ਚੰਡੀਗੜ੍ਹ – “ਫਾਦਰ ਸਟੇਨ ਸੁਆਮੀ ਜੋ ਇਸਾਈ ਪਾਦਰੀ ਸਨ, ਜਿਨ੍ਹਾਂ ਨੇ ਆਪਣੀ ਸਾਰੀ ਉਮਰ ਜੰਗਲਾਂ ਵਿਚ ਰਹਿਣ ਵਾਲੇ ਆਦਿਵਾਸੀਆ ਦੇ ਜੀਵਨ ਨੂੰ ਬਿਹਤਰ ਬਣਾਉਣ ਲਈ ਸੇਵਾ ਵਿਚ ਲਗਾਏ ਹੋਣ, ਉਨ੍ਹਾਂ ਨੂੰ ਹਿੰਦੂਤਵ ਬੀਜੇਪੀ-ਆਰ.ਐਸ.ਐਸ. ਅਤੇ ਹੋਰ ਫਿਰਕੂ ਸੰਗਠਨਾਂ ਵੱਲੋਂ ਮਾਰ ਦੇਣ ਦੀ ਦੁੱਖਦਾਇਕ ਕਾਰਵਾਈ ਜਿਥੇ ਅਤਿ ਸ਼ਰਮਨਾਕ ਹੈ, ਉਥੇ ਇੰਡੀਅਨ ਹੁਕਮਰਾਨਾਂ ਦੇ ਮੱਥੇ ਤੇ ਇਕ ਡੂੰਘਾਂ ਕਾਲਾ ਧੱਬਾ ਵੀ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪਾਦਰੀ ਸਟੇਨ ਸੁਆਮੀ ਨੂੰ ਸਾਜ਼ਸੀ ਢੰਗ ਨਾਲ ਮਾਰ ਦੇਣ ਦੀ ਕਾਰਵਾਈ ਉਤੇ ਡੂੰਘਾਂ ਦੁੱਖ ਜਾਹਰ ਕਰਦੇ ਹੋਏ ਅਤੇ ਹਿੰਦੂਤਵ ਜਮਾਤਾਂ ਦੇ ਇਸ ਕਾਲੇ ਕਾਰੇ ਨੂੰ ਅਤਿ ਸ਼ਰਮਨਾਕ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੋ ਜੰਗਲਾਂ ਵਿਚ ਆਦਿਵਾਸੀ ਸਦੀਆ ਤੋਂ ਰਹਿੰਦੇ ਆ ਰਹੇ ਹਨ, ਉਹ ਬਹੁਤ ਹੀ ਮਿਹਨਤ, ਮੁਸੱਕਤ ਨਾਲ ਗਰਮੀ, ਸਰਦੀ ਵਾਲੇ ਮੌਸਮਾਂ ਦੀਆਂ ਤਕਲੀਫ਼ਾ, ਦੁੱਖਾਂ ਨੂੰ ਝੱਲਦੇ ਹੋਏ ਜੀਵਨ ਬਤੀਤ ਕਰਦੇ ਆ ਰਹੇ ਹਨ । ਉਨ੍ਹਾਂ ਦੇ ਜੀਵਨ ਜਿਊਂਣ ਦੇ ਸਾਧਨ ਉਨ੍ਹਾਂ ਦੀ ਧਰਤੀ ਵਿਚ ਪਏ ਖਣਿਜ ਪਦਾਰਥ, ਲੋਹਾ, ਚਾਂਦੀ, ਸੋਨਾ, ਕੋਲਾ, ਤਾਬਾ, ਲੱਕੜੀ, ਬਹੁਮੁੱਲਾ ਕੁਦਰਤੀ ਪਾਣੀ, ਉਨ੍ਹਾਂ ਦੇ ਕੀਮਤੀ ਜੰਗਲੀ ਜਾਨਵਰ ਅਤੇ ਪੰਛੀ, ਬਹੁਮੱਲੀਆ ਜੜੀ-ਬੂਟੀਆ ਆਦਿ ਜਿਨ੍ਹਾਂ ਦੇ ਉਹ ਮਾਲਕ ਹਨ, ਉਨ੍ਹਾਂ ਤੋਂ ਇਹ ਉਨ੍ਹਾਂ ਦੀਆਂ ਮਲਕੀਅਤ ਵਸਤਾਂ 1947 ਤੋਂ ਹੀ ਹਿੰਦੂਤਵੀਆ ਵੱਲੋਂ ਅਤੇ ਹਿੰਦੂ ਉਦਯੋਗਪਤੀਆ ਵੱਲੋਂ ਜ਼ਬਰੀ ਕਬਜੇ ਕਰਨ ਅਤੇ ਖੋਹਣ ਦੇ ਦੁੱਖਦਾਇਕ ਅਮਲ ਹੁੰਦੇ ਆ ਰਹੇ ਹਨ । ਇਹ ਇਕ ਤਰਾਸਦੀ ਹੈ ਕਿ ਅੰਗਰੇਜ਼ਾਂ ਨੇ ਫਿਰਕੂ ਸੋਚ ਅਧੀਨ ਮੁਲਕ ਦੀ ਵੰਡ ਕਰਕੇ ਹਿੰਦੂਆਂ ਲਈ ਇੰਡੀਆ ਬਣਾ ਦਿੱਤਾ ਅਤੇ ਛੋਟਾ ਹਿੱਸਾ ਮੁਸਲਮਾਨਾਂ ਲਈ ਪਾਕਿਸਤਾਨ ਬਣਾ ਦਿੱਤਾ । ਜਦੋਂਕਿ ਜਿਸ ਇੰਡੀਆ ਵਿਚ ਹਿੰਦੂ ਬਹੁਗਿਣਤੀ ਵਿਚ ਹਨ ਉਨ੍ਹਾਂ ਦਾ ਬੀਤੇ ਇਤਿਹਾਸ ਵਿਚ ਅਯੁੱਧਿਆ ਜੋ ਮਿਥਿਹਾਸ ਹੈ, ਤੋਂ ਇਲਾਵਾ ਕਦੀ ਵੀ ਰਾਜ ਭਾਗ ਨਹੀਂ ਰਿਹਾ । ਜੋ ਆਦਿਵਾਸੀ ਛੱਤੀਸਗੜ੍ਹ, ਮਹਾਰਾਸਟਰਾਂ, ਉੜੀਸਾ, ਝਾਂਰਖੰਡ, ਮੱਧ ਪ੍ਰਦੇਸ਼, ਬਿਹਾਰ ਅਤੇ ਕੁਝ ਇਲਾਕੇ ਉਤਰ ਪ੍ਰਦੇਸ਼ ਵਿਚ ਵੱਸਦੇ ਹਨ, ਉਨ੍ਹਾਂ ਉਤੇ ਇਹ ਬਹੁਗਿਣਤੀ ਪਾਰਲੀਮੈਂਟ, ਨਿਆਪਾਲਿਕਾ, ਕਾਰਜਕਾਰਨੀ, ਪ੍ਰੈਸ ਅਤੇ ਮੀਡੀਏ ਰਾਹੀ ਰਾਜ ਕਰਦੀ ਆ ਰਹੀ ਹੈ । ਉਤਰ ਅਤੇ ਪੂਰਬ ਦੇ ਇਲਾਕੇ ਵਿਚ ਵੀ ਬਤੌਰ ਇਸਾਈ ਅਤੇ ਆਦਿਵਾਸੀ ਵਿਚਰਦੇ ਹਨ, ਉਨ੍ਹਾਂ ਨਾਲ ਹਿੰਦੂ-ਇੰਡੀਆ ਸਟੇਟ ਤੇ ਉਨ੍ਹਾਂ ਦੀਆਂ ਫੋਰਸਾਂ ਇਨ੍ਹਾਂ ਨਾਲ 1947 ਤੋਂ ਹੀ ਜ਼ਬਰ-ਜੁਲਮ ਕਰਦੇ ਆ ਰਹੇ ਹਨ । ਜੋ ਇਸ ਸਮੇਂ ਵੱਡੀ ਮੁਸ਼ਕਿਲ ਉਤਪੰਨ ਹੋਈ ਹੈ ਉਹ ਇਹ ਹੈ ਕਿ ਵੱਡੇ-ਵੱਡੇ ਅਮੀਰ ਹਿੰਦੂ ਵਪਾਰੀ ਜੋ ਇਥੋਂ ਦੀ ਆਰਥਿਕਤਾ ਅਤੇ ਸਿਆਸੀ ਤਾਣੇ-ਬਾਣੇ ਨੂੰ ਸੈਂਟਰ ਹਕੂਮਤ, ਕਾਰਜਕਾਰੀ ਰਾਹੀ ਕੰਟਰੋਲ ਕਰਦੇ ਹਨ, ਉਹ ਇਨ੍ਹਾਂ ਦੀਆਂ ਮਲਕੀਅਤ ਉਪਰੋਕਤ ਵਰਣਨ ਕੀਤੀਆ ਵਸਤਾਂ ਅਤੇ ਜੰਗਲੀ ਉਤਪਾਦਾਂ ਉਤੇ ਜ਼ਬਰੀ ਕਬਜਾ ਕਰਕੇ ਇਨ੍ਹਾਂ ਨੂੰ ਗੁਲਾਮ ਬਣਾਉਣਾ ਚਾਹੁੰਦੇ ਹਨ ।
