱਡਿਆਂ ਨੂੰ ਭਾਰੀ ਆਰਥਿਕ ਨੁਕਸਾਨ ਵੀ ਹੋਇਆ ਹੈ। ਗਲਾਸਗੋ ਦਾ ਹਵਾਈ ਅੱਡਾ ਵੀ ਮਹਾਂਮਾਰੀ ਦੀ ਮਾਰ ਤੋਂ ਬਚ ਨਹੀਂ ਸਕਿਆ। ਇਸ ਲਈ ਗਲਾਸਗੋ ਹਵਾਈ ਅੱਡੇ ‘ਤੇ ਕੰਮ ਕਰਨ ਵਾਲਿਆਂ ਨੇ ਚੱਲ ਰਹੀਆਂ ਪਾਬੰਦੀਆਂ ਦੇ ਵਿਰੋਧ ਵਿੱਚ ਬੁੱਧਵਾਰ ਨੂੰ ਦੇਸ਼-ਵਿਆਪੀ ਟ੍ਰੈਵਲ ਡੇਅ ਆਫ ਐਕਸ਼ਨ ਵਿਚ ਹਿੱਸਾ ਲਿਆ।
ਇਸ ਕਾਰਵਾਈ ਵਿੱਚ ਹਵਾਈ ਅੱਡੇ ਦਾ ਸਟਾਫ ਦੁਪਹਿਰ 2 ਵਜੇ ਏਅਰ ਫੀਲਡ’ ਤੇ ਇਕੱਠਾ ਹੋਇਆ ਅਤੇ ਅਣਵਰਤੇ ਹੋਏ ਵਾਹਨਾਂ ਦੀ ਵਰਤੋਂ ਕਰਕੇ ‘ਹੈਲਪ’ (ਸਹਾਇਤਾ) ਸ਼ਬਦ ਲਿਖਿਆ। ਇਸ ਮੌਕੇ ਟ੍ਰੈਵਲ ਏਜੰਟ, ਪਾਇਲਟ, ਟੂਰ ਆਪਰੇਟਰ ਅਤੇ ਕੈਬਿਨ ਚਾਲਕਾਂ ਨੇ ਗਰਮੀਆਂ ਵਿੱਚ ਹਵਾਬਾਜ਼ੀ ਦੇ ਖੇਤਰ ਨੂੰ ਮੁੜ ਤੋਂ ਖੋਲ੍ਹਣ ਲਈ ਸਕਾਟਲੈਂਡ ਅਤੇ ਯੂਕੇ ਦੀਆਂ ਸਰਕਾਰਾਂ ਨੂੰ ਸਹਾਇਤਾ ਕਰਨ ਲਈ ਕਿਹਾ ਟੀਕੇ ਦੇ ਰੋਲਆਉਟ ਨੂੰ ਵਧਾਉਣ ਦੀ ਵੀ ਬੇਨਤੀ ਕੀਤੀ। 2019 ਵਿੱਚ ਗਲਾਸਗੋ ਏਅਰਪੋਰਟ ਨੇ ਇਸ ਦਿਨ ਆਪਣੇ ਦਰਵਾਜ਼ਿਆਂ ਰਾਹੀਂ 34,000 ਯਾਤਰੀਆਂ ਦਾ ਸਵਾਗਤ ਕੀਤਾ ਸੀ ਜਦਕਿ ਬੁੱਧਵਾਰ ਨੂੰ ਇਹ ਗਿਣਤੀ ਸਿਰਫ 3,000 ਸੀ। ਇਸ ਮਹਾਂਮਾਰੀ ਦੇ ਦੌਰਾਨ ਏਅਰਪੋਰਟ ਨੂੰ ਹਰ ਮਹੀਨੇ 3 ਮਿਲੀਅਨ ਪੌਡ ਦਾ ਨੁਕਸਾਨ ਹੋ ਰਿਹਾ ਹੈ। ਏ ਜੀ ਐਸ ਏਅਰਪੋਰਟ ਲਿਮਟਿਡ ਦੇ ਮੁੱਖ ਕਾਰਜਕਾਰੀ ਡੈਰੇਕ ਪ੍ਰੋਵਾਨ ਦੇ ਅਨੁਸਾਰ ਉਹਨਾਂ ਨੇ ਸਕਾਟਲੈਂਡ ਦੇ ਟਾਪੂਆਂ ਲਈ ਲਾਈਫ ਲਾਈਨ ਉਡਾਣਾਂ, ਏਅਰ ਐਂਬੂਲੈਂਸ ਦੇ ਸੰਚਾਲਨ ਅਤੇ ਪੀ ਪੀ ਈ ਅਤੇ ਮੈਡੀਕਲ ਸਪਲਾਈ ਸਮੇਤ ਕਈ ਸੇਵਾਵਾਂ ਦੇ ਸਮਰਥਨ ਲਈ ਹਵਾਈ ਅੱਡਿਆਂ ਨੂੰ ਖੁੱਲਾ ਰੱਖਿਆ ਹੈ। ਜਿਆਦਾਤਰ ਹਵਾਈ ਅੱਡਿਆਂ ਨੇ ਪਿਛਲੇ ਸਾਲ ਮਾਰਚ ਤੋਂ ਹੁਣ ਤੱਕ ਖੁੱਲੇ ਅਤੇ ਕਾਰਜਸ਼ੀਲ ਰਹਿਣ ਲਈ ਹਰ ਮਹੀਨੇ 3 ਮਿਲੀਅਨ ਪੌਂਡ ਤੋਂ ਵੱਧ ਦਾ ਘਾਟਾ ਉਠਾਇਆ ਹੈ। ਹਵਾਈ ਅੱਡਿਆਂ ‘ਤੇ ਰੁਜ਼ਗਾਰ ਪ੍ਰਾਪਤ ਲੋਕਾਂ ਵਿਚੋਂ ਇਕ ਤਿਹਾਈ ਲੋਕਾਂ ਨੇ ਬਿਨਾਂ ਕਸੂਰ ਆਪਣੀ ਨੌਕਰੀ ਵੀ ਗਵਾਈ ਹੈ। ਇਸ ਲਈ ਇਸ ਖੇਤਰ ਨੂੰ ਮੁੜ ਤੋਂ ਬਹਾਲ ਕਰਨ ਲਈ ਸਰਕਾਰ ਤੋਂ ਸਹਾਇਤਾ ਦੀ ਮੰਗ ਕੀਤੀ ਗਈ ਹੈ।