ਫ਼ਤਹਿਗੜ੍ਹ ਸਾਹਿਬ – “ਬੀਜੇਪੀ-ਆਰ.ਐਸ.ਐਸ. ਉਹ ਕੱਟੜਵਾਦੀ ਪਾਰਟੀ ਹੈ ਜਿਸਦੀ ਨੀਤੀ ਇੰਡੀਆ ਦੀ ਕੱਟੜਵਾਦੀ ਸੋਚ ਅਧੀਨ ਹਿੰਦੂ ਰਾਸ਼ਟਰ ਕਾਇਮ ਕਰਨਾ ਹੈ । ਇਸਦਾ ਇਕ ਹੋਰ ਵੀ ਗੁੱਝਾ ਮਕਸਦ ਹੈ ਕਿ 1950 ਦੇ ਵਿਧਾਨ ਨੂੰ ਖ਼ਤਮ ਕਰਕੇ ਨਾਜੀਆ ਦੀ (1918-1933) ਅਡੋਲਫ ਹਿਟਲਰ ਵਾਲਾ ਤਾਨਾਸ਼ਾਹੀ ਰਾਜ ਕਾਇਮ ਕਰਨਾ ਵੀ ਹੈ । ਇਨ੍ਹਾਂ ਦੀਆਂ ਨੀਤੀਆਂ ਨਾਜੀ ਜਰਮਨਾਂ ਤੋਂ ਕਿਸੇ ਤਰ੍ਹਾਂ ਵੀ ਘੱਟ ਨਹੀਂ । ਜਿਵੇਂ ਡੋਨਾਲਡ ਟਰੰਪ ਦੀਆਂ ਕੱਟੜਵਾਦੀ ਨੀਤੀਆ ਰਹੀਆ ਹਨ । ਜੇਕਰ ਸਿੱਖ ਅੱਜ ਵੀ ਇਨ੍ਹਾਂ ਕੱਟੜਵਾਦੀ ਪਾਰਟੀਆ ਦੇ ਪਿੱਛ ਲੱਗ ਬਣ ਰਹੇ ਹਨ, ਤਾਂ ਉਹ ਖੁਦ ਹੀ ਆਪਣੀ ਕਬਰ ਖੋਦਣ ਦੇ ਭਾਗੀ ਹੋਣਗੇ । ਭਾਵੇਂਕਿ ਬੀਜੇਪੀ-ਆਰ.ਐਸ.ਐਸ, ਕਾਂਗਰਸ ਸਿੱਖ ਕੌਮ ਅਤੇ ਹੋਰ ਘੱਟ ਗਿਣਤੀ ਕੌਮਾ ਉਤੇ ਜ਼ਬਰ-ਜੁਲਮ ਕਰਨ ਲਈ ਹਮੇਸ਼ਾਂ ਇਕ ਹੁੰਦੀਆ ਹਨ, ਪਰ ਇਹ ਪਾਰਟੀਆਂ ਆਪਣੇ ਇਸ ਜਾਲਮਨਾਂ ਦੋਸ਼ਤੀ ਨੂੰ ਕਦੀ ਵੀ ਪ੍ਰਵਾਨ ਨਹੀਂ ਕਰਨਗੀਆ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਜੇਪੀ-ਆਰ.ਐਸ.ਐਸ. ਹਕੂਮਤ ਦੇ ਵਜ਼ੀਰ-ਏ-ਆਜ਼ਮ ਸ੍ਰੀ ਨਰਿੰਦਰ ਮੋਦੀ ਵੱਲੋਂ ਹੁਣੇ ਹੀ ਸਿੱਖਾਂ ਬਾਰੇ ਲਿਖੀਆ ਕਿਤਾਬਾਂ ਜਿਨ੍ਹਾਂ ਵਿਚ ਸਿੱਖਾਂ ਨੂੰ ਆਪਣੇ ਹਮਦਰਦ ਦਿਖਾਇਆ ਗਿਆ ਹੈ ਅਤੇ ਸਿੱਖਾਂ ਦੀ ਬਿਹਤਰੀ ਦੀ ਗੱਲ ਕੀਤੀ ਗਈ ਹੈ, ਇਨ੍ਹਾਂ ਕਿਤਾਬਾਂ ਰਾਹੀ ਸਮੁੱਚੀ ਦੁਨੀਆਂ ਅਤੇ ਸਿੱਖ ਕੌਮ ਨੂੰ ਗੁੰਮਰਾਹ ਕਰਨ ਅਤੇ ਇਨ੍ਹਾਂ ਬੀਜੇਪੀ-ਆਰ.ਐਸ.ਐਸ. ਅਤੇ ਕਾਂਗਰਸ ਜਾਲਮ ਪਾਰਟੀਆਂ ਤੋਂ ਸਿੱਖ ਕੌਮ ਅਤੇ ਜਮਹੂਰੀਅਤ ਪਸ਼ੰਦ ਮੁਲਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ 2013 ਵਿਚ ਗੁਜਰਾਤ ਸੂਬੇ ਵਿਚ ਜਦੋਂ ਉਥੇ ਸ੍ਰੀ ਮੋਦੀ ਮੁੱਖ ਮੰਤਰੀ ਸਨ, ਉਸ ਸਮੇਂ 60 ਹਜ਼ਾਰ ਸਿੱਖ ਜ਼ਿੰਮੀਦਾਰਾਂ ਨੂੰ ਉਨ੍ਹਾਂ ਦੀਆਂ ਮਲਕੀਅਤ ਜ਼ਮੀਨਾਂ-ਜ਼ਾਇਦਾਦਾਂ ਅਤੇ ਘਰਾਂ ਤੋਂ ਜ਼ਬਰੀ ਬੇਦਖਲ ਕਰ ਦਿੱਤਾ ਗਿਆ ਸੀ। ਪਰ ਦੁੱਖ ਅਤੇ ਅਫ਼ਸੋਸ ਹੈ ਕਿ ਸ. ਪ੍ਰਕਾਸ਼ ਸਿੰਘ ਬਾਦਲ ਇਨ੍ਹਾਂ ਉਜਾੜੇ ਗਏ 60 ਹਜ਼ਾਰ ਸਿੱਖਾਂ ਦੀ ਹਮਦਰਦੀ ਵਿਚ ਇਕ ਵੀ ਸ਼ਬਦ ਨਹੀਂ ਸਨ ਬੋਲੇ । ਉਸ ਸਮੇਂ ਸੈਂਟਰ ਵਿਚ ਕਾਂਗਰਸੀ ਸਰਕਾਰ ਦੇ ਸਿੱਖ ਵਜ਼ੀਰ-ਏ-ਆਜ਼ਮ ਸ. ਮਨਮੋਹਨ ਸਿੰਘ ਸਨ, ਉਨ੍ਹਾਂ ਨੇ ਵੀ ਸਿੱਖਾਂ ਉਤੇ ਹੋਏ ਜ਼ਬਰ-ਜੁਲਮ ਵਿਰੁੱਧ ਕੋਈ ਕਾਰਵਾਈ ਨਾ ਕੀਤੀ ।
2000 ਵਿਚ ਜਦੋਂ ਸੈਂਟਰ ਵਿਚ ਸ੍ਰੀ ਅਟੱਲ ਬਿਹਾਰੀ ਵਾਜਪਾਈ ਦੀ ਹਕੂਮਤ ਸੀ, ਉਸ ਸਮੇਂ ਇੰਡੀਅਨ ਫ਼ੌਜਾਂ ਨੇ ਜੰਮੂ-ਕਸ਼ਮੀਰ ਦੇ ਚਿੱਠੀ ਸਿੰਘ ਪੁਰਾ ਵਿਖੇ ਨਿਹੱਥੇ ਅਤੇ ਨਿਰਦੋਸ਼ 43 ਅੰਮ੍ਰਿਤਧਾਰੀ ਸਿੱਖਾਂ ਦਾ ਸਾਜ਼ਸੀ ਢੰਗ ਨਾਲ ਕਤਲੇਆਮ ਕਰ ਦਿੱਤਾ ਸੀ । ਉਸ ਸਮੇਂ ਦੀ ਅਮਰੀਕਾ ਦੀ ਸੈਕਟਰੀ ਆਫ਼ ਸਟੇਟ ਮੈਡਾਲਿਨ ਅਲਬ੍ਰਾਇਟ ਨੇ ਆਪਣੀ ਕਿਤਾਬ ਵਿਚ ਇਸ ਸਿੱਖ ਕਤਲੇਆਮ ਦੀ ਗੱਲ ਕਰਦੇ ਹੋਏ ਇੰਡੀਅਨ ਫ਼ੌਜ ਦੇ ਕਾਰਨਾਮੇ ਬਾਰੇ ਵਰਣਨ ਕੀਤਾ ਸੀ । ਜੋ ਇਸ ਕਤਲੇਆਮ ਦੇ ਸੱਚ ਨੂੰ ਪ੍ਰਤੱਖ ਕਰਦੀ ਹੈ । ਪਰ ਇਸਦੇ ਬਾਵਜੂਦ ਵੀ ਸਿੱਖਾਂ ਵੱਲੋਂ ਜੋਰਦਾਰ ਮੰਗ ਕਰਨ ਉਪਰੰਤ ਵੀ ਨਾ ਤਾਂ ਉਨ੍ਹਾਂ 43 ਸਿੱਖਾਂ ਦੇ ਕਤਲੇਆਮ ਦੀ ਕੋਈ ਜਾਂਚ ਕਰਵਾਈ ਗਈ ਅਤੇ ਨਾ ਹੀ ਸੰਬੰਧਤ ਕਾਤਲਾਂ ਨੂੰ ਕੋਈ ਸਜ਼ਾਵਾਂ ਦਿੱਤੀਆ ਗਈਆ ।
ਅਫਸਪਾ ਵਰਗੇ ਕਾਲੇ ਕਾਨੂੰਨਾਂ ਦੇ ਹੁੰਦੇ ਹੋਏ ਸਿੱਖ ਕੌਮ ਤੇ ਮੁਸ਼ਲਿਮ ਕੌਮ ਨੂੰ ਕਦੀ ਇਨਸਾਫ਼ ਨਹੀਂ ਮਿਲ ਸਕਦਾ । ਜਿਸ ਕਾਨੂੰਨ ਅਨੁਸਾਰ ਫ਼ੌਜ, ਅਰਧ ਸੈਨਿਕ ਬਲ ਅਤੇ ਪੁਲਿਸ ਕਿਸੇ ਵੀ ਨਾਗਰਿਕ ਨੂੰ ਜਦੋਂ ਚਾਹੇ ਉਠਾਕੇ ਲਿਜਾ ਸਕਦੀ ਹੈ, ਉਸ ਨਾਲ ਤਸੱਦਦ ਕਰ ਸਕਦੀ ਹੈ, ਜ਼ਬਰ-ਜ਼ਨਾਹ ਕਰ ਸਕਦੀ ਹੈ, ਉਸਦੀਆਂ ਲੱਤਾਂ-ਬਾਹਾਂ ਤੋੜ ਸਕਦੀ ਹੈ, ਉਸਨੂੰ ਮੌਤ ਦੇ ਮੂੰਹ ਵਿਚ ਵੀ ਧਕੇਲ ਸਕਦੀ ਹੈ । ਜਿਸ ਅਧੀਨ ਕਸ਼ਮੀਰੀਆਂ ਅਤੇ ਸਿੱਖਾਂ ਦੀ ਕੋਈ ਸੁਰੱਖਿਆ ਨਹੀਂ ਹੈ । ਸੁਪਰੀਮ ਕੋਰਟ ਜੋ ਇੰਡੀਅਨ ਵਿਧਾਨ ਦੀ ਰੱਖਿਅਕ ਹੈ, ਉਹ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਖ਼ਤਮ ਕਰਨ ਲਈ ਕੋਈ ਜ਼ਿੰਮੇਵਾਰੀ ਨਹੀਂ ਨਿਭਾਅ ਰਹੀ । ਜਿਸ ਨਾਲ ਵਿਧਾਨ ਦੀ ਧਾਰਾ 21 ਜੋ ਸਭਨਾਂ ਨੂੰ ਆਜ਼ਾਦੀ ਨਾਲ ਜ਼ਿੰਦਗੀ ਜਿਊਂਣ ਦਾ ਹੱਕ ਪ੍ਰਦਾਨ ਕਰਦੀ ਹੈ, ਉਸਦੀ ਕੋਈ ਰੱਖਿਆ ਨਹੀਂ ਕੀਤੀ ਜਾ ਰਹੀ ।
ਉਨ੍ਹਾਂ ਕਿਹਾ ਕਿ 1984 ਵਿਚ ਇੰਡੀਆ ਦੀ ਵਜ਼ੀਰ-ਏ-ਆਜ਼ਮ ਮਰਹੂਮ ਇੰਦਰਾ ਗਾਂਧੀ ਨੇ ਤਿੰਨ ਮੁਲਕਾਂ ਬਰਤਾਨੀਆ, ਸੋਵੀਅਤ ਰੂਸ ਅਤੇ ਇੰਡੀਆ ਦੀਆਂ ਫ਼ੌਜਾਂ ਨਾਲ ਗੈਰ-ਕਾਨੂੰਨੀ ਤੇ ਅਣਮਨੁੱਖੀ ਢੰਗ ਨਾਲ ਦਰਬਾਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਉਤੇ ਫ਼ੌਜੀ ਹਮਲਾ ਕਰਕੇ ਢਹਿ-ਢੇਰੀ ਹੀ ਨਹੀਂ ਕੀਤੇ, ਬਲਕਿ ਸਿੱਖ ਰੈਫਰੈਸ ਲਾਈਬ੍ਰੇਰੀ, ਸਿੱਖ ਕੌਮ ਦਾ ਤੋਸਾਖਾਨਾ ਦੀਆਂ ਬੇਸ਼ਕੀਮਤੀ ਵਸਤਾਂ, ਇਤਿਹਾਸ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਹੱਥ ਲਿਖਤ ਬੀੜਾ ਲੁੱਟਕੇ ਲੈ ਗਈ ਜੋ ਸਿੱਖ ਕੌਮ ਨੂੰ ਵਾਪਸ ਨਹੀਂ ਕੀਤੇ ਗਏ । ਉਸ ਸਮੇਂ ਬੀਜੇਪੀ ਦੇ ਆਗੂ ਸ੍ਰੀ ਅਟੱਲ ਬਿਹਾਰੀ ਵਾਜਪਾਈ ਨੇ ਮਰਹੂਮ ਇੰਦਰਾ ਗਾਂਧੀ ਨੂੰ ‘ਦੁਰਗਾ ਮਾਤਾ’ ਦਾ ਖਿਤਾਬ ਦੇ ਕੇ ਸਨਮਾਨਿਆ ਸੀ ਅਤੇ ਐਲ.ਕੇ. ਅਡਵਾਨੀ ਨੇ ਕਿਹਾ ਸੀ ਕਿ ਇਹ ਹਮਲਾ 6 ਮਹੀਨੇ ਪਹਿਲਾ ਹੋਣਾ ਚਾਹੀਦਾ ਸੀ । ਜਿਸ ਨੂੰ ਉਸਨੇ ਆਪਣੇ ਵੱਲੋਂ ਲਿਖੀ ਕਿਤਾਬ ‘ਮਾਈ ਕੰਟਰੀ, ਮਾਈ ਲਾਇਫ’ ਵਿਚ ਵੀ ਪ੍ਰਵਾਨ ਕੀਤਾ ਹੈ । 