ਤਿੰਨ ਕੁ ਵਜੇ ਦਾ ਸਮਾਂ ਹੋਵੇਗਾ ਕਿ ਦਿਲਪ੍ਰੀਤ ਦੇ ਘਰ ਦਾ ਬਾਹਰਲਾ ਗੇਟ ਜੋਰ ਜੋਰ ਦੀ ਖੜਕਿਆ। ਦਿਲਪ੍ਰੀਤ ਇਕ ਦਮ ਉੱਠਿਆ ਅਤੇ ਅਲਮਾਰੀ ਵਿਚ ਰੱਖਿਆ ਪਿਸਤੋਲ ਆਪਣੇ ਹੱਥਾਂ ਵਿਚ ਲੈ ਲਿਆ। ਦਰਵਾਜ਼ੇ ਤੇ ਹੋਈ ਡਰਾਉਣੀ ਦਸਤਕ ਨੇ ਦੀਪੀ ਨੂੰ ਡਰਾ ਦਿੱਤਾ। ਤੋਸ਼ੀ ਨੇ ਉਹਨਾ ਦਾ ਦਰਵਾਜ਼ਾ ਖੜਕਾਉਂਦੇ ਅਤੇ ਆਪਣੇ ਫੁੱਲਦੇ ਹੋਏ ਸਾਹ ਨਾਲ ਦੱਸਿਆ, “ਪੁਲੀਸ ਆ ਗਈ ਹੈ, ਪੁੱਤਰਾ, ਦੌੜਨ ਦੀ ਗੱਲ ਕਰ। ਚੁਬਾਰੇ ਦੀਆਂ ਛੋਟੀਆਂ ਪਾਉੜੀਆਂ ਰਾਂਹੀ ਗੁਵਾਢੀਆਂ ਦੇ ਕੋਠਿਆਂ ਤੋਂ ਹੁੰਦਾ ਹੋਇਆ, ਬਾਣੀਏ ਦੀ ਹੱਟੀ ਕੋਲ ਉੱਤਰ ਕੇ ਖੇਤਾਂ ਵਿਚ ਦੀ ਦੌੜ ਜਾਹ।
“ਮੈਂ ਵੀ ਤੁਹਾਡੇ ਨਾਲ ਹੀ ਆਉਂਦੀ ਹਾਂ।” ਦੀਪੀ ਨੇ ਸਿਰਹਾਣੇ ਪਈ ਚੁੰਨੀ ਨੂੰ ਸਿਰ ਤੇ ਲੈਂਦੇ ਕਿਹਾ, “ਚਾਚਾ ਜੀ, ਮੇਰੇ ਸਾਰੇ ਗਹਿਣੇ ਇਸ ਅਲਮਾਰੀ ਵਿਚ ਹੀ ਹਨ।”
“ਨਹੀਂ ਦੀਪੀ, ਤੂੰ ਇਸ ਤਰ੍ਹਾਂ ਨਹੀਂ ਜਾ ਸਕਦੀ।” ਤੋਸ਼ੀ ਨੇ ਕਿਹਾ, “ਤੂੰ ਤਾਂ ਅਜੇ…।”
“ਦੀਪੀ ਨੂੰ ਮੇਰੇ ਨਾਲ ਹੀ ਆਉਣ ਦਿਉ।” ਦਿਲਪ੍ਰੀਤ ਨੇ ਕਿਹਾ, “ਮੇਰੇ ਵਿਆਹ ਦੀ ਖਬਰ ਕਿਸੇ ਮੁਖਬਰ ਨੇ ਜ਼ਰੂਰ ਦਿੱਤੀ ਹੋਵੇਗੀ, ਪੁਲੀਸ ਦੀਪੀ ਦੀ ਧੂਹ-ਖਿਚ ਕਰਨ ਤੋਂ ਗੁਰੇਜ਼ ਨਹੀਂ ਕਰੇਗੀ।”