ਇਹ ਹੋਰ ਵੀ ਦੁੱਖਦਾਇਕ ਵਰਤਾਰਾ ਹੋ ਰਿਹਾ ਹੈ ਕਿ ਹਿੰਦੂਤਵ ਹੁਕਮਰਾਨ ਇਨ੍ਹਾਂ ਆਦਿਵਾਸੀਆ ਨੂੰ ਮਾਓਵਾਦੀ, ਅੱਤਵਾਦੀ, ਸਰਾਰਤੀ ਅਨਸਰ, ਨਕਸਲਵਾਦੀ ਗਰਦਾਨਕੇ ਬਹੁਗਿਣਤੀ ਸਟੇਟ ਦੇ ਮਾਲਕ ਜ਼ਬਰ ਜੁਲਮ ਤੇ ਬੇਇਨਸਾਫ਼ੀ ਕਰਦੇ ਆ ਰਹੇ ਹਨ ਅਤੇ ਇਨ੍ਹਾਂ ਦੀਆਂ ਮਲਕੀਅਤ ਜੰਗਲੀ ਵਸਤਾਂ ਪੈਦਾਵਰਾਂ ਉਤੇ ਕਬਜੇ ਕਰਨ ਦੇ ਅਮਲ ਕਰ ਰਹੇ ਹਨ। ਜਦੋਂ ਇਹ ਇਖਲਾਕੀ ਤੌਰ ਤੇ ਇਸਦਾ ਵਿਰੋਧ ਕਰਦੇ ਹਨ ਤਾਂ ਹਿੰਦੂਤਵ ਫੋਰਸਾਂ, ਪੁਲਿਸ, ਅਰਧ ਸੈਨਿਕ ਬਲ ਇਨ੍ਹਾਂ ਉਤੇ ਗੈਰ ਕਾਨੂੰਨੀ ਢੰਗ ਨਾਲ ਜ਼ਬਰ ਜੁਲਮ ਢਾਹੁੰਦੇ ਹਨ । ਇਥੋਂ ਤੱਕ ਕਿ ਇਨ੍ਹਾਂ ਦੀਆਂ ਗਰੀਬੀ ਕਾਰਨ ਨੌਜ਼ਵਾਨ ਧੀਆਂ-ਭੈਣਾਂ ਨੂੰ ਇਹ ਧਨਾਢ ਵਪਾਰੀ ਆਪਣੇ ਘਰਾਂ ਵਿਚ ਰੱਖਕੇ ਨੌਕਰਾਣੀਆ ਦਾ ਜ਼ਬਰੀ ਕੰਮ ਵੀ ਲੈਦੇ ਹਨ ਅਤੇ ਇਨ੍ਹਾਂ ਬੀਬੀਆ ਨੂੰ ਵੱਡੇ-ਵੱਡੇ ਸ਼ਹਿਰਾਂ ਦੇ ਬੇਸਵਾ ਘਰਾਂ ਤੇ ਸਥਾਨਾਂ ਵਿਚ ਧਕੇਲਕੇ ਇਨ੍ਹਾਂ ਦੇ ਸਰੀਰਾਂ ਦਾ ਗੈਰ ਕਾਨੂੰਨੀ ਤਰੀਕੇ ਸੋਸਨ ਵੀ ਕਰਦੇ ਹਨ । ਪੋਪ ਸਨੇਟ ਸੁਆਮੀ ਇਨ੍ਹਾਂ ਸਭ ਬੁਰਾਈਆ ਵਿਰੁੱਧ ਸਖਤ ਸਟੈਡ ਲੈਕੇ ਇਨ੍ਹਾਂ ਆਦਿਵਾਸੀਆ ਅਤੇ ਜੰਗਲ ਦੇ ਰਹਿਣ ਵਾਲਿਆ ਦੇ ਹੱਕਾਂ ਲਈ ਲੜਦੇ ਸਨ ਇਹੀ ਵਜਹ ਹੈ ਕਿ ਇਨ੍ਹਾਂ ਵੱਡੇ ਧਨਾਢਾਂ ਤੇ ਹਿੰਦੂਤਵ ਹੁਕਮਰਾਨਾਂ ਵੱਲੋਂ ਇਨ੍ਹਾਂ ਨੂੰ ਮਰਵਾ ਦਿੱਤਾ ਗਿਆ ਹੈ ।
