ਗਲਾਸਗੋ / ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਰਾਜਧਾਨੀ ਲੰਡਨ ਵਿੱਚ ਸੜਕਾਂ ਕਿਨਾਰੇ ਸੌਣ ਵਾਲੇ ਬੇਘਰੇ ਲੋਕਾਂ ਦੀ ਗਿਣਤੀ ਵਿੱਚ ਕੋਰੋਨਾ ਮਹਾਂਮਾਰੀ ਦੌਰਾਨ ਰਿਕਾਰਡ ਵਾਧਾ ਦਰਜ ਕੀਤਾ ਗਿਆ ਹੈ। ਇਸ ਸੰਬੰਧੀ ਇੱਕ ਸੰਸਥਾ ਦੇ ਕਰਮਚਾਰੀਆਂ ਨੇ 2020/21 ਵਿੱਚ ਲੰਡਨ ਦੀਆਂ ਸੜਕਾਂ ‘ਤੇ ਰਹਿਣ ਵਾਲੇ ਤਕਰੀਬਨ 11,018 ਲੋਕਾਂ ਦੀ ਗਿਣਤੀ ਕੀਤੀ ਹੈ ਜੋ ਕਿ ਇੱਕ ਦਹਾਕੇ ਪਹਿਲਾਂ ਦੀ ਗਿਣਤੀ ਦੀ ਤੁਲਨਾ ਵਿੱਚ ਦੁੱੱਗਣੀ ਹੈ।
ਸਾਲਾਨਾ ਕੰਬਾਈਨਡ ਹੋਮਲੈੱਸ ਐਂਡ ਇਨਫਰਮੇਸ਼ਨ ਨੈਟਵਰਕ (ਚੇਨ) ਦੀ ਰਿਪੋਰਟ ਅਨੁਸਾਰ ਇਨ੍ਹਾਂ ਵਿੱਚੋਂ 7,531 ਨਵੇਂ ਬੇਘਰ ਲੋਕ ਦਰਜ ਕੀਤੇ ਗਏ ਹਨ। ਪਿਛਲੇ ਸਾਲ ਅਪ੍ਰੈਲ ਵਿੱਚ ਮਹਾਂਮਾਰੀ ਦੌਰਾਨ ਕੋਰੋਨਾ ਵਾਇਰਸ ਦੇ ਪ੍ਰਕੋਪ ਤੋਂ ਬਚਣ ਲਈ ਸਰਕਾਰ ਵੱਲੋਂ ਤਕਰੀਬਨ 3365 ਬੇਘਰ ਲੋਕਾਂ ਨੂੰ ਐਮਰਜੈਂਸੀ ਰਿਹਾਇਸ਼ ਵਿਚ ਰੱਖਿਆ ਗਿਆ ਸੀ। ਜਦਕਿ ਹੁਣ ਇਹਨਾਂ ਲੋਕਾਂ ਦੀ ਵੀ ਇਹਨਾਂ ਰਿਹਾਇਸ਼ਾਂ ਵਿੱਚੋਂ ਬਾਹਰ ਅਉਣ ਦੀ ਸੰਭਾਵਨਾ ਹੈ। ਜਿਸ ਨਾਲ ਇਹ ਗਿਣਤੀ ਹੋਰ ਵਧ ਸਕਦੀ ਹੈ। ਸਾਲ 2019 ਤੋਂ 2020 ਦੇ 10,726 ਦੇ ਪਿਛਲੇ ਅੰਕੜੇ ਦੇ ਮੁਕਾਬਲੇ ਲੰਡਨ ਵਿੱਚ ਬੇਘਰੇ ਲੋਕਾਂ ਦੀ ਗਿਣਤੀ ਵਿੱਚ 3% ਵਾਧਾ ਹੋਇਆ ਹੈ। ਚੈਰਿਟੀ ਸੰਸਥਾਵਾਂ ਅਨੁਸਾਰ ਸਰਕਾਰ ਨੂੰ ਇਸ ਮੁੱਦੇ ਨੂੰ ਹੱਲ ਕਰਨ ਲਈ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ। ਸਾਲ 2011/12 ਵਿੱਚ ਬੇਘਰ ਲੋਕਾਂ ਦੀ 5,678 ਗਿਣਤੀ ਦਰਜ ਸੀ ਅਤੇ ਹੁਣ ਨਵੀਂ ਗਿਣਤੀ ਨੇ ਇਸ ਸਾਲ ਵਿੱਚ 94% ਵਾਧਾ ਦਰਸਾਇਆ ਹੈ।