ਦਿਲਪ੍ਰੀਤ ਦੀ ਗੱਲ ਜਿਵੇ ਤੋਸ਼ੀ ਨੂੰ ਠੀਕ ਲੱਗੀ ਹੋਵੇ, ਉਹ ਕੁਝ ਵੀ ਨਾਂ ਬੋਲਿਆ। ਦੋਹਾਂ ਦੌੜਿਆਂ ਜਾਂਦਿਆਂ ਨੂੰ ਅਲਮਾਰੀ ਵਿਚੋਂ ਗਹਣਿਆਂ ਵਾਲਾ ਪਰਸ ਕੱਢ ਕੇ ਤੋਸ਼ੀ ਨੇ ਜ਼ਰੂਰ ਫੜਾ ਦਿੱਤਾ। ਤੋਸ਼ੀ ਥੌੜ੍ਹੀ ਦੇਰ ਉਹਨਾਂ ਨੂੰ ਜਾਂਦਿਆ ਦੇਖਦਾ ਰਿਹਾ, ਹੈਰਾਨ ਸੀ ਕਿ ਪੁਲੀਸ ਅਜੇ ਉੱਪਰ ਚੁਬਾਰੇ ਵੱਲ ਕਿਉਂ ਨਹੀਂ ਆਈ।
ਥੱਲੇ ਜਾ ਕੇ ਦੇਖਿਆ ਤਾਂ ਘਰ ਦੇ ਸਾਰੇ ਜੀਅ ਅਤੇ ਵਿੱਚੇ ਪੁਲੀਸ ਵਾਲੇ ਬੇਬੇ ਜੀ ਦੇ ਮੰਜੇ ਦੇ ਦੁਆਲੇ ਇਕੱਠੇ ਹੋਏ ਖੱੜੇ ਸਨ। ਬੇਬੇ ਜੀ ਬੇਹੋਸ਼ ਸੀ। ਮਿੰਦੀ ਅਤੇ ਨਸੀਬ ਕੌਰ ਰੌਂਦੀਆਂ ਹੋਈਆਂ ਛੇਤੀ ਛੇਤੀ ਬੇਬੇ ਦੇ ਹੱਥਾਂ, ਪੈਰਾਂ ਦੀਆਂ ਤਲੀਆਂ ਝੱਸ ਰਹੀਆਂ ਸਨ। ਕਾਕਾ ਵੀ ਕੋਲ ਹੀ ਖੜ੍ਹਾ ਸੀ, ਜੋ ਬੇਬੇ ਜੀ, ਬੇਬੇ ਜੀ ਕਰਕੇ ਰੋ ਰਿਹਾ ਸੀ।
“ਕੀ ਹੋਇਆ?” ਤੋਸ਼ੀ ਨੇ ਘਬਰਾ ਕੇ ਪੁੱਛਿਆ।
“ਪੁਲੀਸ ਨੂੰ ਦੇਖ ਕੇ ਹੀ ਬੇਬੇ ਜੀ ਨੂੰ ਕੁਛ ਹੋ ਗਿਆ।” ਹਰਜਿੰਦਰ ਸਿੰਘ ਚਮਚੇ ਨਾਲ ਬੇਬੇ ਜੀ ਦੇ ਮੂੰਹ ਵਿਚ ਪਾਣੀ ਪਾਉਂਦਾ ਬੋਲਿਆ, “ਛੇਤੀ ਟਰੈਕਟਰ – ਟਰਾਲੀ ਤਿਆਰ ਕਰ, ਸ਼ਹਿਰ ਨੂੰ ਲੈ ਜਾਂਦੇ ਹਾਂ।”
“ਭਈਆ, ਪਰਛੱਤੀ ਵਾਲੇ ਹਕੀਮ ਨੂੰ ਲੈਣ ਗਿਆ ਆ।” ਨਸੀਬ ਕੌਰ ਨੇ ਦੱਸਿਆ, “ਆਉਂਦਾ ਹੀ ਹੋਵੇਗਾ।”
ਪੁਲੀਸ ਕਦੀ ਘਰ ਵਾਲਿਆਂ ਨੂੰ, ਕਦੀ ਬੇਬੇ ਜੀ ਨੂੰ ਤੇ ਕਦੀ ਘਰ ਦਾ ਚੁਗਿਰਦਾ ਦੇਖਦੀ ਦੁਚਿੱਤੀ ਵਿਚ ਖੜ੍ਹੀ ਸੀ।
ਪਰਾਣਾ ਠਾਣੇਦਾਰ ਤਾਂ ਚੁੱਪ ਰਿਹਾ ਕਿਉਂਕਿ ਉਸ ਕੋਲੋਂ ਅਜੇ ਇਸੇ ਘਰੋਂ ਲਿਆ ਪਿਛਲਾ ਚੜ੍ਹਾਵਾ ਮੁੱਕਾ ਨਹੀਂ ਸੀ, ਪਰ ਨਵੇਂ ਆਏ ਠਾਣੇਦਾਰ ਨੇ ਦਬਕਾ ਮਾਰਦੇ ਹੋਏ ਸਿਪਾਹੀਆਂ ਨੂੰ ਕਿਹਾ, “ਖੱੜੇ ਕੀ ਦੇਖਦੇ ਹੋ, ਜਿਸ ਦੀ ਭਾਲ ਵਿਚ ਆਏ ਹੋ, ਉਸ ਨੂੰ ਫੜ ਕੇ ਹੱਥਕੜੀਆਂ ਲਾ ਕੇ ਲੈ ਆਉ।”
