ਆਪਣੀ ਹਵੇਲੀ ਦੇ ਅੱਗੇ ਹਰਜਿੰਦਰ ਸਿੰਘ ਨੇ ਸਕੂਟਰ ਰੋਕਿਆ ਤਾਂ ਨਸੀਬ ਕੌਰ ਨੇ ਕਿਹਾ, “ਇਸ ਤਰ੍ਹਾਂ ਕਰੋ, ਤੁਸੀਂ ਘਰ ਪਹਿਲੇ ਚਲੇ ਜਾਉ ਤੇ ਮਿੰਦੀ ਨੂੰ ਸਾਰੀ ਗੱਲ ਦੱਸ ਦਿਉ, ਸਰੋਂ ਦਾ ਤੇਲ ਤੇ ਕੁੰਭ ਲੈ ਕੇ ਦਰਵਾਜ਼ੇ ਦੇ ਕੋਲ ਖੜੇ।” “ਦਿਲਪ੍ਰੀਤ ਤੈਨੂੰ ਬਥੇਰਾ ਕਹਿੰਦਾ ਰਹਿੰਦਾ ਹੈ ਇਹੋ ਜਿਹੇ ਸ਼ਗਨ ਸ਼ੁਗਨ ਛੱਡ ਦੇ।” ਹਰਜਿੰਦਰ ਸਿੰਘ ਨੇ ਕਿਹਾ, “ਪਰ ਤੂੰ ਕਿਥੋਂ ਹਟੇਂ।”
“ਤਹਾਨੂੰ ਨਹੀਂ ਪਤਾ, ਇਹਨਾ ਗੱਲਾਂ ਦਾ।” ਨਸੀਬ ਕੌਰ ਨੇ ਜਵਾਬ ਦਿੱਤਾ, “ਤੁਸੀਂ ਜਾਉ ਅਤੇ ਮੇਰਾ ਸੁਨੇਹਾ ਮਿੰਦੀ ਨੂੰ ਦੇ ਦਿਉ।”
ਹਰਜਿੰਦਰ ਸਿੰਘ ਚਲਾ ਗਿਆ।
“ਪੁੱਤ, ਗੁਸਲਖਾਨੇ ਜਾਣਾ ਹੈ ਤਾਂ ਸਾਹਮਣੇ ਹੀ ਜਾ ਆ।” ਨਸੀਬ ਨੇ ਹਵੇਲੀ ਦੇ ਖੂੰਜੇ ਵਿਚ ਬਣੇ ਗੁਸਲਖਾਨੇ ਵੱਲ ਇਸ਼ਾਰਾ ਕਰਦੇ ਕਿਹਾ।
“ਨਹੀਂ ਜੀ, ਮੈਂ ਠੀਕ ਹਾਂ।”
“ਅੱਛਾ, ਫਿਰ ਮੈਂ ਜਾ ਆਵਾਂ।” ਨਸੀਬ ਕੌਰ ਨੇ ਕਿਹਾ, “ਤੂੰ ਇੱਥੇ ਹੀ ਠਹਿਰੀਂ।”
ਪਰੇ ਭਈਆ ਪਸੂਆਂ ਨੂੰ ਪੱਠੇ ਪਾ ਰਿਹਾ ਸੀ ਅਤੇ ਦੂਰੋਂ ਹੀ ਦੀਪੀ ਨੂੰ ਪਹਿਚਾਨਣ ਦੀ ਕੋਸ਼ਿਸ਼ ਵੀ ਕਰ ਰਿਹਾ ਸੀ। ਨਸੀਬ ਗੁਸਲਖਾਨੇ ਵਿਚੋਂ ਬਾਹਰ ਆਈ ਤਾਂ ਭਈਆ ਵੀ ਨਾਲ ਹੀ ਕੋਲ ਆ ਗਿਆ।
“ਸਾਸਰੀਕਾਲ, ਬੀਬੀ ਜੀ।” ਸ਼ਹਿਰੋਂ ਵਾਪਸ ਆ ਗਏ।”
“ਹਾਂ ਆ ਗਏ।” ਨਸੀਬ ਕੌਰ ਨੇ ਕਿਹਾ, “ਆਜ ਫਜੋਂ ਨੇ ਹਵੇਲੀ ਮੇਂ ਝਾੜੂ ਨਹੀਂ ਲਗਾਇਆ।
“ਬੋਲਤੀ ਥੀ, ਕੱਲ ਕੋ ਲਗਾ ਦੇਗੀ ਆਜ ਉਸ ਨੇ ਕਹੀਂ ਜਾਣਾ ਥਾ।” ਭਈਏ ਨੇ ਦੀਪੀ ਵੱਲ ਦੇਖਦੇ ਹੋਏ ਕਿਹਾ, “ਜੇ ਲੜਕੀ ਕੌਣ ਹੈ, ਪਹਿਲੇ ਤੋਂ ਮੈਨੇ ਕਭੀ ਨਹੀਂ ਦੇਖਾ।”
“ਤੂੰ ਨਹੀਂ ਇਸੇ ਜਾਣਤਾ।” ਨਸੀਬ ਕੌਰ ਨੇ ਕਿਹਾ, “ਮਹਿਮਾਨ ਹੈ, ਸਰਦਾਰ ਜੀ ਕੇ ਦੋਸਤ ਕੀ ਬੇਟੀ ਹੈ।”
“ਬਹੁਤ ਖੁੂਬਸੂਰਤ ਹੈ।” ਭਈਏ ਨੇ ਸਲਾਹ ਦਿੱਤੀ, “ਇਸ ਕੀ ਸ਼ਾਦੀ ਛੋਟੇ ਸਰਦਾਰ ਸੇ ਕਰ ਦੋ।”
