ਗਲਾਸਗੋ/ ਲੰਡਨ, ( ਮਨਦੀਪ ਖੁਰਮੀ ਹਿੰਮਤਪੁਰਾ) – ਬਰਤਾਨਵੀ ਸ਼ਾਹੀ ਘਰਾਣੇ ਦੇ ਪ੍ਰਿੰਸ ਵਿਲੀਅਮ ਅਤੇ ਹੈਰੀ, ਜਿਹਨਾਂ ਨੂੰ ਡਿਊਕ ਆਫ ਕੈਮਬ੍ਰਿਜ ਅਤੇ ਡਿਊਕ ਆਫ ਸੁਸੇਕਸ ਵੀ ਕਿਹਾ ਜਾਂਦਾ ਹੈ, ਨੇ ਵੀਰਵਾਰ ਨੂੰ ਉਨ੍ਹਾਂ ਦੀ ਮਰਹੂਮ ਮਾਂ ਰਾਜਕੁਮਾਰੀ ਡਾਇਨਾ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਉਹਨਾਂ ਦੇ ਬੁੱਤ ਦਾ ਉਦਘਾਟਨ ਕੀਤਾ। ਦੋਵੇਂ ਭਰਾਵਾਂ ਨੇ ਉਦਘਾਟਨ ਮੌਕੇ ਆਪਣੀ ਮਾਂ ਨੂੰ ਯਾਦ ਕੀਤਾ। ਉਦਘਾਟਨੀ ਸਮਾਰੋਹ ਤੋਂ ਬਾਅਦ ਇਕੱਠੇ ਹੋਏ ਵਿਲੀਅਮ ਅਤੇ ਹੈਰੀ ਨੇ ਰਾਜਕੁਮਾਰੀ ਡਾਇਨਾ ਦੇ 60 ਵੇਂ ਜਨਮ ਦਿਨ ਮੌਕੇ ਕਿਹਾ ਕਿ ਉਹਨਾਂ ਨੂੰ ਉਸ ਦਾ ਪਿਆਰ, ਤਾਕਤ ਅਤੇ ਚਰਿੱਤਰ ਯਾਦ ਆਉਂਦੇ ਹਨ ਅਤੇ ਮਹਿਸੂਸ ਕਰਦੇ ਹਨ ਕਿ ਉਹਨਾਂ ਦੀ ਮਾਂ ਹਮੇਸ਼ਾ ਉਹਨਾਂ ਦੇ ਅੰਗ ਸੰਗ ਹੈ। ਵਿਲੀਅਮ ਅਤੇ ਹੈਰੀ ਨੇ ਕੈਂਸਿੰਗਟਨ ਪੈਲੇਸ ਵਿੱਚ ਰਾਜਕੁਮਾਰੀ ਦੀ ਮੂਰਤੀ ਉੱਪਰੋਂ ਹਰਾ ਪਰਦਾ ਉਠਾ ਕੇ ਇਸਨੂੰ ਜਨਤਕ ਕੀਤਾ। ਡਾਇਨਾ ਦੀ ਇਹ ਮੂਰਤੀ ਤਿੰਨ ਬੱਚਿਆਂ ਨਾਲ ਘਿਰੀ ਹੋਈ ਹੈ ਅਤੇ ਛੋਟੇ-ਛੋਟੇ ਵਾਲਾਂ ਨਾਲਰਾਜਕੁਮਾਰੀ ਨੂੰ ਦਰਸਾਉਂਦੀ ਹੈ। ਸ਼ਾਹੀ ਭਰਾਵਾਂ ਨੇ ਸਮਾਗਮ ਦੌਰਾਨ ਕੋਈ ਭਾਸ਼ਣ ਨਹੀਂ ਦਿੱਤਾ। ਕੋਵਿਡ ਪਾਬੰਦੀਆਂ ਅਤੇ ਸੁਰੱਖਿਆ ਕਾਰਨਾਂ ਕਰਕੇ ਇਸ ਉਦਘਾਟਨੀ ਸਮਾਗਮ ਵਿੱਚ ਇਕੱਠ ਸੀਮਤ ਹੋਣ ਕਰਕੇ ਮਹਿਮਾਨਾਂ ਦੀ ਗਿਣਤੀ ਸਿਰਫ 13 ਦੇ ਕਰੀਬ ਸੀ। ਮਹਿਮਾਨਾਂ ਵਿੱਚ ਸ਼ਾਹੀ ਪਰਿਵਾਰ ਦੇ ਕੁੱਝ ਹੋਰ ਮੈਂਬਰਾਂ ਤੋਂ ਇਲਾਵਾ ਬੁੱਤ ਕਮੇਟੀ ਦੇ ਮੈਂਬਰ ਜਿਨ੍ਹਾਂ ਨੂੰ ਸਾਲ 2017 ਵਿੱਚ ਕਮਿਸ਼ਨ ਅਤੇ ਨਿੱਜੀ ਤੌਰ ‘ਤੇ ਮੂਰਤੀ ਬਣਾਉਣ ਲਈ ਫੰਡ ਇਕੱਠੇ ਕਰਨ ਦਾ ਕੰਮ ਸੌਂਪਿਆ ਗਿਆ ਸੀ ਆਦਿ ਸ਼ਾਮਿਲ ਸਨ।
ਯੂਕੇ : ਪ੍ਰਿੰਸ ਵਿਲੀਅਮ ਅਤੇ ਹੈਰੀ ਨੇ ਰਾਜਕੁਮਾਰੀ ਡਾਇਨਾ ਦੇ ਬੁੱਤ ਦਾ ਕੀਤਾ ਉਦਘਾਟਨ
This entry was posted in ਅੰਤਰਰਾਸ਼ਟਰੀ.