“ਜਾਉ ਲਾ ਲਉ ਜਿਹਨੂੰ ਹੱਥਕੜੀਆਂ ਲਾਉਣੀਆਂ ਆ।” ਤੋਸ਼ੀ ਨੇ ਗੁੱਸੇ ਵਿਚ ਕਿਹਾ, “ਪੱਥਰੋ, ਸਾਡੀ ਮਾਂ ਦੀ ਆਹ ਹਾਲਤ ਕਰ ਦਿੱਤੀ, ਹੋਰ ਤੁਸੀ ਕੀ ਕਰ ਲੈਣਾ ਹੈ।”
“ਜੋ ਮੈਂ ਤੈਨੂੰ ਕਹਿੰਦਾ ਆਂ, ਉਹ ਕਰ” ਹਰਜਿੰਦਰ ਸਿੰਘ ਨੇ ਕਰਲਾਉਂਦੇ ਹੋਏ ਕਿਹਾ, “ਇਹਨਾਂ ਦੇ ਮੂੰਹ ਨਾਂ ਲੱਗ,।
ਫਿਰ ਹਰਜਿੰਦਰ ਸਿੰਘ ਪੁਲਿਸ ਵੱਲ ਮੂੰਹ ਕਰਕੇ ਕਹਿਣ ਲੱਗਾ, ” ਜਾਉ ਲੱਭ ਲਉ ਆਪਣੇ ਪਤਦੰਰ ਨੂੰ।”
ਸਿਪਾਹੀ ਥੱਲੇ ਨੂੰ ਮੂੰਹ ਸੁੱਟੀ ਕਮਰਿਆਂ ਵੱਲ ਤੁਰ ਪਏ। ਪੁਰਾਣਾ ਠਾਣੇਦਾਰ ਅਜੇ ਵੀ ਚੁੱਪ ਹੀ ਖਲੋਤਾ ਸੀ, ਪਤਾ ਨਹੀ ਲਏ ਹੋਏ ਪੈਸਿਆਂ ਕਾਰਨ ਜਾਂ ਬੇਬੇ ਜੀ ਦੀ ਹਾਲਤ ਕਰਕੇ।
ੳਦੋਂ ਹੀ ਪੜਛੱਤੀ ਵਾਲਾ ਹਕੀਮ ਆਇਆ ਤਾਂ ਉਸ ਨੇ ਬੇਬੇ ਜੀ ਦੀ ਨਬਜ਼ ਦੇਖ ਕੇ ਸਿਰ ਫੇਰ ਦਿੱਤਾ। ਇਹ ਦੇਖ ਕੇ ਮਿੰਦੀ ਦੀ ਏਡੀ ਜੋਰ ਦੀ ਚੀਖ ਨਿਕਲੀ ਕਿ ਗੁਵਾਂਢੀ ਸੁਣ ਕੇ ਉਹਨਾਂ ਦੇ ਘਰ ਆ ਗਏ। ਪੁਲੀਸ ਦੇ ਹੱਥ ਤਾਂ ਕੁਝ ਲੱਗਿਆ ਨਾ ਬੇਸ਼ਰਮਾ ਵਾਂਗ ਉਹਨਾਂ ਦੇ ਘਰੋਂ ਚੁੱਪ-ਚਪੀਤੀ ਚਲੀ ਗਈ। ਆਂਢ-ਗੁਵਾਂਢ ਉਹਨਾਂ ਦੇ ਘਰ ਇਕੱਠ ਹੋਣਾ ਸ਼ੁਰੂ ਹੋ ਗਿਆ।
ਹੱਕ ਲਈ ਲੜਿਆ ਸੱਚ – (ਭਾਗ – 63)
This entry was posted in ਹੱਕ ਲਈ ਲੜਿਆ ਸੱਚ.