ਪਹਿਲੇ ਤਾਂ ਪਾਦਰੀ ਸੁਆਮੀ ਨੂੰ ਬਿਨ੍ਹਾਂ ਕਿਸੇ ਆਧਾਰ ਤੋਂ ਐਨ.ਆਈ.ਏ. ਵੱਲੋਂ ਗ੍ਰਿਫ਼ਤਾਰ ਹੀ ਨਹੀਂ ਸੀ ਕਰਨਾ ਚਾਹੀਦਾ । ਜੇਕਰ ਉਹ ਗ੍ਰਿਫ਼ਤਾਰ ਕਰ ਲਏ ਗਏ ਸਨ ਤਾਂ ਜੋ ਉਨ੍ਹਾਂ ਨੂੰ ਵਿਧਾਨ ਦੀ ਧਾਰਾ 14 ਅਤੇ 21 ਰਾਹੀ ਜਮਾਨਤ ਲੈਣ ਦੇ ਅਧਿਕਾਰ ਹਾਸਿਲ ਸਨ, ਉਨ੍ਹਾਂ ਦੀ ਜਮਾਨਤ ਮਨਜੂਰ ਹੋਣੀ ਚਾਹੀਦੀ ਸੀ । ਪਰ ਦੁੱਖ ਅਤੇ ਅਫ਼ਸੋਸ ਹੈ ਕਿ ਇਥੋਂ ਦੀ ਨਿਆਪ੍ਰਣਾਲੀ ਐਨੀ ਦੋਸ਼ਪੂਰਨ ਹੋ ਚੁੱਕੀ ਹੈ ਕਿ 84 ਸਾਲਾ ਇਸਾਈ ਧਾਰਮਿਕ ਸਖਸ਼ੀਅਤ ਨੂੰ ਆਪਣੇ ਵਿਧਾਨਿਕ ਹੱਕਾਂ ਦੀ ਵਰਤੋਂ ਹੀ ਨਹੀਂ ਕਰਨ ਦਿੱਤੀ ਗਈ । ਇਸੇ ਤਰ੍ਹਾਂ ਹਿੰਦੂਤਵ ਹੁਕਮਰਾਨਾਂ ਨੇ ਮਹਾਰਾਜਾ ਪਰਿਵਾਰ ਚੰਦਰਾਭਾਜ ਦਿਓ ਨੂੰ 1966 ਵਿਚ ਇਨ੍ਹਾਂ ਆਦਿਵਾਸੀਆ ਦੀ ਅਗਵਾਈ ਕਰਨ ਦੀ ਬਦੌਲਤ ਹੀ ਮਾਰ ਦਿੱਤਾ ਸੀ । ਇਹੀ ਵਰਤਾਰਾ ਹਿੰਦੂਤਵ ਹੁਕਮਰਾਨਾਂ ਦਾ ਜਾਰੀ ਹੈ ਅਤੇ ਇਸੇ ਦੀ ਬਦੌਲਤ ਇਹ ਆਪਣੀ ਨਿਊਕਲੀਅਰ ਤਾਕਤ ਨੂੰ ਮਜਬੂਤ ਕਰ ਰਹੇ ਹਨ । ਜਨਵਰੀ 2018 ਵਿਚ ਭੀਮਾ ਕੋਰੇਗਾਓ ਕੇਸ ਦੌਰਾਨ ਵੀ ਉਪਰੋਕਤ ਸਟੇਨ ਸੁਆਮੀ ਦਾ ਹਿੰਦੂ ਇੰਡੀਅਨ ਸਟੇਟ ਵੱਲੋਂ ਸ਼ਿਕਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ । ਮੈਂ ਉਸ ਸਮੇਂ 01 ਮਈ 2020 ਨੂੰ ਐਨ.ਆਈ.