ਮਹਿਤਾ ਚੌਕ – ਦਮਦਮੀ ਟਕਸਾਲ ਦੇ ਬਾਰ੍ਹਵੇਂ ਮੁਖੀ ਪੰਥ ਰਤਨ ਸੰਤ ਗਿਆਨੀ ਗੁਰਬਚਨ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੀ 52ਵੀਂ ਬਰਸੀ ‘ਤੇ ਸਲਾਨਾ ਜੋੜ ਮੇਲਾ ਦਮਦਮੀ ਟਕਸਾਲ ਦੇ ਹੈੱਡਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਪੂਰੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਨੇ ਸਿੱਖ ਕੌਮ ਨੂੰ ਦਰਪੇਸ਼ ਮਾਮਲਿਆਂ ਦੇ ਹੱਲ ਲਈ ਸਿਰ ਜੋੜ ਕੇ ਬੈਠਣ ਤੇ ਗੁਰਮਤਿ ਦੀ ਸਾਂਝ ਪਾਉਣ ਦੀ ਲੋੜ ‘ਤੇ ਜ਼ੋਰ ਦਿੱਤਾ। ਪ੍ਰੋ ਸਰਚਾਂਦ ਸਿੰਘ ਮੁਤਾਬਕ ਉਨ੍ਹਾਂ ਕਿਹਾ ਕਿ ਦਮਦਮੀ ਟਕਸਾਲ ਪੰਥ ਦੀ ਰੂਹ ਹੈ, ਜਿਸ ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਸਮੇਂ ਤੋਂ ਪੰਥ ਨੂੰ ਸਮਰਪਿਤ ਹੋ ਕੇ ਅਤੇ ਨਿਸ਼ਕਾਮ ਰਹਿ ਕੇ ਕੌਮ ਦੀ ਸੇਵਾ ਕੀਤੀ। ਅੰਗਰੇਜ਼ ਰਾਜਕਾਲ ’ਚ ਵੀ ਇਸ ਜਥੇਬੰਦੀ ਨੇ ਗੁਰਦੁਆਰਾ ਸੁਧਾਰ ਲਹਿਰ ’ਚ ਅਹਿਮ ਯੋਗਦਾਨ ਪਾਉਣ ਤੋਂ ਇਲਾਵਾ ਜ਼ਾਲਮ ਸਰਕਾਰ ਖ਼ਿਲਾਫ਼ ਸੰਗਤ ਨੂੰ ਲਾਮਬੰਦ ਕਰਨ ਲਈ ਗੁਰਮਤਿ ਦੀਵਾਨ ਸਜਾਏ ਗਏ। ਦਮਦਮੀ ਟਕਸਾਲ ਵੱਲੋਂ ਸੰਗਤ ਨੂੰ ਜਾਗਰੂਕ ਕਰਨ ਦਾ ਇਹ ਕਾਰਜ 20ਵੀਂ ਸਦੀ ’ਚ ਵੀ ਅਤੇ ਹੁਣ ਤਕ ਵੀ ਨਿਰੰਤਰ ਜਾਰੀ ਹੈ। ਉਨ੍ਹਾਂ ਸੰਤ ਗਿਆਨੀ ਗੁਰਬਚਨ ਸਿੰਘ ਜੀ ਖ਼ਾਲਸਾ ਦੇ ਜੀਵਨ ਬਾਰੇ ਰੌਸ਼ਨੀ ਪਾਉਂਦਿਆਂ ਕਿਹਾ ਕਿ ਮਹਾਂਪੁਰਸ਼ਾਂ ਦਾ ਜੀਵਨ ਸਾਡੇ ਲਈ ਪ੍ਰੇਰਨਾ ਸ੍ਰੋਤ ਹਨ, ਆਪ ਜੀ ਉੱਚ ਕੋਟੀ ਦੇ ਕਾਵਿ ਗਿਆਤਾ ਅਤੇ ਨਾਮ ਰਸ ਵਿਚ ਭਿੱਜੀ ਹੋਈ ਮਹਾਨ ਆਤਮਾ , ਚਲਦੀ-ਫਿਰਦੀ ਯੂਨੀਵਰਸਿਟੀ ਸਨ ਅਤੇ ਗੁਰਮਤਿ ਮਰਿਆਦਾ ‘ਤੇ ਪੂਰਨ ਪਹਿਰਾ ਦੇਣ ਵਾਲੇ ਸਨ। ਜਿਨ੍ਹਾਂ ਹਜ਼ਾਰਾਂ ਸਿੰਘਾਂ ਨੂੰ ਗੁਰਮਤਿ ਵਿੱਦਿਆ ਪੜ੍ਹਾਉਣ, ਗੁਰਬਾਣੀ ਦੀ ਸ਼ੁੱਧ ਸੰਥਿਆ ਅਤੇ ਅਰਥ ਪੜ੍ਹਾਉਣ ਦੀ ਨਿਸ਼ਕਾਮ ਸੇਵਾ ਤੇ ਜ਼ਿੰਮੇਵਾਰੀ ਅਖੀਰਲੇ ਸਵਾਸਾਂ ਤੱਕ ਨਿਭਾਉਂਦਿਆਂ ਅਨਮੋਲ ਖ਼ਜ਼ਾਨਾ ਵੰਡਿਆ ।
ਮਹਾਂ ਪੁਰਖਾਂ ਦੇ ਪਰਉਪਕਾਰਾਂ ਦੀ ਗਲ ਕਰਦਿਆਂ ਓੁਨਾਂ ਕਿਹਾ ਕਿ ਸੰਤ ਗਿਆਨੀ ਗੁਰਬਚਨ ਸਿੰਘ ਜੀ ਨੇ 40 ਸਾਲ ਹਿੰਦੁਸਤਾਨ ਦੇ ਕੋਨੇ ਕੋਨੇ ਵਿਚਰ ਕੇ ਗੁਰਬਾਣੀ ਕਥਾ ਰਾਹੀਂ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੋੜਿਆ। ਅਨੇਕਾਂ ਨੌਜਵਾਨਾਂ ਤੋਂ ਨਸ਼ਾ ਛੁਡਾਉਣ ਅਤੇ ਅਨੇਕਾਂ ਨੂੰ ਅੰਮ੍ਰਿਤ ਛਕਾਇਆ। ਉਨ੍ਹਾਂ ਦੇਹਧਾਰੀ ਗੁਰੂ ਡੰਮ੍ਹ ਦਾ ਸਖ਼ਤ ਵਿਰੋਧ ਕੀਤਾ ਅਤੇ ਪੰਥ ਵਿਚ ਜਾਗ੍ਰਿਤੀ ਪੈਦਾ ਕੀਤੀ। ਜਿਨ੍ਹਾਂ ਦੇ ਨਕਸ਼ੇ ਕਦਮਾਂ ਤੇ ਸੰਤ ਗਿਆਨੀ ਕਰਤਾਰ ਸਿੰਘ ਜੀ ਖ਼ਾਲਸਾ, ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ ਚਲੇ ਅਤੇ ਕੌਮ ਨੂੰ ਅਗਵਾਈ ਦਿੱਤੀ। ਇਸ ਮੌਕੇ ਬੋਲਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਜਸਵੀਰ ਸਿੰਘ ਖ਼ਾਲਸਾ ਨੇ ਕਿਹਾ ਕਿ ਸਿੱਖ ਕੌਮ ਦੇ ਮਹਾਨ ਰੁਤਬੇ ਸਾਡੇ ਲਈ ਸਤਿਕਾਰਯੋਗ ਹਨ ਪਰ ਇਨ੍ਹਾਂ ਅਹੁਦਿਆਂ ’ਤੇ ਬੈਠੇ ਕੁਝ ਵਿਅਕਤੀਆਂ ਦੀਆਂ ਕੌਮੀ ਫ਼ਰਜ਼ਾਂ ਪ੍ਰਤੀ ਅਵੇਸਲਾਪਣ ਕੌਮ ਦੀ ਚੜ੍ਹਦੀਕਲਾ ’ਚ ਰੁਕਾਵਟਾਂ ਪੈਦਾ ਕਰ ਰਹੀਆਂ ਹਨ। ਉਨਾ ਜ਼ਿੰਮੇਵਾਰ ਵਿਅਕਤੀਆਂ ਨੂੰ ਵਾਪਰ ਰਹੀਆਂ ਘਟਨਾਵਾਂ ਵਿਸ਼ੇਸ਼ ਕਰ ਕੇ ਬੇਅਦਬੀਆਂ ਵਲ ਸਖ਼ਤ ਧਿਆਨ ਦੇਣ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਸਮੁੱਚੀ ਕੌਮ ਇਨਾ ਵਿਸ਼ੇਸ਼ ਵਿਅਕਤੀਆਂ ਦਾ ਇਸੇ ਕਰ ਕੇ ਸਨਮਾਨ ਕਰਦੀਆਂ ਹਨ ਕਿਉਂਕਿ ਇਨ੍ਹਾਂ ਨੇ ਹੀ ਮੀਰੀ ਪੀਰੀ ਦੇ ਸਿਧਾਂਤ ਦੀ ਰਾਖੀ ਅਤੇ ਪਹਿਰਵਾਈ ਕਰਨੀ ਹੁੰਦੀ ਹੈ। ਉਨ੍ਹਾਂ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਮੁਖ਼ਾਤਬ ਹੁੰਦਿਆਂ ਕਿਹਾ ਕਿ ਜੇ ਕਰ ਜਥੇਦਾਰ ਸਾਹਿਬ ਆਪਣੀਆਂ ਜ਼ਿੰਮੇਵਾਰੀਆਂ ਤੋਂ ਅਵੇਸਲਾ ਹੋਵੇਗਾ ਜਾਂ ਕਿਸੇ ਘਟਨਾ ਪ੍ਰਤੀ ਪਰਦਾਪੋਸ਼ੀ ਕਰੇਗਾ ਤਾਂ ਇਹ ਪੰਥਕ ਭਾਵਨਾਵਾਂ ਨਾਲ ਇਨਸਾਫ਼ ਨਹੀਂ ਹੋਵੇਗਾ।
ਇਸ ਮੌਕੇ ਸਿੰਘ ਸਾਹਿਬ ਗਿਆਨ. ਚਰਨ ਸਿੰਘ ਸਾਬਕਾ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਨੇ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਵੱਲੋਂ ਪੰਥ ਦੀ ਸੇਵਾ ’ਚ ਪਾਏ ਜਾ ਰਹੇ ਯੋਗਦਾਨ ਦੀ ਸ਼ਲਾਘਾ ਕੀਤੀ। ਇਸ ਮੌਕੇ ਇਸ ਮੌਕੇ ਮਹਾਂਪੁਰਖਾਂ ਦਾ ਵਿਛੋੜਾ ਨਾ ਝੱਲਦਿਆਂ ਉਨ੍ਹਾਂ ਦੇ ਪਵਿੱਤਰ ਅੰਗੀਠੇ ਵਿਚ ਆਪਾ ਕੁਰਬਾਨ ਕਰਦਿਆਂ ਸੱਚਖੰਡ ਪਿਆਨਾ ਕਰਨ ਵਾਲੇ ਭਾਈ ਗੁਰਮੁਖ ਸਿੰਘ ਉੜੀਸਾ ਨੂੰ ਵੀ ਯਾਦ ਕੀਤਾ ਗਿਆ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਧਰਮ ਪ੍ਰਚਾਰ ਕਮੇਟੀ ਮੈਂਬਰ ਭਾਈ ਅਜਾਇਬ ਸਿੰਘ ਅਭਿਆਸੀ, ਰਾਗੀ ਭਾਈ ਰਾਮ ਸਿੰਘ ਮੈਂਬਰ ਸ਼੍ਰੋਮਣੀ ਕਮੇਟੀ ਭਾਈ ਜਗਤਾਰ ਸਿੰਘ ਰੋਡੇ, ਗਿਆਨੀ ਜੀਵਾ ਸਿੰਘ, ਗਿਆਨੀ ਸਾਹਬ ਸਿੰਘ, ਗਿਆਨੀ ਪਰਵਿੰਦਰ ਪਾਲ ਸਿੰਘ ਬੁੱਟਰ, ਭਾਈ ਸੁਰਜੀਤ ਸਿੰਘ ਅਰਦਾਸੀਆ, ਬਾਬਾ ਮੇਜਰ ਸਿੰਘ ਬੇਰ ਸਾਹਿਬ, ਬਾਬਾ ਗੁਰਦੇਵ ਸਿੰਘ ਤਰਸਿਕਾ, ਬਾਬਾ ਗੁਰਭੇਜ ਸਿੰਘ ਖੁਜਾਲਾ, ਬਾਬਾ ਅਜੀਤ ਸਿੰਘ ਮੁਖੀ ਤਰਨਾ ਦਲ, ਬਾਬਾ ਗੁਰਦਿਆਲ ਸਿੰਘ ਲੰਗੇਆਣਾ, ਬਾਬਾ ਜਸਪਾਲ ਸਿੰਘ ਮੰਜੀ ਸਾਹਿਬ, ਭਾਈ ਇਕਬਾਲ ਸਿੰਘ ਤੁੰਗ, ਗਿਆਨੀ ਬਲਵਿੰਦਰ ਸਿੰਘ ਰੋਡੇ, ਗਿਆਨੀ ਰਸ਼ਪਾਲ ਸਿੰਘ, ਭਾਈ ਰਣਜੋਧ ਸਿੰਘ, ਭਾਈ ਗੁਰਦੇਵ ਸਿੰਘ ਬੜਿਆਣਾ, ਭਾਈ ਮਨਦੀਪ ਸਿੰਘ ਜੌਹਲ, ਜਥੇ: ਸੁਖਦੇਵ ਸਿੰਘ, ਜਥੇ: ਤਰਲੋਚਨ ਸਿੰਘ, ਭਾਈ ਚਮਕੌਰ ਸਿੰਘ, ਸ਼ਮਸ਼ੇਰ ਸਿੰਘ ਜੇਠੂਵਾਲ, ਜਥੇ: ਸੁਖਦੇਵ ਸਿੰਘ ਕੁਹਾਰ , ਜਥੇ: ਤਰਲੋਕ ਸਿੰਘ, ਭਾਈ ਜਰਨੈਲ ਸਿੰਘ, ਭਾਈ ਗੁਰਸੇਵਕ ਸਿੰਘ, ਭਾਈ ਕਾਰਜ ਸਿੰਘ ਮੋਦੇ, ਸਰਪੰਚ ਬਲਦੇਵ ਸਿੰਘ ਮੀਆਂ ਪੰਧੇਰ, ਭਾਈ ਹੀਰਾ ਸਿੰਘ ਮਨਿਆਲਾ, ਸਰਪੰਚ ਕਸ਼ਮੀਰ ਸਿੰਘ ਕਾਲਾ, ਡਾ ਗੁਰਪ੍ਰਤਾਪ ਸਿੰਘ, ਪ੍ਰਿ ਗੁਰਦੀਪ ਸਿੰਘ ਰੰਧਾਵਾ, ਜਥੇ: ਬੋਹੜ ਸਿੰਘ, ਹਰਜਿੰਦਰ ਸਿੰਘ ਸਰਪੰਚ ਮਹਿਤਾ, ਸਰਪੰਚ ਤਰਸੇਮ ਸਿੰਘ ਤਾਹਰਪੁਰ ,ਲਖਵਿੰਦਰ ਸਿੰਘ ਸੋਨਾ, ਹਰਸ਼ਦੀਪ ਸਿੰਘ ਰੰਧਾਵਾ, ਅਵਤਾਰ ਸਿੰਘ ਬੁੱਟਰ, ਭਾਈ ਮਨਜਿੰਦਰ ਸਿੰਘ ਗਿੱਲ, ਜਗਦੀਸ਼ ਸਿੰਘ ਬਮਰਾਹ ਅਤੇ ਪ੍ਰੋ ਸਰਚਾਂਦ ਸਿੰਘ ਮੌਜੂਦ ਸਨ।