ਮਾਨਾਵਾਲਾ / ਅੰਮ੍ਰਿਤਸਰ – ’’ ਮੌਜੂਦਾ ਕਿਸਾਨ ਅੰਦੋਲਨ ਕਿਸਾਨੀ ਨੂੰ ਬਚਾਉਣ ਲਈ ਹੀ ਨਹੀਂ ਇਹ ਤਾਂ ਦੇਸ ਦੀ ਨਸਲ ਨੂੰ ਬਚਾਉਣ ਦਾ ਅੰਦੋਲਨ ਹੈ, ਅੰਦੋਲਨ ਦੀ ਜਿੱਤ ਦੇਸ਼ ਨੂੰ ਬਚਾਉਣ ਲਈ ਜ਼ਰੂਰੀ ਹੈ,’’ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਇੱਥੇ ਜੀ ਟੀ ਰੋਡ ਮਾਨਾਵਾਲਾ ’ਚ ਸਥਿਤ ਸ੍ਰੀ ਗੁਰੂ ਰਾਮਦਾਸ ਜੀ ਲੰਗਰ ਹਾਲ ਵਡਾਲੀ ਡੋਗਰਾਂ ਵਿਖੇ ਕਿਸਾਨ ਸੰਘਰਸ਼ ਦੀ ਫ਼ਤਿਹਯਾਬੀ ਲਈ ਸ੍ਰੀ ਸਹਿਜ ਪਾਠ ਦੀ ਚਲਾਈ ਜਾ ਰਹੀ ਨਿਰੰਤਰ ਲੜੀ ਦੌਰਾਨ ਦੋ ਸਹਿਜ ਪਾਠਾਂ ਦੇ ਭੋਗ ਉਪਰੰਤ ਨੌਵੇਂ ਅਤੇ ਦਸਵੇਂ ਸਹਿਜ ਪਾਠਾਂ ਦੀ ਆਰੰਭਤਾ ਮੌਕੇ ਵਿਸ਼ੇਸ਼ ਤੌਰ ’ਤੇ ਹਾਜ਼ਰੀ ਭਰਨ ਆਏ ਕਿਸਾਨ ਅੰਦੋਲਨ ਦੇ ਰੂਹੇ ਰਵਾਂ ਰਾਸ਼ਟਰੀ ਜਨ ਹਿਤ ਸੰਘਰਸ਼ ਪਾਰਟੀ ਦੇ ਪ੍ਰਧਾਨ ਅਤੇ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਭਾਨੂੰ ਪ੍ਰਤਾਪ ਸਿੰਘ ਵੱਲੋਂ ਕੀਤਾ ਗਿਆ। ਪ੍ਰੋ: ਸਰਚਾਂਦ ਸਿੰਘ ਮੁਤਾਬਕ ਉਨ੍ਹਾਂ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ’ਚ ਥਾਂ ਥਾਂ ਸ੍ਰੀ ਸਹਿਜ ਪਾਠਾਂ ਅਤੇ ਅਖੰਡ ਪਾਠਾਂ ਦੀ ਚਲਾਈ ਜਾ ਲੜੀ ਇਸ ਗਲ ਦਾ ਪ੍ਰਤੱਖ ਸਬੂਤ ਹੈ ਕਿ ਕਿਸਾਨ ਅੰਦੋਲਨ ਦੇਸ਼ ਦੇ ਕੋਨੇ ਕੋਨੇ ਪਹੁੰਚ ਰਿਹਾ ਹੈ ਅਤੇ ਲੋਕ ਕਿਸਾਨਾਂ ਦੀ ਜਿੱਤ ਲਈ ਅਰਦਾਸ ਬੇਨਤੀਆਂ ਰਾਹੀਂ ਵੀ ਪ੍ਰਯਤਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਨੂੰ ਲੋਕ ਤਨ ਮਨ ਨਾਲ ਸਮਰਪਿਤ ਹਨ ਅਤੇ ਇਹ ਲੋਕ ਮਨਾਂ ਅਤੇ ਦਿਲਾਂ ’ਚ ਗਹਿਰਾਈ ਨਾਲ ਉਤਰ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਹਕੂਮਤੀ ਜਮਾਤ ਦਾ ਲੋਕਾਂ ਦੇ ਦੁੱਖ ਸੁਖ ਨਾਲ ਹੁਣ ਕੋਈ ਨਾਤਾ ਨਹੀਂ ਰਿਹਾ। ਲੋਕ ਬਿਨਾ ਆਕਸੀਜਨ ਅਤੇ ਦਵਾਈ ਮਰਨ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੂੰ ਕਸ਼ਮੀਰ ਦੇ ਲੋਕਾਂ ਨੂੰ ਬੁਲਾ ਕੇ ਗਲ ਕਰਨ ਦਾ ਸਮਾਂ ਹੈ ਪਰ ਦਿਲੀ ਦੀਆਂ ਬਰੂੰਹਾਂ ’ਤੇ ਬੈਠੇ ਕਿਸਾਨਾਂ ਨੂੰ ਸੁਣਨ ਲਈ ਸਮਾਂ ਨਹੀਂ। ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਕਿਸਾਨ ਤਿੱਖੜ ਦੁਪਹਿਰ ਧੁੱਪੇ ਬੈਠਣ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਦਿਨੋਂ ਦਿਨ ਮਜ਼ਬੂਤੀ ਫੜਦੀ ਜਾ ਰਹੀ ਹੈ। ਇਸ ਮੌਕੇ ਪ੍ਰਬੰਧਕ ਬਾਬਾ ਜਸਪਾਲ ਸਿੰਘ ਮੰਜੀ ਸਾਹਿਬ, ਭਾਈ ਇਕਬਾਲ ਸਿੰਘ ਤੁੰਗ, ਪ੍ਰੋ: ਸਰਚਾਂਦ ਸਿੰਘ ਖ਼ਿਆਲਾ ਅਤੇ ਭਾਈ ਸਤਨਾਮ ਸਿੰਘ ਅਕਾਲੀ ਵੱਲੋਂ ਐਡਵੋਕੇਟ ਭਾਨੂੰ ਪ੍ਰਤਾਪ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਰਾਜੇਸ਼ ਸਿੰਘ ਦੇ ਜਥੇ ਵੱਲੋਂ ਰਸਭਿੰਨਾ ਕੀਰਤਨ ਸਰਵਣ ਕਰਾਇਆ ਗਿਆ ਅਤੇ ਭਾਈ ਸੁਰਜੀਤ ਸਿੰਘ ਅਰਦਾਸੀਆ ਵੱਲੋਂ ਚੜ੍ਹਦੀ ਕਲਾ ਅਤੇ ਫ਼ਤਿਹਯਾਬੀ ਲਈ ਅਰਦਾਸ ਕੀਤੀ ਗਈ। ਸਹਿਜ ਪਾਠਾਂ ਦੀ ਸੇਵਾ ਚੀਫ਼ ਖ਼ਾਲਸਾ ਦੀਵਾਨ ਪ੍ਰਧਾਨ ਸ: ਨਿਰਮਲ ਸਿੰਘ ਠੇਕੇਦਾਰ ਅਤੇ ਸੰਸਦ ਸ: ਗੁਰਜੀਤ ਸਿੰਘ ਔਜਲਾ ਵੱਲੋਂ ਕਰਾਈ ਜਾ ਰਹੀ ਹੈ। ਇਸ ਮੌਕੇ ਮਾਨਾਵਾਲਾ ਦੇ ਸਰਪੰਚ ਸ: ਸੁਖਰਾਜ ਸਿੰਘ ਰੰਧਾਵਾ, ਸੁਰਿੰਦਰ ਸਿੰਘ ਰੰਧਾਵਾ ਸਰਬਜੀਤ ਸਿੰਘ ਵਡਾਲੀ ਡੋਗਰਾਂ, ਸਰਪੰਚ ਬਲਬੀਰ ਸਿੰਘ ਵਡਾਲੀ ਡੋਗਰਾਂ, ਸ੍ਰੀ ਹਿਜਮ ਰਾਜਿੰਦਰ ਸਿੰਘ, ਸ੍ਰੀ ਸ਼ਿਵਰਾਜ ਸਿੰਘ, ਐਡਵੋਕੇਟ ਪ੍ਰੇਮ ਪ੍ਰਤਾਪ ਸਿੰਘ, ਅਜੀਤ ਸਿੰਘ ਤਲਵੰਡੀ ਡੋਗਰਾਂ ਵੀ ਮੌਜੂਦ ਸਨ।
ਕਿਸਾਨ ਅੰਦੋਲਨ ਦੇਸ ਦੀ ਨਸਲ ਨੂੰ ਬਚਾਉਣ ਦਾ ਅੰਦੋਲਨ ਹੈ : ਐਡਵੋਕੇਟ ਭਾਨੂੰ ਪ੍ਰਤਾਪ ਸਿੰਘ
This entry was posted in ਪੰਜਾਬ.