ਦੀਪੀ ਭਈਏ ਦੀ ਗੱਲ ਸੁਣ ਕੇ ਸੰਗ ਗਈ ਅਤੇ ਨਾਲ ਹੀ ਮੁਸਕ੍ਰਾ ਵੀ ਪਈ। ਨਸੀਬ ਕੌਰ ਵੀ ਮੁਸਕ੍ਰਾ ਪਈ।। ਦੋਨੋ ਮੁਸਕ੍ਰਾਉਂਦੀਆਂ ਘਰ ਵੱਲ ਨੂੰ ਤੁਰ ਪਈਆਂ।
ਗਲ੍ਹੀ ਵਿਚ ਜਾਂਦੀਆਂ ਨੂੰ ਦੋ ਹੀ ਜ਼ਨਾਨੀਆਂ ਮਿਲੀਆਂ ਤੇ ਨਸੀਬ ਕੌਰ ਨੇ ਉਹਨਾ ਨੂੰ ਵੀ ਇਹ ਹੀ ਦੱਸਿਆ ਕਿ ਦੀਪੀ ਸਾਡੇ ਪ੍ਰਹਾਉਣੀ ਆਈ ਹੈ।
ਘਰ ਦੀ ਸਰਦਲ ਤੇ’ ਮਿੰਦੀ ਨੇ ਖੁਸ਼ੀ ਵਿਚ ਰਲ੍ਹੀ ਨੇ ਛੇਤੀ ਨਾਲ ਤੇਲ ਚੋਇਆ। ਇਕ ਦਮ ਦੀਪੀ ਅਤੇ ਨਸੀਬ ਨੂੰ ਅੰਦਰ ਵਾੜ ਕੇ ਦਰਵਾਜ਼ੇ ਦਾ ਕੁੰਡਾ ਲਾ ਦਿੱਤਾ।
ਮਿੰਦੀ ਨੇ ਦੀਪੀ ਨੂੰ ਘੁੱਟ ਕੇ ਜੱਫੀ ਵਿਚ ਲੈ ਲਿਆ। ਦੀਪੀ ਚੁੱਪ-ਚਾਪ ਨਵੇਂ ਘਰ ਨੂੰ ਨਿਹਾਰਦੀ ਹੋਈ ਹੁਣ ਵੀ ਜਿਵੇਂ ਘਰ ਦੇ ਕਹਿ ਰਹੇ ਸਨ, ਉਸ ਤਰ੍ਹਾਂ ਹੀ ਕਰ ਰਹੀ ਸੀ। ਨਵੀਂ ਵਿਆਹੀ ਕੁੜੀ ਵੈਸੇ ਵੀ ਆਪਣੀ ਮਰਜ਼ੀ ਕਰਨਾ ਵੀ ਚਾਹੇ ਤਾਂ ਕਰ ਨਹੀ ਸਕਦੀ। ਦੀਪੀ ਨੂੰ ਇਸ ਰਵਾਇਤ ਦਾ ਚੰਗਾ ਗਿਆਨ ਸੀ। ਉਹ ਖੁਸ਼ ਵੀ ਹੋਈ ਕਿ ਬੇਸ਼ੱਕ ਉਸ ਨਾਲ ਦਿਲਪ੍ਰੀਤ ਨਹੀਂ ਸੀ ਫਿਰ ਵੀ ਘਰ ਦੇ ਇਕ ਅਨੌਖੇ ਚਾਅ ਵਿਚ ਉਸ ਨੂੰ ਜੀ ਆਇਆਂ ਕਹਿ ਰਹੇ ਸਨ।
“ਬੇਬੇ ਜੀ, ਦੇਖੋ ਕੌਣ ਆਇਆ ਹੈ”? ਮਿੰਦੀ ਨੇ ਦੀਪੀ ਨੂੰ ਬੇਬੇ ਜੀ ਦੇ ਮੰਜੇ ਕੋਲ ਲਈ ਜਾਂਦਿਆਂ ਕਿਹਾ, “ਉੱਠੋ, ਆਪਣੀ ਪੋਤ-ਨੂੰਹ ਨੂੰ ਪਿਆਰ ਦਿਉ।”
ਪੋਤ ਨੂੰਹ ਦਾ ਨਾਮ ਸੁਣ ਕੇ ਬਿਮਾਰ ਪਈ ਬੇਬੇ ਜੀ ਉੱਠਣ ਦਾ ਯਤਨ ਕਰਦੀ ਬੋਲੀ, “ਸੱਚੀਂ ਆਈ ਹੈ ਜਾਂ ਮੈਨੂੰ ਮਸ਼ਕਰੀ ਕਰਦੀ ਏਂ।”
ਨਸੀਬ ਕੌਰ ਤੇ ਹਰਜਿੰਦਰ ਸਿੰਘ ਨੇ ਬੇਬੇ ਜੀ ਨੂੰ ਸਹਾਰਾ ਦੇ ਕੇ ਬਿਠਾ ਦਿੱਤਾ। ਘਰ ਆਉਂਦਾ ਹੋਇਆ ਹਰਜਿੰਦਰ ਸਿੰਘ ਜੋ ਹੱਟੀ ਤੋਂ ਲੱਡੂ ਲਿਆਇਆ ਸੀ, ਉਹਨਾ ਵਿਚੋਂ ਥੌੜਾ ਜਿਹਾ ਤੋੜ ਕੇ ਬੇਬੇ ਜੀ ਨੂੰ ਕਹਿਣ ਲੱਗਾ, “ਆ ਲਉ, ਮੂੰਹ ਵੀ ਮਿੱਠਾ ਕਰੋ।”
ਦੀਪੀ ਨੇ ਬੇਬੇ ਜੀ ਦੇ ਪੈਰਾ ਨੂੰ ਹੱਥ ਲਾਇਆ। ਬੇਬੇ ਜੀ ਨੇ ਉਸ ਨੂੰ ਫੱੜ੍ਹ ਕੇ ਆਪਣੇ ਨਾਲ ਲਾ ਕੇ ਅਸੀਸ ਦਿੱਤੀ, “ਪੁੱਤੀ ਫਲੋਂ, ਦੁੱਧੀ ਨ੍ਹਾਉ।”
ਫਿਰ ਬੇਬੇ ਜੀ ਨੇ ਆਲੇ-ਦਆਲੇ ਇੰਝ ਦੇਖਿਆ ਜਿਵੇ ਦਿਲਪ੍ਰੀਤ ਨੂੰ ਲੱਭ ਰਹੇ ਹੋਣ।
