ਕੈਲਗਰੀ : ਈ-ਦੀਵਾਨ ਸੋਸਾਇਟੀ ਕੈਲਗਰੀ (ਕੈਨੇਡਾ) ਵਲੋਂ, ਇਸ ਮਹੀਨੇ ਆਪਣੇ ਸਮਾਗਮ ਦੌਰਾਨ, 26 ਤੇ 27 ਜੂਨ ਨੂੰ, ਸ਼ਹੀਦਾਂ ਦੇ ਸਰਤਾਜ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਅਤੇ ਛੇਵੇਂ ਪਤਾਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ, ਦੋ ਰੋਜ਼ਾ ਔਨਲਾਈਨ ਇੰਟਰਨੈਸ਼ਨਲ ਕਵੀ ਦਰਬਾਰ ਕਰਵਾਏ ਗਏ- ਜਿਸ ਵਿੱਚ ਦੇਸ਼ ਵਿਦੇਸ਼ ਦੇ ਮਹਾਨ ਪੰਥਕ ਕਵੀਆਂ ਨੇ ਭਾਗ ਲਿਆ।
ਕਰੋਨਾ ਕਾਲ ਦੌਰਾਨ, ਪਿਛਲੇ ਡੇੜ ਕੁ ਸਾਲ ਤੋਂ ਹੋਂਦ ਵਿੱਚ ਆਈ, ਈ-ਦੀਵਾਨ ਸੋਸਾਇਟੀ ਵਲੋਂ, ਹਰ ਵੀਕ ਐਂਡ ਤੇ, ਵਿਦਵਾਨਾਂ ਵਲੋਂ ਕਿਸੇ ਧਾਰਮਿਕ ਵਿਸ਼ੇ ਤੇ ਲੈਕਚਰ ਕਰਵਾਏ ਜਾਂਦੇ ਹਨ- ਜਿਸ ਤੋਂ ਪਹਿਲਾਂ ਤੇ ਬਾਅਦ ਵਿੱਚ, ਸੰਗਤ ਵਿਚੋਂ ਹੀ ਬੱਚੇ ਕੀਰਤਨ ਦੀ ਹਾਜ਼ਰੀ ਲਗਵਾਉਂਦੇ ਹਨ। ਇਸ ਵਿੱਚ ਇੰਡੀਆ ਤੇ ਕੈਨੇਡਾ ਦੇ ਵੱਖ ਵੱਖ ਸ਼ਹਿਰਾਂ ਤੋਂ, 30 ਕੁ ਪਰਿਵਾਰ ਜੁੜ ਚੁੱਕੇ ਹਨ। ਮਾਹਿਰਾਂ ਦੇ ਵਿਚਾਰਾਂ ਤੋਂ ਬਾਅਦ, ਪ੍ਰਸ਼ਨ-ਉੱਤਰ ਹੁੰਦੇ ਹਨ ਅਤੇ ਫਿਰ ਇਹ ਵਿਚਾਰ ‘ਸੰਗਤੀ ਵਿਚਾਰ’ ਯੂਟਿਊਬ ਚੈਨਲ ਤੇ ਪਾ ਦਿੱਤੇ ਜਾਂਦੇ ਹਨ।
ਇਸ ਸੋਸਾਇਟੀ ਵਲੋਂ, ਦਸ਼ਮੇਸ਼ ਪਿਤਾ ਦੀ ਚਲਾਈ ਹੋਈ, ਕਵੀ ਦਰਬਾਰਾਂ ਦੀ ਪਰੰਪਰਾ ਨੂੰ ਸੁਰਜੀਤ ਰੱਖਣ ਹਿੱਤ- ਹਰ ਮਹੀਨੇ ਇੱਕ ਜਾਂ ਦੋ ਕਵੀ ਦਰਬਾਰ ਕਰਾਉਣ ਕਰਾਉਣ ਦਾ ਫੈਸਲਾ ਲਿਆ ਗਿਆ। ਜਿਸ ਤਹਿਤ, ਪਿਛਲੇ ਦੋ ਮਹੀਨਿਆਂ ਵਿੱਚ ਤਿੰਨ ਸਮਾਗਮ, ਬਹੁਤ ਸਫਲ ਰਹੇ। ਇਸੇ ਲੜੀ ਤਹਿਤ, ਜੂਨ ਦੇ ਅੰਤਲੇ ਵੀਕਐਂਡ, ਦੋ ਰੋਜ਼ਾ ਕਵੀ ਦਰਬਾਰ ਦੇ ਪ੍ਰੋਗਰਾਮ ਉਲੀਕੇ ਗਏ। ਪਹਿਲੇ ਦਿਨ ਜਗਬੀਰ ਸਿੰਘ ਨੇ ਮੰਚ ਸੰਚਾਲਨ ਦੀ ਸੇਵਾ ਨਿਭਾਉਂਦਿਆਂ, ਇੰਡੀਆ ਤੋਂ ਕਵੀ ਦਰਬਾਰ ਦੀ ਸ਼ੁਰੂਆਤ ਕੀਤੀ। ਇਸ ਵਿੱਚ- ਬ੍ਰਿਜਮਿੰਦਰ ਕੌਰ ਜੈਪੁਰ, ਚਾਹਕਪ੍ਰੀਤ ਕੌਰ ਜੈਪੁਰ, ਅਤੇ ਕੈਲਗਰੀ ਦੇ ਕਵੀ ਸਾਹਿਬਾਨ- ਗੁਰਚਰਨ ਸਿੰਘ ਹੇਹਰ, ਸਰੂਪ ਸਿੰਘ ਮੰਡੇਰ, ਬਲਵੀਰ ਸਿੰਘ ਗੋਰਾ, ਜਸਵੀਰ ਸਿੰਘ ਸਹੋਤਾ, ਗੁਰਦੀਸ਼ ਕੌਰ ਗਰੇਵਾਲ ਤੋਂ ਇਲਾਵਾ ਟੋਰੰਟੋ ਤੋਂ- ਪਰਮਜੀਤ ਸਿੰਘ, ਅਨੁਰੀਤ ਕੌਰ, ਅਮਿਤੋਜ਼ ਕੌਰ, ਮਨਰੀਤ ਕੌਰ, ਸਿਮਰਲੀਨ ਕੌਰ, ਪ੍ਰਨੀਤ ਕੌਰ ਨੇ ਹਿੱਸਾ ਲਿਆ।ਸਾਰੇ ਕਵੀ ਸਾਹਿਬਾਨ ਨੇ, ਆਪਣੀਆਂ ਭਾਵਪੂਰਤ ਕਵਿਤਾਵਾਂ ਤੇ ਗੀਤਾਂ ਰਾਹੀਂ, ਗੁਰੂ ਸਾਹਿਬਾਂ ਨੂੰ ਸ਼ਰਧਾ ਦੇ ਫੁੱਲ਼ ਭੇਂਟ ਕੀਤੇ ਜਦ ਕਿ- ਡਾ ਬਲਦੇਵ ਸਿੰਘ (ਐਡਮੰਟਨ) ਨੇ ਪੰਜਵੇਂ ਪਾਤਸ਼ਾਹ ਦੀ ਸ਼ਹਾਦਤ ਤੇ ਲਿਖੀ, ਆਪਣੇ ਪਿਤਾ ਜੀ ਦੀ ਖੂਬਸੂਰਤ ਰਚਨਾ ਸਾਂਝ ਪਾਈ। ਜੈਕਾਰਿਆਂ ਦੀ ਗੂੰਜ ਨਾਲ ਕਵੀਆਂ ਨੂੰ ਦਾਦ ਦਿੱਤੀ ਗਈ। ਖੁਸ਼ੀ ਦੀ ਗੱਲ ਇਹ ਸੀ ਕਿ- ਇਸ ਵਿੱਚ ਨਵੀਂ ਪੀੜ੍ਹੀ ਦੇ ਬੱਚਿਆਂ ਨੇ ਬਹੁਤ ਉਤਸ਼ਾਹ ਨਾਲ ਭਾਗ ਲਿਆ।
