ਕਾਹਤੋਂ ਇਹ ਆ ਜਾਂਦਾ ਸੋਗੀ ਸੋਮਵਾਰ ਜੀ,
ਮੁਲਾਜ਼ਮਾਂ ਨੂੰ ਫੇਰ ਚੜ ਜਾਂਦਾ ਏ ਬੁਖ਼ਾਰ ਜੀ।
ਸ਼ਨੀ- ਐਤਵਾਰ ਦੇ ਬੁੱਲੇ ਲੁੱਟ ਲੁੱਟ ਕੇ ਜੀ,
ਦਫ਼ਤਰ ਜਾਣ ਲਈ ਨਾ ਮਨ ਹੋਵੇ ਤਿਆਰ ਜੀ।
ਬੱਸਾਂ-ਗੱਡੀਆਂ ਚ ਜਾਈਏ ਸੁੱਤੇ-ਹੁੰਗਲਾਉਦੇ ਜੀ,
ਜਿਵੇਂ ਹੋਵੇ ਕੋਈ ਮੁੱਦਤਾਂ ਦਾ ਬਿਮਾਰ ਜੀ।
ਉਹੀ ਧੂੜ-ਉਹੀ ਫਾਇਲਾਂ ਵਾਲਾ ਵੇਖ ਢੇਰ ਜੀ,
ਦਿਮਾਗ ਹੋਜੇ ਸੁੰਨ ਮਨ ਹੋਵੇ ਦੁਖਿਆਰ ਜੀ।
ਅਫਸਰਾਂ ਦੀ ਵੇਹਲ ਵੇਖ ਫ਼ਾਇਲਾਂ ਕੱਢਵਾਈਏ ਜੀ,
ਜਿਵੇ ਬੰਦਾ ਹੋਵੇ ਕੋਈ ਅੱਤ ਹੁਸ਼ਿਆਰ ਜੀ।
ਚਾਹ ਦੀਆਂ ਚੁੱਸਕੀਆਂ ਨਾਲ ਦਿਨ ਲੰਘੇ ਸਾਡਾ ਰੋਜ਼,
ਫਾਇਲਾਂ ਦੀਆ ਪੰਡਾਂ ਕੰਮ ਹੁੰਦਾ ਬੇਸ਼ੁਮਾਰ ਜੀ।
ਰਿਸ਼ਵਤਾਂ ਦੇ ਨਹੀ ਬੱਸ ਅਪਣੱਤ ਦੇ ਹਾਂ ਭੁੱਖੇ ਯਾਰੋ,
ਐਵੇਂ ਦੋਸ਼ ਲਾਉਂਦੇ ਭੈੜੇ ਲੋਕ ਬੇਸ਼ੁਮਾਰ ਜੀ।
ਕੰਮ ਕਰੀਏ ਏ.ਸੀ, ਪੱਖਿਆਂ ਦੀ ਫਿਕਰ ਕੀਤੇ ਬਿਨਾਂ,
ਉਡੀਕ ਹੁੰਦੀ ਫੇਰ ਸਾਨੂੰ ਸ਼ਨੀ-ਐਤਵਾਰ ਦੀ।
ਸੈਲਰੀ ਦੀ ਝਾਕ ਸਾਨੂੰ ਰੀਝਾਂ ਨਾਲ ਰਹਿੰਦੀ ਏ,
30-31 ਨੂੰ ਚੜੇ ਕੋਈ ਅਜਬ ਖ਼ੁਮਾਰ ਜੀ ।
ਪਰਿਵਾਰ ਤੇ ਨੌਕਰੀ ਦੋ ਪੁੜਾਂ ਵਿੱਚ ਪਿਸੀਏ ਜੀ,
ਕਦੇ-ਕਦੇ ਫਰਲੋ ਦੇ ਵੀ ਲੱਭੀਏ ਜੁਗਾੜ ਜੀ।
ਚੰਡੀਗੜ੍ਹ ਜਾਣਾ ਹੋਵੇ ਸਾਨੂੰ ਪੈ ਜਾਵੇ ਮੌਤ ਜੀ,
ਤੜਕੇ ਤਿੰਨ ਵਾਲੀ ਬੱਸੇ ਫਿਰ ਹੋਈਏ ਅਸਵਾਰ ਜੀ।
ਸਰਕਾਰਾਂ ਨਾਲ ਮੱਥੇ ਸਾਡੇ ਸਦਾ ਹੀ ਨੇ ਲੱਗਦੇ,
ਡੀ.ਏ, ਏਰੀਅਰ ਤੇ ਪੈਨਸ਼ਨਾਂ ਬਿਨ ਜਿੰਦ ਦੁਸ਼ਵਾਰ ਜੀ।
ਇਲੈਕਸ਼ਨ, ਹੜ ਤੇ ਕਰੋਨਾ ਮਹਾਮਾਰੀਆਂ ਚ ਡਟੀਏ,
ਅਸੀਂ ਹਾਂ ਸਰਕਾਰੇ ਤੇਰੇ ਵੱਡੇ ਹਥਿਆਰ ਜੀ।
ਨੀ.. ਅਸੀਂ ਹਾਂ ਸਰਕਾਰੇ ਤੇਰੇ ਵੱਡੇ ਹਥਿਆਰ ਜੀ।