“ਬੇਬੇ ਜੀ, ਫਿਕਰ ਨਾਂ ਕਰੋ।” ਨਸੀਬ ਨੇ ਹੌਲੀ ਜਿਹੀ ਬੇਬੇ ਦੇ ਕੰਨ ਕੋਲ ਕਿਹਾ, “ਪੋਤਾ ਵੀ ਆਵੇਗਾ।”
“ਲੰੰਮੀ ਲੰਮੀ ਉਮਰ ਵਾਲਾ ਹੋਵੇ।” ਬੇਬੇ ਜੀ ਨੇ ਦੋਵੇ ਹੱਥ ਜੋੜ ਕੇ ਸਾਹਮਣੇ ਕੰਧ ਤੇ ਲੱਗੀ ਗੁਰੂ ਨਾਨਕ ਦੇਵ ਜੀ ਦੀ ਫੋਟੋ ਵੱਲ ਦੇਖ ਕੇ ਕਿਹਾ, “ਤੂੰ ਜੋ ਕੁਝ ਵੀ ਕਰ ਰਿਹਾ ਆਂ, ਵਧੀਆ ਹੈ, ਪਰ ਇਹਨਾ ਦੋਹਾਂ ਨੂੰ ਤੱਤੀ ਵਾਅ ਨਾਂ ਲਾਈਂ, ਮੈਨੂੰ ਭਾਵੇਂ ਹੁਣ ਚੁੱਕ ਲਈ, ਤੇਰਾ ਸ਼ੁਕਰ ਹੈ।” ਨਾਲ ਹੀ ਬੇਬੇ ਜੀ ਨੇ ਹੱਥ ਜੋੜ ਕੇ ਮੱਥਾ ਟੇਕਿਆ। ਉਦੋਂ ਹੀ ਘਰ ਦਾ ਗੇਟ ਖੜਕਿਆ।
“ਮਿੰਦੀ, ਕੁੰਡਾ ਖੋਲ ਦੇ, ਮੈਨੂੰ ਲੱਗਦਾ ਹੈ ਕਿ ਤੋਸ਼ੀ ਤੇ ਕਾਕਾ ਆ ਗਏ।” ਹਰਜਿੰਦਰ ਸਿੰਘ ਨੇ ਕਿਹਾ।
ਤੋਸ਼ੀ ਦੀਪੀ ਨੂੰ ਦੇਖ ਕੇ ਹੈਰਾਨ ਵੀ ਹੋਇਆ ਅਤੇ ਖੁਸ਼ ਵੀ। ਉਤਸੁਕਤਾ ਨਾਲ ਹਰਜਿੰਦਰ ਸਿੰਘ ਤੋਂ ਸਾਰੀ ਗੱਲ ਸੁਣੀ। ਫਿਰ ਕਿਸੇ ਚਾਅ ਵਿਚ ਆ ਕੇ ਕਹਿਣ ਲੱਗਾ, “ਭਾਅ ਜੀ, ਅੱਜ ਤਾਂ ਮੇਰਾ ਦਿਲ ਘੁੱਟ ਕੁ ਪੀਣ ਨੂੰ ਕਰਨ ਲੱਗ ਪਿਆ।”
ਇਹ ਗੱਲ ਸੁਣ ਕੇ ਹਰਜਿੰਦਰ ਸਿੰਘ ਹੱਸਦਾ ਹੋਇਆ ਕਹਿਣ ਲੱਗਾ, “ਕੋਈ ਨਹੀਂ ਪੀ ਲਈਂ, ਦਿਲਪ੍ਰੀਤ ਨੂੰ ਵੀ ਆ ਲੈਣ ਦੇ।”
“ਉਹ ਸਿੰਘ ਨੇ ਕਿੱਥੇ ਮੰਨਣਾ”? ਤੋਸ਼ੀ ਹੱਸਦਾ ਹੋਇਆ ਬੋਲਿਆ, “ਉਹ ਤਾਂ ਮੈਨੂੰ ਅੰਮ੍ਰਿਤ ਛਕਣ ਨੂੰ ਕਹਿੰਦਾ ਰਹਿੰਦਾ ਹੈ।”
ਦੀਪੀ ਚੁਪ-ਚਾਪ ਬੇਬੇ ਜੀ ਕੋਲ ਕੁਰਸੀ ਤੇ ਬੈਠੀ ਸਾਰੀਆਂ ਗੱਲਾਂ ਸੁਣ ਰਹੀ ਸੀ ਅਤੇ ਸੋਚ ਵੀ ਰਹੀ ਸੀ ਧੰਨ ਹਨ ਇਹ ਬੰਦੇ ਕਿਹੜੇ ਢੰਗ ਨਾਲ ਵਿਆਹ ਹੋਇਆ, ਪੁੱਤ ਅਜੇ ਘਰ ਨਹੀਂ ਆਇਆ, ਫਿਰ ਰੱਬ ਦੀ ਰਜ਼ਾ ਵਿਚ ਰਹਿ ਕੇ ਖੁਸ਼ ਹਨ।
“ਭੈਣ ਜੀ ਰੋਟੀ ਤਿਆਰ ਹੈ।” ਮਿੰਦੀ ਨੇ ਰਸੋਈ ਵਿਚੋਂ ਅਵਾਜ਼ ਮਾਰੀ, “ਆ ਜਾਉ, ਦੀਪੀ ਨੂੰ ਵੀ ਨਾਲ ਲੈ ਆਉ।”
ਗੱਲਾਂ-ਬਾਤਾਂ ਕਰਦਿਆ ਦਿਨ ਝੱਟ ਬਤੀਤ ਹੋ ਗਿਆ। ਸ਼ਾਮ ਢਲਣ ਦੇ ਕਿਨਾਰੇ ਤੇ ਸੀ, ਪਰ ਦਿਲਪ੍ਰੀਤ ਅਜੇ ਤਕ ਨਹੀ ਸੀ ਆਇਆ। ਪੁਲੀਸ ਦੀ ਜੀਪ ਪਿੰਡ ਦੇ ਚੜ੍ਹਦੇ ਪਾਸੇ ਗੇੜਾ ਵੀ ਮਾਰ ਗਈ ਸੀ। ਪੁਲੀਸ ਦੀਆਂ ਜੀਪਾਂ ਦੇ ਗੇੜੇ ਪਿੰਡਾਂ ਵਾਲਿਆਂ ਲਈ ਹੁਣ ਆਮ ਹੋ ਗਏ ਸਨ, ਕੋਈ ਨਵੀਂ ਗੱਲ ਤਾਂ ਨਹੀਂ ਸੀ।
ਮਿੰਦੀ ਨੇ ਦੀਪੀ ਦੇ ਸੌਣ ਦਾ ਪ੍ਰਬੰਧ ਚੁਬਾਰੇ ਵਿਚ ਕਰ ਤਾਂ ਦਿੱਤਾ, ਪਰ ਜਿਸ ਗਲ ਦੀ ਉਸ ਨੂੰ ਚਿੰਤਾ ਸੀ, ਉਹ ਉਸ ਨੇ ਨਸੀਬ ਕੌਰ ਨੂੰ ਕਹਿ ਦਿੱਤੀ, “ਜੇ ਦਿਲਪ੍ਰੀਤ ਨਾਂ ਆਇਆ ਤਾਂ, ਹੋਰ ਨਾਂ ਵਿਚਾਰੀ ਇੱਕਲੀ ਚੁਬਾਰੇ ਵਿਚ ਡਰ ਹੀ ਜਾਵੇ।”
“ਦਿਲਪ੍ਰੀਤ ਜ਼ਰੂਰ ਆਵੇਗਾ।” ਨਸੀਬ ਕੌਰ ਨੇ ਕਿਹਾ, “ਮੇਰਾ ਦਿਲ ਕਹਿ ਰਿਹਾ ਹੈ, ਉਹ ਅੱਗੇ ਵੀ ਜੋ ਕਹਿੰਦਾ ਹੁੰਦਾ ਹੈ ਉਹ ਪੂਰਾ ਜ਼ਰੂਰ ਕਰਦਾ ਹੈ।”
“ਆਲੇ-ਦੁਆਲੇ ਦਗੜ ਦਗੜ ਤਾਂ ਪੁਲੀਸ ਘੁੰਮਦੀ ਰਹਿੰਦੀ ਹੈ।” ਮਿੰਦੀ ਨੇ ਫਿਰ ਆਪਣਾ ਫਿਕਰ ਦੱਸਿਆ, “ਉਹ ਉਹਨਾਂ ਤੋਂ ਕਿਵੇਂ ਬਚ ਕੇ ਆ ਜਾਵੇਗਾ।”
ਉਹ ਗੱਲਾਂ ਹੀ ਕਰ ਰਹੀਆਂ ਸਨ ਕਿ ਗਲੀ ਵਿਚੋਂ ਸ਼ਬਜੀਆਂ ਵੇਚਣ ਵਾਲੇ ਨੇ ਹੋਕਾ ਦਿੱਤਾ, “ਕਰੇਲੇ ਤੋਰੀਆਂ ਤਾਜ਼ੀਆਂ ਸਬਜ਼ੀਆਂ ਲੈ ਲਉ।”
ਅਵਾਜ਼ ਬਿਲਕੁਲ ੳਹਨਾਂ ਦੇ ਬਾਹਰਲੇ ਗੇਟ ਕੋਲੋਂ ਹੀ ਆਈ। ਨਸੀਬ ਕੌਰ ਨੂੰ ਅਵਾਜ਼ ਪਹਿਚਾਨੀ ਜਿਹੀ ਲੱਗੀ, ਫਿਰ ਅਣਗਉਲ੍ਹਦੀ ਬੋਲੀ, “ਆ ਸਬਜ਼ੀਆਂ ਵੇਚਨ ਵਾਲਾ ਹੁਣ ਆਇਆ।”
ਅਵਾਜ਼ ਫਿਰ ਆਈ ਤਾਂ ਨਸੀਬ ਨੇ ਗੇਟ ਦਾ ਕੁੰਡਾ ਖੋਲ੍ਹ ਕੇ ਦੇਖਿਆ ਤਾਂ ਉਸ ਨੂੰ ਪਹਿਚਾਨਦਿਆਂ ਦੇਰ ਨਾਂ ਲੱਗੀ ਕਿ ਸਬਜ਼ੀ ਵੇਚਣ ਵਾਲਾ ਭਾਈ ਦਿਲਪ੍ਰੀਤ ਹੀ ਹੈ। ਨਸੀਬ ਉਸ ਨੂੰ ਇਕਦਮ ਅੰਦਰ ਵਾੜਿਆ ਤੇ ਉਸ ਦੇ ਸਿਰੋਂ ਟੋਕਰਾ ਲੁਹਾ ਕੇ ਇਕ ਪਾਸੇ ਰੱਖਦੇ ਕਿਹਾ, “ਮੈ ਕਿਹਾ ਸੀ ਨ੍ਹਾਂ ਕਿ ਮੇਰਾ ਪੁੱਤ ਕਹਿਣੀ ਕੱਥਨੀ ਦਾ ਪੂਰਾ ਹੈ।”
“ਹੋਰ ਕਿਤੇ ਅਸੀ ਕੌਮ ਦੇ ਗਦਾਰ ਲੀਡਰਾਂ ਵਰਗੇ ਹਾਂ ਜੋ ਕਹਿੰਦੇ ਕੁਝ ਤੇ ਕਰਦੇ ਕੁਝ ਹੋਰ।” ਦਿਲਪ੍ਰੀਤ ਨੇ ਹੱਸਦੇ ਹੋਏ ਮਾਂ ਨੂੰ ਜੱਫੀ ਪਾਉਂਦੇ ਕਿਹਾ, “ਤਲਾਸ਼ੀਆਂ ਤਾਂ ਥਾਂ ਥਾਂ ਹੋ ਰਹੀਆਂ ਸਨ, ਪਰ ਪ੍ਰਮਾਤਮਾ ਦੀ ਕ੍ਰਿਪਾ ਨਾਲ ਘਰ ਪਹੁੰਚ ਹੀ ਗਿਆ।”
