ਚੀਨ ਦੇ ਮਾਰਸ ਮਿਸ਼ਨ ਪ੍ਰੋਗਰਾਮਾਂ ਸਮੇਤ ਹੋਰਨਾਂ ਪ੍ਰਾਜੈਕਟਾਂ ’ਚ ਨੌਜਵਾਨ ਖੋਜਾਰਥੀ ਅਤੇ ਵਿਗਿਆਨੀ ਅਹਿਮ ਭੂਮਿਕਾ ਨਿਭਾ ਰਹੇ ਹਨ, ਭਾਰਤ ਦੇ ਨੌਜਵਾਨਾਂ ਦੀ ਪੁਲਾੜ ਖੇਤਰ ਸਬੰਧੀ ਗਤੀਵਿਧੀਆਂ ’ਚ ਸ਼ਮੂਲੀਅਤ ਸਮੇਂ ਦੀ ਲੋੜ ਹੈ ਤਾਂ ਜੋ ਨਵੀਂਆਂ ਤਕਨੀਕਾਂ ਦੀ ਵਰਤੋਂ ਕਰਦੇ ਹੋਏ ਭਾਰਤ ਨੂੰ ਪੁਲਾੜ ਵਿਗਿਆਨ ਦੇ ਖੇਤਰ ’ਚ ਸਿਖਰਾਂ ’ਤੇ ਪਹੁੰਚਾਇਆ ਜਾ ਸਕੇ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਇਸਰੋ ਦੇ ਸਾਬਕਾ ਵਿਗਿਆਨੀ ਅਤੇ ਐਪਲ ਮਿਸ਼ਨ ਦਾ ਪ੍ਰਾਜੈਕਟ ਡਾਇਰੈਕਟਰ ਪਦਮਸ਼੍ਰੀ ਡਾ. ਆਰ.ਐਸ ਵਾਸਾਗਮ ਨੇ ਕੀਤਾ।ਇਸ ਮੌਕੇ ਉਹ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵੱਲੋਂ ਦੇਸ਼ ਦੇ ਪਹਿਲੇ ਸੰਚਾਰ ਉਪਗ੍ਰਹਿ ਐਪਲ ਦੀ 40ਵੀਂ ਵਰ੍ਹੇਗੰਢ ਸਬੰਧੀ ਕਰਵਾਏ ਆਨਲਾਈਨ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ।ਉਨ੍ਹਾਂ ਪਹਿਲੇ ਸੰਚਾਰ ਉਪਗ੍ਰਹਿ ਐਪਲ ਸਮੇਤ ਪੰਜ ਦਹਾਕਿਆਂ ’ਚ ਇਸਰੋ ਦੇ ਪੁਲਾੜ ਤਕਨਾਲੋਜੀ ’ਚ ਵਿਸ਼ਵਵਿਆਪੀ ਲੀਡਰ ਬਣਨ ਤੱਕ ਦੇ ਸਫ਼ਰ ਸਬੰਧੀ ਆਪਣੇ ਤਜ਼ਰਬੇ ਸਾਂਝੇ ਕੀਤੇ।ਇਸ ਮੌਕੇ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਪੁਲਾੜ ਤਕਨਾਲੋਜੀ ਦੇ ਖੇਤਰ ’ਚ ਪਾਏ ਬੇਮਿਸਾਲ ਯੋਗਦਾਨ ਲਈ ਪਦਮ ਸ਼੍ਰੀ ਡਾ. ਆਰ.ਐਸ ਵਾਸਾਗਮ ਨੂੰ ’ਲਾਈਫ਼ ਟਾਈਮ ਅਚੀਵਮੈਂਟ’ ਪੁਰਸਕਾਰ ਨਾਲ ਨਿਵਾਜਿਆ ਗਿਆ।
ਇਸ ਮੌਕੇ ਚੰਦਰਯਾਨ-1 ਅਤੇ ਮੰਗਲਯਾਨ ਦੇ ਪ੍ਰੋਗਰਾਮ ਡਾਇਰੈਕਟਰ ਅਤੇ ਮੂਨ ਮੈਨ ਆਫ਼ ਇੰਡੀਆ ਵਜੋਂ ਜਾਣੇ ਜਾਂਦੇ ਪਦਮਸ਼੍ਰੀ ਡਾ.ਐਮ ਅਨਾਦੁਰਾਈ, ਇੰਡੀਅਨ ਟੈਕਨਾਲੋਜੀ ਕਾਂਗਰਸ ਐਸੋਸੀਏਸ਼ਨ ਦੇ ਪ੍ਰਧਾਨ ਡਾ. ਐਲ.ਵੀ ਮੁਰਲੀਕਿ੍ਰਸ਼ਨ ਰੈਡੀ, ਇੰਡੀਅਨ ਇੰਸਟੀਚਿਊਸ਼ਨਜ਼ ਆਫ਼ ਪ੍ਰੋਡਕਸ਼ਨ ਇੰਜੀਨੀਅਰਜ਼ ਦੇ ਪ੍ਰਧਾਨ ਅਤੇ ਯੂਨੀਸੈਕ ਇੰਡੀਆ ਦੇ ਵਾਈਸ ਪ੍ਰੈਜ਼ੀਡੈਂਟ ਡਾ. ਵੂਡੇ ਪੀ ਕਿ੍ਰਸ਼ਨਾ, ਏ.ਆਈ.ਸੀ.ਟੀ.ਈ ਦੇ ਸਾਬਕਾ ਡਾਇਰੈਕਟਰ ਅਤੇ ਆਈ.ਈ.ਈ.ਈ ਦੇ ਸੀਨੀਅਰ ਮੈਂਬਰ ਡਾ. ਮਨਪ੍ਰੀਤ ਸਿੰਘ ਮੰਨਾ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਡਾ. ਆਰ.ਐਸ ਬਾਵਾ ਨੇ ਉਚੇਚੇ ਤੌਰ ’ਤੇ ਸਮਾਗਮ ’ਚ ਸ਼ਿਰਕਤ ਕੀਤੀ।
ਇਸ ਦੌਰਾਨ ਗੱਲਬਾਤ ਕਰਦਿਆਂ ਡਾ. ਵਾਸਾਗਮ ਨੇ ਕਿਹਾ ਕਿ ਭਾਰਤ ਸਪੇਸ ਤਕਨਾਲੋਜੀ ਦੇ ਖੇਤਰ ’ਚ ਤੇਜ਼ੀ ਨਾਲ ਅੱਗੇ ਵਧਿਆ ਹੈ, ਪੁਲਾੜ ਤਕਨਾਲੋਜੀ ਦੇ ਖੇਤਰ ’ਚ ਵੱਡੇ ਕੀਰਤੀਮਾਨ ਸਥਾਪਿਤ ਕਰ ਕੇ ਭਾਰਤ ਗਲੋਬਲ ਲੀਡਰ ਵਜੋਂ ਉਭਰਿਆ ਹੈ।ਉਨ੍ਹਾਂ ਕਿਹਾ ਕਿ ਭਾਰਤ ਵੱਖ-ਵੱਖ ਪੁਲਾੜ ਮਿਸ਼ਨਾਂ ’ਤੇ ਤੇਜ਼ੀ ਨਾਲ ਕੰਮ ਕਰ ਰਿਹਾ ਹੈ, ਜਿਸ ਲਈ ਇੱਕ ਤੋਂ ਬਾਅਦ ਇੱਕ ਪਹਿਲਕਦਮੀਆਂ ਕੀਤੀਆਂ ਜਾਣਗੀਆਂ।ਰੋਬੋਟਿਕਸ ਤਕਨਾਲੋਜੀ ਦੀ ਮਹੱਤਤਾ ਸਬੰਧੀ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਗੋਬੋਟਿਕਸ ਸਪੇਸ ਤਕਨਾਲੋਜੀ ’ਚ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ ਅਤੇ ਨਿਰਸੰਦੇਹ ਭਵਿੱਖ ’ਚ ਵੀ ਪੁਲਾੜ ਖੋਜ ਮਿਸ਼ਨਾਂ ’ਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ, ਕਿਉਂਕਿ ਜਿੱਥੇ ਅਰਬਿਟ ’ਚ ਮਨੁੱਖੀ ਪਹੁੰਚ ਅਸੰਭਵ ਹੈ ਉਥੇ ਰੋੋਬੋਟਿਕਸ ਦੀ ਪਹੁੰਚ ਆਸਾਨੀ ਨਾਲ ਬਣਾਈ ਜਾ ਸਕਦੀ ਹੈ।