ਮਾਨਾਵਾਲਾ / ਅੰਮ੍ਰਿਤਸਰ – ਕਿਸਾਨ ਸੰਘਰਸ਼ ਦੀ ਫ਼ਤਿਹਯਾਬੀ ਲਈ ਸ੍ਰੀ ਸਹਿਜ ਪਾਠ ਦੀ ਚਲਾਈ ਗਈ ਲੜੀ ਦੌਰਾਨ ਅੱਜ ਦੋ ਸਹਿਜ ਪਾਠਾਂ ਦੇ ਭੋਗ ਉਪਰੰਤ ਸੱਤਵੇਂ ਅਤੇ ਅੱਠਵੇਂ ਸਹਿਜ ਪਾਠਾਂ ਦੀ ਆਰੰਭਤਾ ਕੀਤੀ ਗਈ। ਇਸ ਮੌਕੇ ਸਰਬੱਤ ਦੇ ਭਲੇ, ਕਿਸਾਨ ਸੰਘਰਸ਼ ਦੀ ਕਾਮਯਾਬੀ ਅਤੇ ਚੜ੍ਹਦੀਕਲਾ ਲਈ ਅਰਦਾਸ ਕੀਤੀ ਹੈ।
ਸਮਾਗਮ ਦੇ ਪ੍ਰਬੰਧਕ ਭਾਈ ਇਕਬਾਲ ਸਿੰਘ ਤੁੰਗ ਅਤੇ ਪ੍ਰੋ: ਸਰਚਾਂਦ ਸਿੰਘ ਖਿਆਲਾ ਨੇ ਦੱਸਿਆ ਕਿ ਕਿਸਾਨੀ ਸੰਘਰਸ਼ ਦੀ ਫ਼ਤਿਹਯਾਬੀ ਲਈ ਸਹਿਜ ਪਾਠਾਂ ਦੀ ਲੜੀ ਬਾਬਾ ਜਸਪਾਲ ਸਿੰਘ ਮੰਜੀ ਸਾਹਿਬ ਕਾਰਸੇਵਾ ਗੁ: ਚਮਰੰਗ ਰੋਡ ਵੱਲੋਂ ਸੰਤ ਸਮਾਜ ਅਤੇ ਸੰਗਤ ਦੇ ਸਹਿਯੋਗ ਨਾਲ ਪਿੰਡ ਮਾਨਾਵਾਲਾ ’ਚ ਸਥਿਤ ਸ੍ਰੀ ਗੁਰੂ ਰਾਮਦਾਸ ਜੀ ਲੰਗਰ ਹਾਲ ਵਡਾਲੀ ਡੋਗਰਾਂ ਵਿਖੇ 8 ਜੂਨ ਤੋਂ ਨਿਰੰਤਰ ਚੱਲ ਰਹੀ ਹੈ ਅਤੇ ਇਲਾਕੇ ਦੀਆਂ ਸੰਗਤਾਂ ਵਿਚ ਇਸ ਪ੍ਰਤੀ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਅੱਜ ਸਹਿਜ ਪਾਠਾਂ ਦੀ ਲੜੀ ਦੌਰਾਨ ਮੈਂਬਰ ਪਾਰਲੀਮੈਂਟ ਸ: ਗੁਰਜੀਤ ਸਿੰਘ ਔਜਲਾ ਦੇ ਓ ਐਸ ਡੀ ਅਤੇ ਮਾਨਾਵਾਲਾ ਦੇ ਸਰਪੰਚ ਸ: ਸੁਖਰਾਜ ਸਿੰਘ ਰੰਧਾਵਾ ਅਤੇ ਸੁਰਿੰਦਰ ਸਿੰਘ ਰੰਧਾਵਾ ਵੱਲੋਂ ਰਖਾਏ ਗਏ ਦੋ ਸਹਿਜ ਪਾਠਾਂ ਦੇ ਭੋਗ ਉਪਰੰਤ ਮੈਂਬਰ ਪਾਰਲੀਮੈਂਟ ਸ: ਗੁਰਜੀਤ ਸਿੰਘ ਔਜਲਾ ਅਤੇ ਸਰਬਜੀਤ ਸਿੰਘ ਵਡਾਲੀ ਡੋਗਰਾਂ ਦੀਆਂ ਸੰਗਤਾਂ ਵੱਲੋਂ ਦੋ ਹੋਰ ਸਹਿਜ ਪਾਠਾਂ ਦੀ ਅਰੰਭਤਾ ਕੀਤੀ ਗਈ। ਭਾਈ ਤੁੰਗ ਅਤੇ ਪ੍ਰੋ: ਖਿਆਲਾ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਕਿਸਾਨੀ ਮਾਮਲੇ ’ਚ ਤੁਰੰਤ ਦਖ਼ਲ ਦੇਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜਮਹੂਰੀਅਤ ਦਾ ਘਾਣ ਕੀਤਾ ਜਾ ਰਿਹਾ ਹੈ, ਅਜਿਹੀ ਹਾਲਤ ‘ਚ ਸੰਵਿਧਾਨਕ ਪ੍ਰਣਾਲੀ ਦੇ ਮੁਖੀ ਵਜੋਂ ਤੁਹਾਡੀ ਸਭ ਤੋਂ ਵੱਡੀ ਜ਼ਿੰਮੇਵਾਰੀ ਬਣ ਜਾਂਦੀ ਹੈ । ਉਨ੍ਹਾਂ ਕਿਹਾ ਕਿ ਪੂਰੇ ਦੇਸ਼ ਵਿਚ ਰਾਜਪਾਲਾਂ ਰਾਹੀਂ ਰਾਸ਼ਟਰਪਤੀ ਦੇ ਨਾਂਅ ਰੋਸ ਪੱਤਰ ਦੇਣ ਲਈ ਕਿਸਾਨਾਂ ਨਾਲ ਸ਼ਾਮਿਲ ਹੋਣ ਵਾਲਿਆਂ ’ਚ ਬਹੁਗਿਣਤੀ ਆਮ ਲੋਕਾਂ ਦੀ ਸ਼ਮੂਲੀਅਤ ਇਸ ਗਲ ਦੀ ਗਵਾਹੀ ਦੇ ਰਹੀ ਹੈ ਕਿ ਹੁਣ ਕੇਂਦਰ ਦੀ ਅੜੀਅਲ ਰਵੱਈਏ ਖ਼ਿਲਾਫ਼ ਸਾਰਾ ਦੇਸ਼ ਕਿਸਾਨਾਂ ਨਾਲ ਖੜ੍ਹ ਗਿਆ ਹੈ ਅਤੇ ਹੁਣ ਕੇਂਦਰੀ ਹਕੂਮਤ ਵੱਲੋਂ ਕਿਸਾਨਾਂ ਨੂੰ ਦਬਾਉਣ ਵਾਲੇ ਕਾਲੇ ਕਾਨੂੰਨ ਵਾਪਸ ਲੈ ਲੈਣੇ ਚਾਹੀਦੇ ਹਨ ਙ ਉਨ੍ਹਾਂ ਚੰਡੀਗੜ੍ਹ ’ਚ ਸ਼ਾਂਤਮਈ ਮਾਰਚ ਕੱਢ ਰਹੇ ਕਿਸਾਨਾਂ ’ਤੇ ਪੁਲਿਸ ਵੱਲੋਂ ਪਾਣੀ ਦੀਆਂ ਬੁਛਾੜਾਂ ਛੱਡਣ ਦੀ ਨਿਖੇਧੀ ਕੀਤੀ। ਉਨ੍ਹਾਂ ਕੇਂਦਰ ਸਰਕਾਰ ਨੂੰ ਬਿਨਾ ਸ਼ਰਤ ਕਿਸਾਨਾਂ ਨੂੰ ਗੱਲਬਾਤ ਦਾ ਸੱਦਾ ਦੇਣ ਲਈ ਕਿਹਾ। ਉਨ੍ਹਾਂ ਕਿਹਾ ਕਿ ਦੇਸ਼ ‘ਚ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਲਗਾਈ ਗਈ ਅਣਐਲਾਨੀ ਐਮਰਜੈਂਸੀ ਕਿਸਾਨੀ ਸੰਘਰਸ਼ ਨੂੰ ਰੋਕਣ ’ਚ ਨਾਕਾਮ ਰਹੇਗੀ। ਕਿਸਾਨ ਅੰਦੋਲਨ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਕੇਂਦਰ ਸਰਕਾਰ ਤਿੰਨੋਂ ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਕਰਦੀ ਙ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਖੇਤੀ ਬਾਜ਼ਾਰਾਂ ਸੰਬੰਧੀ ਕਾਨੂੰਨ ਬਣਾਉਣ ਦਾ ਅਧਿਕਾਰ ਨਹੀਂ ਹੈ ਇਸ ਲਈ ਖੇਤੀਬਾੜੀ ਦੇ ਤਿੰਨੋਂ ਕਾਨੂੰਨ ਗ਼ੈਰ-ਸੰਵਿਧਾਨਕ ਹਨ। ਖੇਤੀ ਕਾਨੂੰਨ ਬਣਾਉਣ ਤੋਂ ਪਹਿਲਾਂ ਕਿਸਾਨਾਂ ਨਾਲ ਸਲਾਹ-ਮਸ਼ਵਰਾ ਨਹੀਂ ਕੀਤਾ ਗਿਆ। ਭਾਜਪਾ ਨੇ ਚੋਣਾਂ ਦੌਰਾਨ ਸਵਾਮੀਨਾਥਨ ਕਮਿਸ਼ਨ ਦੇ ਫ਼ਾਰਮੂਲੇ ਨੂੰ ਲਾਗੂ ਕਰਨ ਦਾ ਵਾਅਦਾ ਕੀਤਾ ਸੀ ਪਰ ਚੋਰ ਦਰਵਾਜ਼ੇ ਰਾਹੀਂ ਖੇਤੀ ਆਰਡੀਨੈਂਸ ਲਾਗੂ ਕਰਦਿਆਂ ਕਿਸਾਨੀ ਨੂੰ ਧੋਖਾ ਦਿੱਤਾ ਗਿਆ। ਉਨਾਂ ਪਿਛਲੇ ਸੱਤ ਮਹੀਨਿਆਂ ਤੋਂ ਕਿਸਾਨੀ ਅੰਦੋਲਨ ‘ਚ ਜਾਨ ਗਵਾ ਚੁੱਕੇ 500 ਤੋਂ ਵੱਧ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਸਰਪੰਚ ਸੁਖਰਾਜ ਸਿੰਘ ਰੰਧਾਵਾ ਮਾਨਾਵਾਲਾ, ਸੁਰਿੰਦਰ ਸਿੰਘ ਰੰਧਾਵਾ, ਸਰਪੰਚ ਬਲਬੀਰ ਸਿੰਘ ਵਡਾਲੀ ਡੋਗਰਾਂ, ਭਾਈ ਸਤਨਾਮ ਸਿੰਘ ਅਕਾਲੀ, ਅਜੀਤ ਸਿੰਘ ਤਲਵੰਡੀ ਡੋਗਰਾਂ, ਬਲਵਿੰਦਰ ਸਿੰਘ ਵਡਾਲੀ, ਜਸਵਿੰਦਰ ਸਿੰਘ ਰਾਜਾਸਾਂਸੀ, ਗੁਰਬੀਰ ਸਿੰਘ ਲੁਹਾਰਕਾ, ਡਾ: ਚਰਨਜੀਤ ਸਿੰਘ ਬੰਡਾਲਾ, ਪ੍ਰੋ: ਸਰਦੂਲ ਸਿੰਘ, ਕੁਲਜੀਤ ਸਿੰਘ , ਜੈਪਾਲ ਸਿੰਘ ਢਿੱਲੋਂ ਮੈਂਬਰ ਬਲਾਕ ਸੰਮਤੀ, ਡਾ: ਬਲਜੀਤ ਸਿੰਘ, ਅਰਪਿੰਦਰ ਸਿੰਘ, ਇਕਬਾਲ ਸਿੰਘ ਵਡਾਲੀ, ਅਤੇ ਬਿਕਰਮਜੀਤ ਸਿੰਘ ਵੀ ਮੌਜੂਦ ਸਨ।