ਘਰ ਦੇ ਸਾਰੇ ਜੀਅ ਦਿਲਪ੍ਰੀਤ ਦੇ ਦੁਆਲੇ ਇਕੱਠੇ ਹੋ ਗਏ। ਸਿਰਫ ਦੀਪੀ ਹੀ ਸੀ ਜੋ ਚੁਬਾਰੇ ਵਿਚ ਬੈਠੀ ਸੀ। ਪਰਿਵਾਰ ਦੀਆਂ ਗੱਲਾਂ ਨੇ ਦਿਲਪ੍ਰੀਤ ਦੇ ਆਉਣ ਦੀ ਖਬਰ ਉਸ ਨੂੰ ਪੁੰਹਚਾ ਦਿੱਤੀ ਸੀ। ਦਿਲ ਤਾਂ ਉਸ ਦਾ ਵੀ ਕਰਦਾ ਸੀ ਕਿ ਉਹ ਥੱੱਲੇ ਉਤਰ ਕਿ ਉਹਨਾਂ ਵਿਚ ਸ਼ਾਮਲ ਹੋ ਜਾਵੇ, ਪਰ ਉਹ ਸੰਗਦੀ ਉੱਥੇ ਹੀ ਅਲਮਾਰੀ ਵਿਚ ਪਈਆਂ ਕਿਤਾਬਾਂ ਚੁੱਕ ਚੁੱਕ ਕੇ ਦੇਖਦੀ ਰਹੀ। ਹਨੇਰਾ ਹੋਣ ਲੱਗ ਪਿਆ ਸੀ, ਉਸ ਨੇ ਆਪ ਹੀ ਦਰਵਾਜ਼ੇ ਦੇ ਕੋਲ ਲੱਗਾ ਟਿਊਬ ਦਾ ਸੱਵਿਚ ਦੱਬ ਦਿੱਤਾ, ਜਿਸ ਨਾਲ ਕਮਰੇ ਵਿਚ ਰੋਸ਼ਨੀ ਫੈਲ ਗਈ। ਫਿਰ ਇਕ ਕਿਤਾਬ ਚੁੱਕ ਕੁਰਸੀ ਤੇ ਬੈਠ ਗਈ।
ਘਰਦਿਆਂ ਨੇ ਛੇਤੀ ਹੀ ਦਿਲਪ੍ਰੀਤ ਨੂੰ ਨੁਹਾ-ਧੁਆ ਕੇ ਕੱਪੜੇ ਬਦਲਾ ਕੇ ਚੁਬਾਰੇ ਵਿਚ ਭੇਜ ਦਿੱਤਾ ਸੀ। ਦਿਲਪ੍ਰੀਤ ਨੂੰ ਕਮਰੇ ਦੇ ਅੰਦਰ ਦਾਖਲ ਹੁੰਦਾ ਦੇਖ, ਦੀਪੀ ਨੇ ਕਿਤਾਬ ਕੁਰਸੀ ਤੇ ਹੀ ਰੱਖ ਦਿੱਤੀ ਤੇ ਆਪ ਖਲੋ ਗਈ।
“ਕੋਈ ਨਹੀਂ, ਬੈਠੋ ਰਹੋ।” ਇਹ ਕਹਿ ਕੇ ਦਿਲਪ੍ਰੀਤ ਅਲਮਾਰੀ ਵੱਲ ਮੁੜਿਆ, ਉਸ ਵਿਚ ਕੁਝ ਰੱਖਿਆ ਅਤੇ ਫਿਰ ਕੋਲ ਪਏ ਮੰਜੇ ਤੇ ਬੈਠ ਗਿਆ।
“ਮੈਂ ਤਾਂ ਸੋਚਿਆ ਸੀ ਕਿ ਸ਼ਾਇਦ ਤੁਸੀਂ ਨਾਂ ਆ ਸਕੋ।” ਦੀਪੀ ਨੇ ਮੁੜ ਕੁਰਸੀ ਉੱਪਰ ਬੈਠ ਦੇ ਕਿਹਾ, “ਬਦਲ ਚੁੱਕੇ ਲੋਕਾਂ ਤੇ ਇਤਬਾਰ ਕਰਨਾ ਵੀ ਔਖਾ ਹੋ ਜਾਂਦਾ ਹੈ।”
“ਦੀਪ ਕੌਰ ਜੀ, ਕਾਫੀ ਸਮੇਂ ਤੋਂ ਤੁਸੀ ਮੇਰੀ ਜ਼ਿੰਦਗੀ ਵਿਚ ਹੋ, ਤੁਸੀਂ ਕਦੀ ਮਹਿਸੂਸ ਕੀਤਾ ਜਦੋਂ ਮੈਂ ਕਦੀ ਆਪਣੀ ਕਹੀ ਹੋਈ ਗੱਲ ਤੋਂ ਮੁਕਰਿਆਂ ਹੋਵਾਂ।”
“ਪਲੀਜ਼, ਪਹਿਲਾਂ ਤਾਂ ਮੈਂਨੂੰ ਦੀਪ ਕੌਰ ਜੀ, ਕਹਿਣਾ ਛੱਡੋ।” ਦੀਪੀ ਨੇ ਕਿਹਾ, “ਜਿਵੇਂ ਮੇਰੇ ਨਾਲ ਪਹਿਲਾਂ ਗੱਲਾਂ ਕਰਿਆਂ ਕਰਦੇ ਸਨ, ਉਸ ਤਰ੍ਹਾਂ ਕਰੋ।”