ਉਨ੍ਹਾਂ ਕਿਹਾ ਕਿ ਲਾਈਫ਼ ਐਕਸਟੈਸ਼ਨ ਸਰਵਿਸਿਜ਼ ਮਿਸ਼ਨਾਂ ਦੀ ਸਫ਼ਲਤਾ ਲਈ ਵੀ ਰੋਬੋਟਿਕਸ ਤਕਨਾਲੋਜੀ ਦੀ ਮਹੱਤਵਪੂਰਨ ਭੂਮਿਕਾ ਰਹੀ ਹੈ।ਉਨ੍ਹਾਂ ਕਿਹਾ ਕਿ ਪੁਲਾੜ ਵਿਗਿਆਨ ਦੇ ਖੇਤਰ ’ਚ ਜਾਣ ਵਾਲੇ ਵਿਦਿਆਰਥੀਆਂ ਲਈ ਰੋਬੋਟਿਕਸ ਖੇਤਰ ’ਚ ਅਧਿਐਨ ਕਰਨਾ ਢੁੱਕਵਾਂ ਵਿਕਲਪ ਸਿੱਧ ਹੋ ਸਕਦਾ ਹੈ।
ਉੁਨ੍ਹਾਂ ਕਿਹਾ ਕਿ 5 ਦਹਾਕਿਆਂ ’ਚ ਭਾਰਤ ਨੇ ਪੁਲਾੜ ਖੋਜ ਦੇ ਖੇਤਰ ’ਚ ਵੱਡੀ ਉਡਾਣ ਹਾਸਲ ਕੀਤੀ ਹੈ।ਇੰਡੀਅਨ ਸਪੇਸ ਰਿਸਰਚ ਇੰਸਟੀਚਿਊਟ (ਇਸਰੋ) ਨੇ ਅਜਿਹੀਆਂ ਪ੍ਰਾਪਤੀਆਂ ਹਾਸਲ ਕੀਤੀਆਂ ਹਨ ਜੋ ਵਿਸ਼ਵ ਦੇ ਕੁਝ ਹੀ ਦੇਸ਼ ਆਪਣੇ ਨਾਮ ਕਰ ਸਕੇ ਹਨ।ਸੰਚਾਰ ਉਪਗ੍ਰਹਿ ਨੇ ਸੰਚਾਰ ਦੇ ਖੇਤਰ ’ਚ ਭਾਰਤ ਨੂੰ ਵਿਸ਼ਵ ਦੇ ਪ੍ਰਮੁੱਖ ਦੇਸ਼ਾਂ ਵਿੱਚ ਲਿਜਾਣ ਦਾ ਕੰਮ ਕੀਤਾ ਹੈ, ਜਿਸ ਦੀ ਸ਼ੁਰੂਆਤ 18 ਜੂਨ 1981 ਨੂੰ ਐਪਲ ਉਪਗ੍ਰਹਿ ਨਾਲ ਹੋਈ ਸੀ।ਐਪਲ ਨੇ ਤਕਨਾਲੋਜੀ ਦੇ ਵਿਕਾਸ ਅਤੇ ਸੰਚਾਰ ਉਪਗ੍ਰਹਿ ਦੇ ਤਜ਼ਰਬੇ ਲਈ ਵੱਡੇ ਪੱਧਰ ’ਤੇ ਲਾਭ ਪਹੁੰਚਾਇਆ ਹੈ ਅਤੇ ਇਨਸੈਟ ਪ੍ਰਣਾਲੀ ਨਾਲ ਕਾਰਜਸ਼ੀਲ ਸੰਚਾਰ ਉਪਗ੍ਰਹਿ ਦੇ ਸਵਦੇਸ਼ੀ ਵਿਕਾਸ ਦੀ ਨਹੀਂ ਰੱਖੀ, ਜੋ ਅੱਜ ਇੰਸੈਟ ਅਤੇ ਜੀਸੈਟ ਲੜੀ ਵਜੋਂ ਜਾਰੀ ਨਿਰੰਤਰ ਜਾਰੀ ਹੈ।ਇਸ ਮੌਕੇ ਕਲਪਨਾ ਚਾਵਲਾ, ਸਤੀਸ਼ ਧਵਨ ਵਰਗੇ ਭਾਰਤੀ ਵਿਗਿਆਨੀਆਂ ਪ੍ਰਤੀ ਸਤਿਕਾਰ ਜ਼ਾਹਿਰ ਕਰਦਿਆਂ ਪਦਮਸ਼੍ਰੀ ਪ੍ਰੋ. ਆਰ.