ਏ. ਦੇ ਡਾਈਰੈਕਟਰ ਜਰਨਲ ਸ੍ਰੀ ਅਲੋਕ ਮਿੱਤਲ ਨੂੰ ਇਸ ਹੋ ਰਹੇ ਵਿਤਕਰੇ ਤੇ ਜ਼ਬਰ ਜੁਲਮ ਸੰਬੰਧੀ ਪੱਤਰ ਲਿਖਿਆ ਸੀ ਕਿ ਕੋਰੇਗਾਓ ਵਿਖੇ ਜਿਥੇ ਬਾਮਸੇਫ ਅਤੇ ਘੱਟ ਗਿਣਤੀਆ ਵੱਲੋਂ ਪ੍ਰੋਗਰਾਮ ਕੀਤਾ ਜਾ ਰਿਹਾ ਸੀ, ਉਥੇ ਜੋ ਸਾਜ਼ਸੀ ਢੰਗ ਨਾਲ ਬਹੁਗਿਣਤੀ ਹੁਕਮਰਾਨਾਂ ਵੱਲੋਂ ਹਮਲੇ ਕੀਤੇ ਗਏ ਸਨ, ਉਸ ਸੰਬੰਧੀ ਬੀਜੇਪੀ-ਆਰ.ਐਸ.ਐਸ. ਦੀ ਨਰਿੰਦਰ ਮੋਦੀ ਸਰਕਾਰ ਵੱਲੋਂ ਆਜਾਦਆਨਾ ਜਾਂਚ ਕਰਵਾਉਣ ਦੀ ਗੱਲ ਕੀਤੀ ਸੀ । ਅੱਜ 07 ਜੁਲਾਈ 2021 ਨੂੰ ਮੈਂ ਇਸ ਪੱਤਰ ਤੋਂ ਜਾਣਕਾਰੀ ਦੇ ਰਿਹਾ ਹਾਂ ਸਾਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਹ ਮਹਿਸੂਸ ਕਰਦੀ ਹੈ ਕਿ ਜੰਗਲਾਂ ਵਿਚ ਰਹਿਣ ਵਾਲੇ ਆਦਿਵਾਸੀ, ਘੱਟ ਗਿਣਤੀਆ, ਅਨੁਸੂਚਿਤ ਜਾਤੀਆ ਨੂੰ ਇਕ ਸੋਚੀ ਸਮਝੀ ਸਾਜ਼ਿਸ ਅਧੀਨ ਨਿਸ਼ਾਨਾਂ ਬਣਾ ਰਹੇ ਹਨ । ਜੋ ਸਟੇਨ ਸੁਆਮੀ ਦਾ ਸਟੇਟ ਵੱਲੋਂ ਕਤਲੇਆਮ ਹੋਇਆ ਹੈ, ਅਸੀਂ ਅਪੀਲ ਕਰਦੇ ਹਾਂ ਕਿ ਐਪੋਸਟੋਲਿਕ ਨਿਊਨੀਕੇਚਰ ਆਫ਼ ਦਾ ਹੋਲੀ ਸੀ ਦਿੱਲੀ ਨੂੰ ਅਪੀਲ ਕਰਨੀ ਚਾਹਵਾਂਗੇ ਕਿ ਇਸ ਹੋਏ ਕਤਲ ਦੇ ਦੋਸ਼ੀਆਂ ਵਿਰੁੱਧ ਅਪਰਾਧਿਕ ਕੇਸ 302 ਆਈ.ਪੀ.ਸੀ. ਅਤੇ ਸੈਕਸਨ 120ਬੀ ਦਰਜ ਕਰਵਾਇਆ ਜਾਵੇ । ਅਸੀਂ ਫਾਦਰ ਪੋਪ ਫਰਾਂਸੀਸ ਨੂੰ ਅਪੀਲ ਕਰਦੇ ਹਾਂ ਕਿ ਇਸ ਹੋਏ ਕਤਲ ਦੇ ਨਤੀਜੇ ਤੇ ਪਹੁੰਚਣ ਲਈ ਹਰ ਸੰਭਵ ਯਤਨ ਕੀਤਾ ਜਾਵੇ ਤਾਂ ਕਿ ਗਰੀਬ ਆਦਿਵਾਸੀ ਇਥੋਂ ਦੇ ਨਿਵਾਸੀਆ ਦੀ ਜਿੰਦਗੀ ਹੋਰ ਤਰਸ ਪੂਰਨ ਨਾ ਹੋਵੇ ਅਤੇ ਉਹ ਵੀ ਆਪਣੀ ਆਜ਼ਾਦੀ ਨਾਲ ਬਿਨ੍ਹਾਂ ਕਿਸੇ ਡਰ-ਭੈ ਤੋਂ ਇਥੇ ਵਿਚਰ ਸਕਣ ।