“ਜੇ ਤੁਸੀ ਮੈਨੂੰ ਜੀ ਕਹਿ ਕੇ ਬਲਾਉਂਦੇ ਹੋ ਤਾਂ ਮੈਂ ਵੀ ਤਹਾਨੂੰ ਜੀ ਕਹਿ ਕੇ ਬੁਲਾ ਸਕਦਾ ਹਾਂ। ਆਪਣੇ ਧਰਮ ਵਿਚ ਔਰਤ ਮਰਦ ਦੇ ਬਰਾਬਰ ਹੈ।” ਦਿਲਪ੍ਰੀਤ ਨੇ ਹੱਸਦੇ ਹੋਏ ਕਿਹਾ, “ਵੈਸੇ ਦੀਪ ਕੌਰ ਤਾਂ ਤੁਸੀ ਅੰਮ੍ਰਿਤ ਛੱਕ ਕੇ ਹੀ ਬਣੋਗੇ।”
“ਅਜਿਹੀਆਂ ਗੱਲਾਂ ਕਰਨ ਲਈ ਹੀ ਸਬਜ਼ੀ ਵੇਚਣ ਵਾਲੇ ਦੇ ਭੇਸ ਵਿਚ ਆਏ ਹੋ।”
ਦਿਲਪ੍ਰੀਤ ਉਸ ਦੇ ਬਿਲਕੁਲ ਨੇੜੇ ਚਲਾ ਗਿਆ ਅਤੇ ਉਸ ਦੇ ਮਹਿੰਦੀ ਰੰਗੇ ਹੱਥ ਆਪਣੇ ਹੱਥਾਂ ਵਿਚ ਲੈਂਦੇ ਕਿਹਾ, “ਗੱਲਾਂ ਤਾਂ ਅਜੇ ਬਹੁਤ ਕਰਨੀਆਂ ਨੇਂ।”
ਇਹ ਗੱਲ ਸੁਣ ਕੇ ਦੀਪੀ ਸ਼ਰਮਾ ਗਈ ਅਤੇ ਉਸ ਨੇ ਇਕ ਡੂੰਘੀ ਝਾਤ ਦਿਲਪ੍ਰੀਤ ਦੀਆਂ ਅੱਖਾਂ ਵਿਚ ਪਾਈ। ਦਿਲਪ੍ਰੀਤ ਨੇ ਉਸ ਨੂੰ ਆਪਣੀਆਂ ਬਾਹਾਂ ਵਿਚ ਲੈ ਲਿਆ ਤਾਂ ਦੀਪੀ ਨੂੰ ਲੱਗਾ ਕਿ ਉਸ ਦੀ ਧੜਕਨ ਤੇਜ਼ ਹੋ ਗਈ ਅਤੇ ਉਸ ਦੇ ਸਾਹ ਰੁਕ ਗਏ ਨੇ, ਉਸ ਨੇ ਬੋਲਣਾ ਚਾਹਿਆ, ਪਰ ਉਸ ਦੇ ਬੋਲ ਗਲ੍ਹੇ ਵਿਚ ਹੀ ਅਟਕ ਗਏ। ਦਿਲਪ੍ਰੀਤ ਨੂੰ ਜਿਵੇ ਕਿਸੇ ਗੱਲ ਦਾ ਚੇਤਾ ਆ ਗਿਆ ਹੋਵੇ। ਉਸ ਨੇ ਦੀਪੀ ਨੂੰ ਹੌਲੀ ਜਿਹੀ ਛੱਡ ਦਿਆਂ ਕਿਹਾ, “ਆਉ ਪਹਿਲਾਂ ਆਪਾਂ ਅਰਦਾਸ ਕਰੀਏ ਤੇ ਉਸ ਕਰਤੇ ਪੁਰਖ ਦਾ ਸ਼ੁਕਰ ਕਰੀਏ, ਜਿਸ ਦੀ ਮਿਹਰਬਾਨੀ ਨਾਲ ਅੱਜ ਸਾਡਾ ਮਿਲਾਪ ਹੋਇਆ ਹੈ।”
ਦਿਲਪ੍ਰੀਤ ਦਾ ਮਨ ਤਾਂ ਅਰਦਾਸ ਨਾਲ ਜੁੜਿਆ ਲੱਗਦਾ ਸੀ, ਪਰ ਦੀਪੀ ਇਹ ਹੀ ਸੋਚ ਰਹੀ ਸੀ ਕਿ ਦਿਲਪ੍ਰੀਤ ਪਹਿਲੇ ਨਾਲੋ ਕਿੰਨਾ ਜ਼ਿਆਦਾ ਗੰਭੀਰ ਹੋ ਗਿਆ ਹੈ, ਲੁਕ – ਛੁਪ ਕੇ ਜ਼ਿੰਦਗੀ ਗੁਜ਼ਾਰਨ ਦਾ ਕੀ ਅਰਥ ਹੋਵੇਗਾ, ਮੈਂ ਕਦੋਂ ਤਕ ਇਸ ਤਰ੍ਹਾਂ ਇੰਤਜ਼ਾਰ ਕਰਿਆਂ ਕਰਾਂਗੀ, ਜੇ ਦਿਲਪ੍ਰੀਤ ਸੱਚ-ਮੁਚ ਕਿਸੇ ਖਾੜਕੂ ਜੱਥੇਬੰਦੀ ਨਾਲ ਰਲੇ੍ਹ ਹੋਏ ਤਾਂ ਢੇਰ ਕਠਨਾਈਆਂ ਦਾ ਸਾਹਮਣਾ ਕਰਨਾ ਪਵੇਗਾ। ਇਹਨਾ ਫਿਕਰਾਂ ਦੀ ਲੜੀ ਉਦੋਂ ਹੀ ਟੁਟੀ, ਜਦੋਂ ਦਿਲਪ੍ਰੀਤ ਨੇ ਕਿਹਾ, “ਨਾਨਕ-ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਕਾ ਭਲਾ।” ਜੈਕਾਰਾ ਬੁਲਾਉਣ ਤੋਂ ਬਾਅਦ ਦਿਲਪ੍ਰੀਤ ਦੀ ਨਜ਼ਰ ਦੀਪੀ ਵੱਲ ਗਈ ਤਾਂ ਉਸ ਨੇ ਦੇਖਿਆ ਕਿ ਦੀਪੀ ਦੀਆਂ ਅੱਖਾਂ ਅਥਰੂਆਂ ਨਾਲ ਭਰੀਆਂ ਪਈਆਂ ਸਨ, ਜੋ ਇਕ ਟੱਕ ਜ਼ਮੀਨ ਵੱਲ ਵੀ ਝੁਕੀਆਂ ਹੋਈਆਂ ਸਨ। ਦਿਲਪ੍ਰੀਤ ਨੇ ਦੋਹਾਂ ਹੱਥਾਂ ਨਾਲ ਫੜ੍ਹ ਕੇ ਉਸ ਦਾ ਮੁੱਖੜਾ ਆਪਣੇ ਵੱਲ ਕੀਤਾ ਤਾ ਲੁਕੇ ਹੋਏ ਹੰਝੂ ਦਿਲਪ੍ਰੀਤ ਦੇ ਹੱਥਾਂ ਵੱਲ ਦੌੜੇ ਆਏ। ਦਿਲਪ੍ਰੀਤ ਨੇ ਉਹਨਾ ਅਥਰੂਆਂ ਨੂੰ ਆਪਣੀ ਛਾਤੀ ਵਿਚ ਸਮਾ ਲਿਆ ਤੇ ਦੀਪੀ ਨੇ ਵੀ ਆਪਣੀਆਂ ਵੰਗਾਂ ਵਾਲੀਆਂ ਬਾਹਾਂ ਦਾ ਘੇਰਾ ਦਿਲਪ੍ਰੀਤ ਦੇ ਦੁਆਲੇ ਪਾ ਦਿੱਤਾ। ਦਿਲਪ੍ਰੀਤ ਨੇ ਉਸ ਨੂੰ ਆਪਣੇ ਨਾਲ ਲਾਉਂਦੇ ਪੁੱਛਿਆ, “ਅੱਖਾਂ ਵਿਚੋਂ ਡਿਗ ਰਹੇ ਮੋਤੀ ਉਦਾਸੀ ਦੇ ਹਨ ਜਾਂ ਖੁਸ਼ੀ ਦੇ।”
“ਇਹ ਦੋਹਾਂ ਗਲਾਂ ਦੀ ਹੀ ਹਾਜ਼ਰੀ ਲਾ ਰਹੇ ਨੇਂ।” ਦੀਪੀ ਨੇ ਬਹੁਤ ਹੀ ਹੌਲੀ ਤੇ ਨਰਮ ਅਵਾਜ਼ ਵਿਚ ਕਿਹਾ, “ਇਹ ਤਾਂ ਇਹ ਵੀ ਪੁੱਛ ਰਹੇ ਨੇ ਕਿ ਇਹ ਮਿਲਾਪ ਸਦਾ ਲਈ ਹੋਵੇਗਾ ਜਾਂ ਅੱਗੇ ਵਾਂਗ ਵਿਛੋੜਾ ਦੇ ਕੇ ਫਿਰ ਇੰਤਜ਼ਾਰ ਦੇ ਦਰਾਂ ਵਿਚ ਸੁੱਟ ਜਾਵੋਂਗੇ।”
“ਸੱਚ ਦੱਸਾਂ ਤਾਂ ਇਸ ਗੱਲ ਦਾ ਜ਼ਵਾਬ ਮੇਰੇ ਕੋਲ ਵੀ ਹੈ ਨਹੀਂ।” ਦਿਲਪ੍ਰੀਤ ਨੇ ਦੀਪੀ ਨੂੰ ਬਿਸਤਰੇ ਤੇ ਬੈਠਾਉਂਦਿਆਂ ਕਿਹਾ, “ਸੰਜੋਗ-ਵਿਯੋਗ ਪ੍ਰਮਾਤਮਾ ਦੇ ਹੱਥ ਵਿਚ ਹੀ ਹੈ।”
“ਦੇਖੋ ਦਿਲਪ੍ਰੀਤ, ਮੈਂ ਪ੍ਰਮਾਤਮਾ ਨੂੰ ਮੰਨਦੀ ਹਾਂ।” ਦੀਪੀ ਨੇ ਅੱਗੇ ਨਾਲੋ ਥੋੜ੍ਹੀ ਸਖਤ ਅਵਾਜ਼ ਵਿਚ ਕਿਹਾ, “ਪਰ ਮੈਨੂੰ ਇਹ ਨਹੀ ਪਤਾ ਕਿ ਤੁਹਾਡੇ ਪ੍ਰਮਾਤਮਾ ਨਾਲ ਕਿਹੋ ਜਿਹੇ ਸਬੰਧ ਨੇਂ।”
“ਸਬੰਧ ਤਾਂ ਸਬੰਧ ਹੀ ਹੁੰਦੇ ਹਨ, ਜਿਹੋ ਜਿਹੇ ਮਰਜ਼ੀ ਹੋਣ।” ਦਿਲਪ੍ਰੀਤ ਨੇ ਹੱਸਦੇ ਕਿਹਾ, “ਤੁਸੀ ਜਿਹੜੀ ਗੱਲ ਪੁੱਛਣਾ ਚਾਹੁੰਦੇ ਹੋ, ਉਹ ਪੁੱਛੋ।”
“ਪਹਿਲੀ ਗੱਲ ਇਹ ਕਿ ਮੇਰੇ ਨਾਲ ਗੱਲ-ਬਾਤ ਦਾ ਢੰਗ ਉਹ ਹੀ ਅਪਣਾਉ ਜਿਹੜਾ ਕਾਲਜ ਦੇ ਦਿਨਾਂ ਵਿਚ ਅਪਣਾਉਦੇ ਸੀ।”
“ਚੰਗਾ ਬਾਬਾ, ਦੱਸ ਫਿਰ ਹੋਰ ਕੀ ਪੁੱਛਣਾ ਹੈ।”
“ਤੁਹਾਡੇ ਸਬੰਧ ਖਾੜਕੂਆਂ ਨਾਲ ਵੀ ਨੇ?”