ਐਮ ਵਸਾਗਮ ਨੇ ਕਿਹਾ ਕਿ ਇਨ੍ਹਾਂ ਮਹਾਨ ਵਿਗਿਆਨੀਆਂ ਨੇ ਭਾਰਤੀ ਪੁਲਾੜ ਪ੍ਰੋਗਰਾਮ ਨੂੰ ਇੱਕ ਉੱਚ ਮੁਕਾਮ ਤੱਕ ਪਹੁੰਚਾਉਣ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਈ ਹੈ।
ਇਸ ਮੌਕੇ ਪਦਮਸ਼੍ਰੀ ਡਾ. ਐਮ ਅਨਾਦੁਰਾਈ ਨੇ ਕਿਹਾ ਕਿ ਭਾਰਤ ਪੁਲਾੜ ਪ੍ਰੋਗਰਾਮਾਂ ’ਚ ਸਫ਼ਲਤਾਪੂਰਵਕ ਅੱਗੇ ਵੱਧ ਰਿਹਾ ਹੈ ਅਤੇ ਅਜਿਹੇ ਕਈ ਖੇਤਰ ਹਨ ਜਿੱਥੇ ਭਾਰਤ ਨੇ ਚੀਨ ਦੇ ਮੁਕਾਬਲੇ ਚੰਗਾ ਪ੍ਰਦਰਸ਼ਨ ਕੀਤਾ ਹੈ।ਰੀਮੋਰਟ ਸੈਂਸਿੰਗ ਸੈਟੇਲਾਈਟ ਖੇਤਰ ’ਚ ਭਾਰਤ ਚੀਨ ਨਾਲੋਂ ਬਿਹਤਰ ਕਾਰਗੁਜ਼ਾਰੀ ਵਿਖਾ ਰਿਹਾ ਹੈ।ਉਨ੍ਹਾਂ ਕਿਹਾ ਕਿ ਮੰਗਲ ਮਿਸ਼ਨ ’ਚ ਚੀਨ ਦੀ ਤੁਲਨਾ ’ਚ ਭਾਰਤ ਆਪਣੇ ਪਹਿਲੇ ਹੀ ਯਤਨ ’ਚ ਸਫ਼ਲ ਹੋਣ ਵਾਲਾ ਪਹਿਲਾ ਦੇਸ਼ ਹੈ।ਚੀਨ ’ਚ 2 ਲੱਖ ਦੇ ਕਰੀਬ ਲੋਕਾਂ ਦੇ ਮੁਕਾਬਲੇ ਭਾਰਤ ਦੇ ਸਿਰਫ਼ 18 ਹਜ਼ਾਰ ਵਿਗਿਆਨੀ ਪੁਲਾੜ ਖੋਜ਼ ਪ੍ਰੋਗਰਾਮਾਂ ’ਚ ਕੰਮ ਕਰ ਰਹੇ ਹਨ। ਵਿਦਿਆਰਥੀਆਂ ਨੂੰ ਸਪੇਸ ਤਕਨਾਲੋਜੀ ਵੱਲ ਪ੍ਰੇਰਿਤ ਕਰਦਿਆਂ ਉਨ੍ਹਾਂ ਕਿਹਾ ਕਿ ਕੇਵਲ ਇਸਰੋ ਤੱਕ ਪਹੁੰਚਣਾ ਹੀ ਮੁਕਾਮ ਨਹੀਂ ਹੈ, ਤੁਹਾਡਾ ਨਿਸ਼ਚਾ ਚੰਦਰਮਾ ’ਤੇ ਪਹੁੰਚਣ ਦਾ ਹੋਣਾ ਚਾਹੀਦਾ ਹੈ।ਸੰਸਥਾ ਭਾਵੇਂ ਕੋਈ ਵੀ ਹੋਵੇ ਤੁਸੀਂ ਆਪਣੀ ਕਾਬਲੀਅਤ ਨਾਲ ਆਪਣੀ ਮੰਜ਼ਿਲ ’ਤੇ ਪਹੁੰਚ ਸਕਦੇ ਹੋ।
ਇਸ ਮੌਕੇ ਬੋਲਦਿਆਂ ਡਾ. ਮਨਪ੍ਰੀਤ ਸਿੰਘ ਮੰਨਾ ਨੇ ਕਿਹਾ ਕਿ ਯਾਤਰਾ ਮਹੱਤਵਪੂਰਨ ਹੈ ਅਤੇ ਟੀਚਾ ਕਦੇ ਵੀ ਮਹੱਤਵਪੂਰਨ ਨਹੀਂ ਹੋ ਸਕਦਾ ਅਤੇ ਕਿਸੇ ਵੀ ਸਫ਼ਲਤਾ ਪਿੱੱਛੇ ਦੀਆਂ ਰੁਕਾਵਟਾਂ, ਸੰਘਰਸ਼ ਅਤੇ ਚੁਣੌਤੀਆਂ ਆਉਣ ਵਾਲੀ ਪੀੜ੍ਹੀ ਲਈ ਪ੍ਰੇਰਣਾ ਸਰੋਤ ਬਣਦੀਆਂ ਹਨ।ਐਪਲ ਸੈਟੇਲਾਈਟ ਲਾਂਚ ਕਰਨਾ ਪਹਿਲੇ ਸੰਚਾਰ ਉਪਗ੍ਰਹਿ ਦੀ ਸ਼ੁਰੂਆਤ ਨਹੀਂ ਸੀ ਬਲਕਿ ਇਹ ਦੇਸ਼ ਲਈ ਨਵੀਂ ਯਾਤਰਾ ਦੀ ਸ਼ੁਰੂਆਤ ਸੀ।ਉਨ੍ਹਾਂ ਕਿਹਾ ਕਿ ਭਾਰਤ ਵੱਲੋਂ ਐਪਲ ਉਪਗ੍ਰਹਿ ਤੋਂ ਬਾਅਦ 300 ਤੋਂ ਵੱਧ ਉਪਗ੍ਰਹਿ ਲਾਂਚ ਕੀਤੇ ਗਏ ਪਰ ਇਹ ਉਸ ਖੁਸ਼ੀ ਦੀ ਭਾਵਨਾ ਨਾਲ ਮੇਲ ਨਹੀਂ ਖਾਂਦਾ ਜੋ ਦਹਾਕਿਆਂ ਪਹਿਲਾਂ ਮਹਿਸੂਸ ਹੋਈ ਸੀ।
ਇਸ ਮੌਕੇ ਐਪਲ ਉਪਗ੍ਰਹਿ ਦੀ 40ਵੀਂ ਵਰ੍ਹੇਗੰਢ ਦੀ ਵਧਾਈ ਦਿੰਦਿਆਂ ਚੰਡੀਗੜ੍ਹ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਡਾ. ਆਰ. ਐਸ ਬਾਵਾ ਨੇ ਕਿਹਾ ਕਿ 4 ਦਹਾਕੇ ਪਹਿਲਾ ਸੰਚਾਰ ਉਪਗ੍ਰਹਿ ਐਪਲ ਦੀ ਹੋਈ ਸਥਾਪਨਾ ਦੇਸ਼ ਲਈ ਇੱਕ ਇਤਿਹਾਸਕ ਪ੍ਰਾਪਤੀ ਸੀ, ਜਿਸ ਨਾਲ ਪੁਲਾੜ ਖੇਤਰ ’ਚ ਭਾਰਤ ਨੂੰ ਚੋਟੀ ਦੇ ਮੁਲਕਾਂ ’ਚ ਸ਼ੁਮਾਰ ਕੀਤਾ ਹੈ।ਉਨ੍ਹਾਂ ਕਿਹਾ ਕਿ ਪੁਲਾੜ ਖੇਤਰ ਸਬੰਧੀ ਖੋਜ ਕਾਰਜਾਂ ਦੀ ਅਹਿਮੀਅਤ ਨੂੰ ਧਿਆਨ ’ਚ ਰੱਖਦਿਆਂ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਸਟੂਡੈਂਟ ਸੈਟੇਲਾਈਟ ਪ੍ਰੋਗਰਾਮ ’ਸੀਯੂ ਸੈਟ’ ਦੀ ਸ਼ੁਰੂਆਤ ਵੀ ਕੀਤੀ ਗਈ ਹੈ।ਉਨ੍ਹਾਂ ਦੱਸਿਆ ਕਿ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਉੱਤਰ ਭਾਰਤ ਦੀ ਪਹਿਲੀ ਯੂਨੀਵਰਸਿਟੀ ਹੈ, ਜਿਸ ਨੇ ਸੈਟੇਲਾਈਟ ਸਿਸਟਮ ਡਿਜ਼ਾਇੰਨ ਐਂਡ ਬਿਲਡਿੰਗ ’ਤੇ ਆਧਾਰਿਤ ਕੋਰਸ ਦੀ ਸ਼ੁਰੂਆਤ ਕੀਤੀ ਹੈ।