ਫਰਾਂਸ,(ਸੁਖਵੀਰ ਸਿੰਘ ਸੰਧੂ) ਪੈਰਿਸ ਦੇ ਇਲਾਕੇ ਸੇਂਟ ਡੀਨਜ਼ ਵਿੱਚ ਰਾਤੀ ਗਿਆਰਾਂ ਵਜੇ ਜਦੋਂ ਇੱਕ ਆਦਮੀ ਨੂੰ ਦਿੱਲ ਦੀ ਤਕਲੀਫ ਹੋਈ ਤਾਂ ਉਸ ਦੀ ਮੱਦਦ ਲਈ ਫਸਟ ਏਡ ਤੇ ਐਮਰਜੈਂਸੀ ਸਰਵਿਸ ਦੀਆਂ ਦੋ ਗੱਡੀਆਂ ਆ ਗਈਆਂ। ਉਹਨਾਂ ਆਉਦਿਆਂ ਹੀ ਮਰੀਜ਼ ਨੂੰ ਗੱਡੀ ਦੇ ਪਿਛਲੇ ਹਿੱਸੇ ਵਿੱਚ ਬੈਡ ਉਪਰ ਪਾਕੇ ਫਸਟ ਏਡ ਦੇਣੀ ਸ਼ੁਰੂ ਕਰ ਦਿੱਤੀ। ਇੱਕ ਚਾਲੀ ਸਾਲ ਦਾ ਆਦਮੀ ਗੱਡੀ ਦਾ ਕੈਬਿਨ ਖੁੱਲਾ ਵੇਖ ਕੇ ਅੰਦਰ ਜਾ ਵੜ੍ਹਿਆ ਤੇ ਸਟਾਰਟ ਖੜ੍ਹੀ ਗੱਡੀ ਨੂੰ ਲੈ ਕੇ ਤੁਰ ਗਿਆ। ਹੈਲਪਰ ਵਰਕਰਾਂ ਨੇ ਫੁਰਤੀ ਨਾਲ ਥੋੜੀ ਦੂਰੀ ਉਪਰ ਜਾ ਕੇ ਉਸ ਸਿਰ ਫਿਰੇ ਆਦਮੀ ਨੂੰ ਕਾਬੂ ਕਰ ਲਿਆ। ਜਿਸ ਨੇ ਬਿਨ੍ਹਾਂ ਝਿਜਕ ਕਿਸੇ ਤਰ੍ਹਾਂ ਦੀ ਜੋਰ ਅਜਮਾਈ ਕੀਤੇ ਵਗੈਰ ਆਪਣੇ ਆਪ ਨੂੰ ਉਹਨਾਂ ਦੇ ਹਵਾਲੇ ਕਰ ਦਿੱਤਾ। ਜਦੋਂ ਉਸ ਨੂੰ ਇਹ ਪੁੱਛਿਆ ਗਿਆ ਕਿ ਤੂੰ ਇਹ ਸਭ ਕਿਉਂ ਕੀਤਾ? ਤਾਂ ਉਸ ਦਾ ਜਵਾਬ ਸੀ “ਮੈਂ ਇਹ ਸਭ ਮਜ਼ਾਕ ਵਿੱਚ ਹੀ ਕੀਤਾ ਹੈ”। “ਮੇਰਾ ਕੋਈ ਪਾਗਲਾਂ ਵਾਲੀ ਹਰਕਤ ਕਰਨ ਦਾ ਇਰਾਦਾ ਸੀ ਜੋ ਮੈਂ ਪੂਰਾ ਕਰ ਲਿਆ ਹੈ”। ਜਿਸ ਨੂੰ ਬਾਅਦ ਵਿੱਚ ਪੁਲਿਸ ਨੇ ਫੜ੍ਹ ਕੇ ਅਗਲੇਰੀ ਕਾਰਵਾਈ ਤੱਕ ਹਵਾਲਾਤ ਵਿੱਚ ਬੰਦ ਕਰ ਦਿੱਤਾ ਹੈ।