“ਕਿਹੜੇ ਖਾੜਕੂਆਂ ਨਾਲ?”
“ਖਾੜਕੂਆਂ ਦੀਆਂ ਵੀ ਕਿਸਮਾਂ ਹਨ।”
“ਹਨ, ਇਕ ਤਾਂ ਉਹ ਨੇ ਜੋ ਸਿਰਫ ਲੁੱਟਾਂ-ਖੋਹਾਂ ਅਤੇ ਮਨੁੱਖਤਾ ਦਾ ਖੁੂਨ ਕਰਨ ਲਈ ਤੁਲੇ ਹੋਏ ਹਨ। ਅਸਲੀ ਅਤਿਵਾਦੀ।” ਦਿਲਪ੍ਰੀਤ ਨੇ ਦੱਸਿਆ, “ਦੂਜੇ ਉਹ ਹਨ ਜੋ ਸੱਚੇ-ਸੁੱਚੇ ਸਿਰਫ ਆਪਣੇ ਹੱਕਾਂ ਲਈ ਹੀ ਲੜ੍ਹ ਰਹੇ ਹਨ।”
“ਤੁਹਾਡੇ ਇਸ ਸੱਪਸ਼ਟੀਕਰਨ ਤੋਂ ਮੈਨੂੰ ਪਤਾ ਲੱਗ ਗਿਆ ਹੈ ਕਿ ਤੁਹਾਡੇ ਸਬੰਧ ਦੂਸਰੀ ਕਿਸਮ ਦੇ ਖਾੜਕੂਆਂ ਨਾਲ ਹਨ ਜੋ ਆਪਣੇ ਹੱਕਾਂ ਲਈ ਦੂਸਰੀਆਂ ਕੌਮਾਂ ਦੇ ਬੰਦੇੇ ਮਾਰ ਵੀ ਸਕਦੇ ਹਨ।”
“ਇਹ ਤੇਰਾ ਭੁਲੇਖਾ ਹੈ।” ਦਿਲਪ੍ਰੀਤ ਨੇ ਗੰਭੀਰਤਾ ਨਾਲ ਕਿਹਾ, “ਸਾਡੀ ਲੜਾਈ ਕਿਸੇ ਕੌਮ ਜਾਂ ਧਰਮ ਨਾਲ ਨਹੀਂ ਹੈ, ਨਾਂ ਹੀ ਅਸੀਂ ਆਪਣੇ ਹੱਕਾਂ ਲਈ ਬੇਦੋਸ਼ਿਆਂ ਨੂੰ ਜਾਨੋ ਮਾਰ ਸਕਦੇ ਹਾਂ, ਸਾਡੀ ਲੜਾਈ ਉਹਨਾਂ ਨਾਲ ਜੋ ਸਾਡੇ ਨਾਲ ਸਦੀਆਂ ਤੋਂ ਠੱਗੀਆਂ ਮਾਰਦੇ ਅਤੇ ਧੋਖੇ ਕਰਦੇ ਆ ਰਹੇ ਨੇਂ।”
“ਜੇ ਠੱਗੀਆਂ ਸਦੀਆਂ ਤੋਂ ਮਾਰਦੇ ਆ ਰਹੇ ਨੇ।” ਦੀਪੀ ਨੇ ਕਿਹਾ, “ਤੇ ਹੁਣ ਇਕਦਮ ਇਸ ਹੋ ਰਹੇ ਧੋਖੇ ਦਾ ਚੇਤਾ ਕਿਵੇ ਆ ਗਿਆ।”
“ਜਦੋਂ ਸੁਰਤ ਆਈ ੳਦੋਂ ਹੀ ਤਾਂ ਧੋਖੇ ਦਾ ਪਤਾ ਲੱਗਾ, ਪਹਿਲੀ ਪੀੜ੍ਹੀ ਅੱਖਾਂ ਬੰਦ ਕਰਕੇ ਧੋਖਾ ਸਹਿ ਗਈ ਦੂਜੀ ਪੀੜੀ ਅਸੀਂ ਧੋਖਾ ਨਹੀਂ ਸਹਿਣਾ ਕਹਿ ਕੇ ਅੱਖਾਂ ਖੋਲ ਕੇ ਖਲੋ ਗਈ।” ਦਿਲਪ੍ਰੀਤ ਨੇ ਦੀਪੀ ਦੀ ਬਾਂਹ ਵਿਚ ਪਾਈਆਂ ਵੰਗਾਂ ਨੂੰ ਛੇੜਦੇ ਕਿਹਾ, “ਨਾਲੇ ਮੈਂ ਇਸ ਵਿਸ਼ੇ ਤੇ ਹੋਰ ਜ਼ਿਆਦਾ ਗੱਲ ਕਰਨੀ ਨਹੀਂ ਚਾਹੁੰਦਾ, ਇਸ ਭੇਦਭਰੇ ਰਸਤੇ ਵੱਲ ਮੇਰੀ ਜ਼ਿੰਦਗੀ ਦਾ ਜੋ ਹਿਸਾ ਜਾਂਦਾ ਹੈ, ਹੌਲ੍ਹੀ ਹੌਲ੍ਹੀ ਸਭ ਤੈਨੂੰ ਆਪਣੇ ਆਪ ਪਤਾ ਲੱਗ ਜਾਵੇਗਾ।”
“ਤੁਹਾਡੀ ਮਰਜ਼ੀ।” ਦੀਪੀ ਨੇ ਇਹ ਕਹਿ ਕੇ ਆਪਣਾ ਮੂੰਹ ਦਿਲਪ੍ਰੀਤ ਦੀ ਛਾਤੀ ਵਿਚ ਲੁਕਾ ਲਿਆ।
ਹੱਕ ਲਈ ਲੜਿਆ ਸੱਚ – (ਭਾਗ – 62)
This entry was posted in ਹੱਕ ਲਈ ਲੜਿਆ ਸੱਚ.