1984 ਵਿਚ ਸਟੇਟਲੈਸ ਸਿੱਖ ਕੌਮ ਉਤੇ ਇੰਦਰਾ ਗਾਂਧੀ ਦੀ ਅਗਵਾਈ ਹੇਠ ਕਾਂਗਰਸ, ਬੀਜੇਪੀ-ਆਰ.ਐਸ.ਐਸ. ਜਮਾਤਾਂ ਨੇ ਮਿਲਕੇ ਸਿੱਖ ਕੌਮ ਦਾ ਕਤਲੇਆਮ, ਨਸ਼ਲਕੁਸੀ, ਨਸ਼ਲੀ ਸਫ਼ਾਈ ਅਤੇ ਸਾਡੀਆ ਇਤਿਹਾਸਿਕ ਯਾਦਗਰਾਂ ਨੂੰ ਖ਼ਤਮ ਕਰਨ ਵਿਚ ਤਿੰਨੇ ਜਮਾਤਾਂ ਇਕ ਸਨ ।
ਜਿਨ੍ਹਾਂ ਸਿੱਖਾਂ ਦੀ ਸ੍ਰੀ ਮੋਦੀ ਗੱਲ ਕਰ ਰਹੇ ਹਨ, ਉਨ੍ਹਾਂ ਵਿਚ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਉਨ੍ਹਾਂ ਵਰਗੇ ਆਪਣੇ ਮਾਲੀ, ਪਰਿਵਾਰਿਕ ਤੇ ਸਿਆਸੀ ਸਵਾਰਥਾਂ ਦੇ ਗੁਲਾਮ ਬਣੇ ਸਿੱਖ ਅੱਜ ਵੀ ਇਨ੍ਹਾਂ ਜ਼ਾਬਰਾਂ ਨੂੰ ਸਾਥ ਦੇ ਰਹੇ ਹਨ । ਜਿਸਦੀ ਪ੍ਰਤੱਖ ਉਦਾਹਰਣ ਤੇ ਸਬੂਤ ਇਹ ਹਨ ਕਿ ਇਹ ਪੱਗੜੀਧਾਰੀ ਆਗੂ ਹਵਨ ਪੂਜਾ ਕਰ ਰਹੇ ਹਨ, ਮੱਥੇ ਤੇ ਤਿਲਕ ਲਗਾ ਰਹੇ ਹਨ, ਆਰ.ਐਸ.ਐਸ. ਦੇ ਮੁੱਖੀ ਦੇ ਪੈਰਾ ਨੂੰ ਛੂਹ ਰਹੇ ਹਨ ਅਤੇ ਉਨ੍ਹਾਂ ਦੀ ਗੁਲਾਮੀਅਤ ਨੂੰ ਪ੍ਰਵਾਨ ਕਰ ਰਹੇ ਹਨ, ਉਨ੍ਹਾਂ ਦੀਆਂ ਸਾਜ਼ਿਸਾਂ ਵਿਚ ਭਾਈਵਾਲ ਹਨ, ਸਬੂਤ ਵੱਜੋਂ ਨਿਮਨ ਫੋਟੋਆ ਪ੍ਰਕਾਸ਼ਿਤ ਕੀਤੀਆ ਜਾ ਰਹੀਆ ਹਨ । ਇਕ ਬਹੁਤ ਮਸਹੂਰ ਕਵੀ ਤੇ ਲੇਖਕ ਰੁਡਿਆਡ ਕਿਪਲਿੰਗ ਨੇ ਕਿਹਾ ਹੈ ਕਿ ”ਪੂਰਬ ਪੂਰਬ ਹੈ ਅਤੇ ਪੱਛਮ ਪੱਛਮ ਹੈ, ਇਹ ਦੋਵੇ ਦਿਸਾਵਾਂ ਕਦੀ ਵੀ ਨਹੀਂ ਮਿਲ ਸਕਦੀਆ”। ਇਸ ਲਈ ਅਸੀਂ ਦੁਨੀਆ ਦੇ ਸਭ ਮੁਲਕਾਂ ਅਤੇ ਸਿੱਖ ਕੌਮ ਨੂੰ ਇਹ ਜਾਣਕਾਰੀ ਦੇਣਾ ਆਪਣਾ ਫਰਜ ਸਮਝਦੇ ਹਾਂ ਕਿ ਕਾਂਗਰਸ, ਬੀਜੇਪੀ-ਆਰ.ਐਸ.ਐਸ. ਤਿੰਨੇ ਜ਼ਾਬਰ ਅਤੇ ਜਾਲਮ ਸਿੱਖ ਕੌਮ ਦੀਆਂ ਦੁਸ਼ਮਣ ਜਮਾਤਾਂ ਹਨ ਅਤੇ ਦੁਸ਼ਮਣ ਹੀ ਰਹਿਣਗੀਆ । ਇਹ ਭਾਵੇ ਸਿੱਖ ਕੌਮ ਦਾ ਹਵਾਲਾ ਦੇ ਕੇ ਕਿਤਾਬਾ ਲਿਖਣ ਜਾਂ ਸ. ਬਾਦਲ ਵਰਗੇ ਆਗੂਆਂ ਨੂੰ ਸਟੇਜ਼ਾਂ ਤੇ ਨਾਲ ਬਿਠਾਕੇ ਸਿੱਖਾਂ ਦੇ ਹਮਦਰਦ ਹੋਣ ਦਾ ਕਿੰਨਾ ਵੀ ਪਾਖੰਡ ਤੇ ਗੁੰਮਰਾਹਕੁੰਨ ਪ੍ਰਚਾਰ ਕਰ ਲੈਣ, ਇਹ ਸਿੱਖ ਕੌਮ ਦੇ ਦੁਸ਼ਮਣ ਹਨ ਅਤੇ ਦੁਸ਼ਮਣ ਹੀ ਰਹਿਣਗੇ ਅਤੇ ਸਿੱਖ ਕੌਮ ਤੇ ਘੱਟ ਗਿਣਤੀ ਕੌਮਾਂ ਨੂੰ ਇਨ੍ਹਾਂ ਤਿੰਨੇ ਜਾਲਮ ਜਮਾਤਾਂ ਉਤੇ ਕਦੀ ਵੀ ਵਿਸਵਾਸ ਨਹੀਂ ਕਰਨਾ ਚਾਹੀਦਾ । ਬਲਕਿ ਉਨ੍ਹਾਂ ਦੀ ਹਰ ਪੱਖੋ ਹਿਫਾਜਤ ਤੇ ਰੱਖਿਆ ਕਰਨ ਵਾਲੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਉਹ ਜਮਾਤ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਨੁੱਖਤਾ ਪੱਖੀ ਮਿਸ਼ਨ ਉਤੇ ਪਹਿਰਾ ਦੇ ਕੇ ਸਮੁੱਚੀ ਮਨੁੱਖਤਾ ਦੀ ਬਿਹਤਰੀ ਲਈ ਹਲੀਮੀ ਰਾਜ ਸਥਾਪਿਤ ਕਰਨ ਲਈ ਯਤਨਸ਼ੀਲ ਹੈ, ਉਨ੍ਹਾਂ ਨੂੰ ਹਰ ਪੱਖੋ ਸਹਿਯੋਗ ਕਰਨਾ ਚਾਹੀਦਾ ਹੈ ।