27 ਜੂਨ ਨੂੰ, ਵੱਖ ਵੱਖ ਮੁਲਕਾਂ ਤੋਂ ਆਏ 6 ਕਵੀਆਂ ਨੇ ਭਾਗ ਲਿਆ। ਡਾਕਟਰ ਬਲਰਾਜ ਸਿੰਘ ਨੇ ਬਾਹਰੋਂ ਆਏ ਮਹਿਮਾਨ ਕਵੀਆਂ ਨੂੰ ‘ਜੀ ਆਇਆਂ’ ਕਹਿੰਦਿਆਂ ਹੋਇਆ, ਈ ਦੀਵਾਨ ਸੋਸਾਇਟੀ ਬਾਰੇ ਸੰਖੇਪ ਜਾਣਕਾਰੀ ਦਿੱਤੀ। ਸਮਾਗਮ ਦੀ ਸ਼ੁਰੂਆਤ, ਸਤਿਕਾਰਤ ਸ਼ਖਸੀਅਤ, ਪ੍ਰੋ. ਮਨਿੰਦਰ ਸਿੰਘ ਜੀ (ਐਡਮੰਟਨ) ਨੇ, ਛੇਵੇਂ ਪਤਾਸ਼ਾਹ ਦੀ ਕੀਰਤੀ ਵਿੱਚ ਲਿਖੀ ਆਪਣੀ ਨਜ਼ਮ ਸੁਣਾ ਕੇ ਕੀਤੀ। ਗੁਰਦੀਸ਼ ਕੌਰ ਨੇ ਕਵੀਆਂ ਦੀ ਜਾਣ ਪਛਾਣ ਕਰਵਾਈ ਅਤੇ ਵਾਰੀ ਵਾਰੀ ਸਭ ਨੂੰ ਮੰਚ ਤੇ ਆਉਣ ਦਾ ਸੱਦਾ ਦਿੱਤਾ। ਉਪਰੰਤ ਇੰਡੀਆ ਤੋਂ ਪਹੁੰਚੇ ਕਵੀ ਸਾਹਿਬਾਨ- ਗੁਰਵਿੰਦਰ ਸਿੰਘ ਸ਼ੇਰਗਿੱਲ ਲੁਧਿਆਣਾ, ਸਰਬਜੀਤ ਕੌਰ ਸਰਬ ਉਤਰਾਖੰਡ, ਅਤੇ ਉਸਤਾਦ ਸ਼ਾਇਰ ਕਰਮਜੀਤ ਸਿੰਘ ਨੂਰ ਜਲੰਧਰ ਨੇ, ਬੁਲੰਦ ਆਵਾਜ਼ ਵਿੱਚ ਆਪਣੀ ਨਜ਼ਮਾਂ ਦੇ ਗੀਤ ਸੁਣਾ ਕੇ, ਜੈਕਾਰਿਆਂ ਦੇ ਰੂਪ ਵਿੱਚ ਵਾਹਵਾ ਖੱਟੀ। ਇਸ ਤੋਂ ਬਾਅਦ ਟੋਰੰਟੋ ਤੋਂ ਆਈ ਬਹੁਪੱਖੀ ਸ਼ਖਸੀਅਤ ਦੀ ਮਾਲਕ, ਸੁੰਦਰਪਾਲ ਕੌਰ ਰਾਜਾਸਾਂਸੀ ਨੇ ਕੋਰੜਾ ਛੰਦ ਵਿੱਚ ਕਵੀਸ਼ਰੀ, ਅਤੇ ਪੰਥਕ ਕਵੀ ਤੇ ਗੀਤਕਾਰ ਸੁਜਾਨ ਸਿੰਘ ਸੁਜਾਨ ਨੇ ਵੈਰਾਗਮਈ ਕਵਿਤਾ ਸੁਣਾ ਕੇ, ਸੰਗਤ ਨੂੰ ਭਾਵੁਕ ਕਰ ਦਿੱਤਾ। ਯੂ. ਕੇ. ਤੋਂ ਆਏ ਕੈਥਲ ਦੇ ਕਵੀ, ਬਲਵਿੰਦਰ ਸਿੰਘ ਸੰਧਾ ਨੇ ਵੀ ਆਪਣੀਆਂ ਬਾਕਮਾਲ ਰਚਨਾਵਾਂ ਨਾਲ ਹਾਜ਼ਰੀ ਲਵਾਈ। ਸੁਰਾਂ ਦੇ ਬਾਦਸ਼ਾਹ ਅਵਤਾਰ ਸਿੰਘ ਤਾਰੀ ਅੰਮ੍ਰਿਤਸਰ, ਕਿਸੇ ਖਾਸ ਵਜ੍ਹਾ ਕਾਰਨ ਇਸ ਸਮਾਗਮ ਵਿੱਚ ਹਾਜ਼ਰ ਨਹੀਂ ਹੋ ਸਕੇ। ਅੰਤ ਤੇ ਡਾਕਟਰ ਸੁਰਜੀਤ ਸਿੰਘ ਭੱਟੀ ਨੇ ਆਪਣੀ ਲਿਖੀ ਕਵਿਤਾ ਤੇ ਗੁਰਦੀਸ਼ ਕੌਰ ਕੈਲਗਰੀ ਨੇ ਆਪਣਾ ਗੀਤ- ਸੰਗਤ ਨਾਲ ਸਾਂਝਾ ਕੀਤਾ।
ਢਾਈ ਘੰਟੇ ਚੱਲੇ ਇਸ ਸਮਾਗਮ ਦੀ ਸਮਾਪਤੀ, ਅਨੰਦ ਸਾਹਿਬ ਪੜ੍ਹ ਕੇ ਅਰਦਾਸ ਨਾਲ ਕੀਤੀ ਗਈ। ਇਸ ਸਮਾਗਮ ਵਿੱਚ- ਕੈਲਗਰੀ ਤੋਂ ਇਲਾਵਾ, ਐਡਮੰਟਨ, ਟੋਰੰਟੋ, ਸਰੀ, ਵੈਨਕੂਵਰ ਤੇ ਇੰਡੀਆ ਤੋਂ ਭਰਵੀਂ ਗਿਣਤੀ ਵਿੱਚ ਸੰਗਤ ਨੇ ਔਨਲਾਈਨ ਹਾਜ਼ਰੀ ਭਰ ਕੇ, ਸਮਾਗਮ ਦੀ ਸ਼ੋਭਾ ਵਧਾਈ। ਸੋ ਇਸ ਤਰ੍ਹਾਂ ਇਹ ਵਿਸ਼ੇਸ਼ ਸਮਾਗਮ ਸਰੋਤਿਆਂ ਦੇ ਮਨਾਂ ਤੇ ਅਮਿੱਟ ਛਾਪ ਛੱਡਦੇ ਹੋਏ ਸਮਾਪਤ ਹੋਏ। ਵਧੇਰੇ ਜਾਣਕਾਰੀ ਲਈ- ਡਾ. ਬਲਰਾਜ ਸਿੰਘ 403 978 2419, ਜਗਬੀਰ ਸਿੰਘ 587 718 8100 ਜਾਂ ਗੁਰਦੀਸ਼ ਕੌਰ ਨਾਲ 403 404 1450 ਤੇ ਸੰਪਰਕ ਕੀਤਾ ਜਾ ਸਕਦਾ ਹੈ।