ਨਵੀਂ ਦਿੱਲੀ-ਬੁੱਧਵਾਰ ਦੇ ਸ਼ਾਮੀਂ ਆਖ਼ਰਕਾਰ ਕਾਂਗਰਸੀ ਲੀਡਰ ਨਵਜੋਤ ਸਿੱਧੂ ਦੀ ਮੁਲਾਕਾਤ ਪ੍ਰਿਯੰਕਾ ਵਡਾਰਾ ਅਤੇ ਰਾਹੁਲ ਗਾਂਧੀ ਨਾਲ ਹੋਈ। ਇਸ ਦੌਰਾਨ ਇਨ੍ਹਾਂ ਲੀਡਰਾਂ ਨੇ ਪੰਜਾਬ ਵਿਚਲੇ ਅੰਦਰੂਨੀ ਕਲੇਸ਼ ਬਾਰੇ ਗੱਲਬਾਤ ਕੀਤੀ।
ਸਵੇਰੇ ਪਹਿਲਾਂ ਸਿੱਧੂ ਨੇ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਵਡਾਰਾ ਨਾਲ ਮੁਲਾਕਾਤ ਕੀਤੀ ਇਸ ਦੌਰਾਨ ਦੋਵਾਂ ਵਿਚਕਾਰ ਪੰਜਾਬ ਸਰਕਾਰ ਵਿਚਲੇ ਵਿਵਾਦ ਬਾਰੇ ਲੰਮੇ ਸਮੇਂ ਤੱਕ ਗੱਲਬਾਤ ਹੋਈ। ਜਿ਼ਕਰਯੋਗ ਹੈ ਕਿ ਨਵਜੋਤ ਸਿੱਧੂ ਮੰਗਲਵਾਰ ਤੋਂ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਨਾਲ ਦਿੱਲੀ ਵਿਖੇ ਡੇਰੇ ਲਾਈ ਬੈਠੇ ਸਨ। ਇਸਤੋਂ ਪਹਿਲਾਂ ਰਾਹੁਲ ਗਾਂਧੀ ਨੇ ਅਜਿਹੀ ਕਿਸੇ ਮੀਟਿੰਗ ਤੋਂ ਇਨਕਾਰ ਕਰ ਦਿੱਤਾ ਸੀ।
ਇਨ੍ਹਾਂ ਲੀਡਰਾਂ ਵਲੋਂ ਹੋਈ ਮੁਲਾਕਾਤ ਬਾਰੇ ਕਿਸੇ ਪ੍ਰਕਾਰ ਦੇ ਵੇਰਵੇ ਸਾਹਮਣੇ ਨਹੀ ਆਏ ਪਰ ਮੀਡੀਆ ਰਿਪੋਰਟਾਂ ਤੋਂ ਅੰਦਾਜ਼ੇ ਲਾਏ ਜਾ ਰਹੇ ਹਨ ਕਿ ਨਵਜੋਤ ਸਿੱਧੂ ਨੂੰ ਕਿਸੇ ਪ੍ਰਕਾਰ ਦੀ ਵੱਡੀ ਜਿ਼ੰਮੇਵਾਰੀ ਮਿਲ ਸਕਦੀ ਹੈ। ਪ੍ਰਿਯੰਕਾ ਨਾਲ ਗੱਲਬਾਤ ਤੋਂ ਬਾਅਦ ਸਿੱਧੂ ਇਸ ਲਈ ਰਾਜ਼ੀ ਹੋ ਗਏ ਹਨ। ਕਾਂਗਰਸ ਵਲੋਂ ਇਸ ਸਬੰਧੀ ਜਲਦੀ ਹੀ ਐਲਾਨ ਕੀਤਾ ਜਾ ਸਕਦਾ ਹੈ। ਪ੍ਰਿਯੰਕਾ ਅਤੇ ਸਿੱਧੂ ਵਿਚਕਾਰ ਹੋਈ ਮੀਟਿੰਗ ਅੰਦਾਜ਼ਨ 4 ਘੰਟੇ ਤੱਕ ਚਲੀ।
ਇਸਦੇ ਨਾਲ ਹੀ ਪ੍ਰਿਯੰਕਾ ਅਤੇ ਸਿੱਧੂ ਦੌਰਾਨ ਹੋਈ ਗੱਲਬਾਤ ਤੋਂ ਬਾਅਦ ਅਕਾਲੀ ਦਲ ਦੇ ਲੀਡਰ ਸੁਖਬੀਰ ਸਿੰਘ ਬਾਦਲ ਨੇ ਸਿੱਧੂ ‘ਤੇ ਨਿਸ਼ਾਨਾ ਕੱਸਿਆ। ਸੁਖਬੀਰ ਨੇ ਕਿਹਾ ਕਿ ਨਵਜੋਤ ਸਿੱਧੂ ਇਕ ਮਿਸਗਾਈਡਿਡ ਮਿਸਾਈਲ ਹਨ, ਜੋ ਬੇਕਾਬੂ ਹਨ ਅਤੇ ਆਪਣੇ ਸਮੇਤ ਕਿਸੇ ਵੀ ਦਿਸ਼ਾ ਵਿੱਚ ਹਿੱਟ ਕਰ ਸਕਦੇ ਹਨ। ਇਸਦੇ ਜਵਾਬ ਵਿੱਚ ਸਿੱਧੂ ਨੇ ਕਿਹਾ ਕਿ ਤੁਹਾਡੇ ਭ੍ਰਿਸ਼ਟ ਕਾਰੋਬਾਰਾਂ ਨੂੰ ਤਬਾਹ ਕਰਨ ਲਈ ਗਾਈਡਿਡ ਅਤੇ ਟੀਚੇ ਲਈ ਕੇਂਦਰਿਤ ਹਾਂ ।