ਮੁੰਬਈ – ਬਾਲੀਵੁੱਡ ਸਟਾਰ ਦਲੀਪ ਕੁਮਾਰ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਏ ਹਨ। ਉਨ੍ਹਾਂ ਨੇ ਬੁੱਧਵਾਰ ਸਵੇਰੇ 7 ਵਜ ਕੇ 30 ਮਿੰਟ ਤੇ ਮੁੰਬਈ ਦੇ ਹਿੰਦੂਜਾ ਹਸਪਤਾਲ ਵਿੱਚ ਆਖਰੀ ਸਾਹ ਲਏ। 98 ਸਾਲਾ ਦਲੀਪ ਕੁਮਾਰ ਪਿੱਛਲੇ ਕੁਝ ਅਰਸੇ ਤੋਂ ਸਿਹਤ ਸਬੰਧੀ ਸਮੱਸਿਆਵਾਂ ਨਾਲ ਜੂਝ ਰਹੇ ਸਨ। ਉਨ੍ਹਾਂ ਦੀ ਪਤਨੀ ਅਤੇ ਹੀਰੋਇਨ ਸਾਇਰਾ ਬਾਨੋ ਉਨ੍ਹਾਂ ਦੇ ਆਖਰੀ ਸਮੇਂ ਤੱਕ ਨਾਲ ਰਹੀ। ਉਨ੍ਹਾਂ ਨੂੰ ਸਾਹ ਲੈਣ ਵਿੱਚ ਮੁਸ਼ਕਿਲ ਪੇਸ਼ ਆ ਰਹੀ ਸੀ।
ਬਾਲੀਵੁੱਡ ਵਿੱਚ ‘ਟਰੇਜਿਡੀ ਕਿੰਗ’ ਦੇ ਤੌਰ ਤੇ ਜਾਣੇ ਜਾਣ ਵਾਲੇ ਇਸ ਅਦਾਕਾਰ ਦਾ ਫ਼ਿਲਮੀ ਕੈਰੀਅਰ ਛੇ ਦਹਾਕਿਆਂ ਤੋਂ ਵੱਧ ਤੱਕ ਰਿਹਾ ਹੈ। ਉਨ੍ਹਾਂ ਦਾ ਜਨਮ 11 ਦਿਸੰਬਰ 1922 ਨੂੰ ਪਾਕਿਸਤਾਨ ਵਿੱਚ ਹੋਇਆ ਸੀ। ਉਨ੍ਹਾਂ ਦਾ ਪਹਿਲਾ ਨਾਮ ਯੂਸਫ਼ ਖਾਨ ਸੀ। ਇੱਕ ਪ੍ਰੋਡਿਊਸਰ ਦੇ ਕਹਿਣ ਤੇ ਉਨ੍ਹਾਂ ਨੇ ਆਪਣਾ ਨਾਮ ਦਲੀਪ ਕੁਮਾਰ ਰੱਖ ਲਿਆ ਅਤੇ ਇਸ ਨਾਮ ਨਾਲ ਹੀ ਉਨ੍ਹਾਂ ਨੂੰ ਸਕਰੀਨ ਤੇ ਪ੍ਰਸਿੱਧੀ ਪ੍ਰਾਪਤ ਹੋਈ। ਦਲੀਪ ਕੁਮਾਰ ਨੇ ਲਗਾਤਾਰ ਕਈ ਹਿੱਟ ਫ਼ਿਲਮਾਂ ਦਿੱਤੀਆਂ। ‘ਜੁਗਨੂੰ’ ਉਨ੍ਹਾਂ ਦੀ ਪਹਿਲੀ ਹਿੱਟ ਫ਼ਿਲਮ ਸੀ। ‘ਮੁਗਲ-ਏ-ਆਜ਼ਮ’ ਉਸ ਦੌਰ ਦੀ ਸੱਭ ਤੋਂ ਵੱਧ ਕਮਾਈ ਕਰਨ ਵਾਲੀ ਫ਼ਿਲਮ ਬਣੀ।
ਦਲੀਪ ਕੁਮਾਰ ਨੂੰ 8 ਫ਼ਿਲਮ ਅਵਾਰਡ ਮਿਲ ਚੁੱਕੇ ਹਨ। ਸੱਭ ਤੋਂ ਵੱਧ ਅਵਾਰਡ ਜਿੱਤਣ ਕਰ ਕੇ ਉਨ੍ਹਾਂ ਦਾ ਨਾਮ ਗਿਨੀਜ਼ ਬੁੱਕ ਵਿੱਚ ਵੀ ਦਰਜ਼ ਹੈ। 1994 ਵਿੱਚ ਉਨ੍ਹਾਂ ਨੂੰ ਦਾਦਾ ਸਾਹਿਬ ਫਾਲਕੇ ਅਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ। ਉਹ ਰਾਜਸਭਾ ਮੈਂਬਰ ਵੀ ਰਹਿ ਚੁੱਕੇ ਹਨ। ਉਨ੍ਹਾਂ ਨੂੰ 1998 ਵਿੱਚ ਪਾਕਿਸਤਾਨ ਦੇ ਸਰਵਉਚ ਨਾਗਰਿਕ ਸਨਮਾਨ ਨਿਸ਼ਾਨ-ਏ-ਇਮਤਿਆਜ਼ ਨਾਲ ਵੀ ਸਨਮਾਨਿਤ ਕੀਤਾ ਗਿਆ।