ਇਸ ਸੰਸਾਰ ਵਿੱਚ ਅਨੇਕਾਂ ਇਨਸਾਨ ਆਉਂਦੇ ਹਨ ਅਤੇ ਆਪੋ ਆਪਣਾ ਜੀਵਨ ਬਸਰ ਕਰਕੇ ਪਰਿਵਾਰਿਕ ਤੇ ਸਮਾਜਿਕ ਜ਼ਿੰਮੇਵਾਰੀਆਂ ਨਿਭਾਉਣ ਉਪਰੰਤ ਇਸ ਸੰਸਾਰ ਤੋਂ ਰੁਖਸਤ ਹੋ ਜਾਂਦੇ ਹਨ। ਇਹ ਇਕ ਸਰਕਲ ਹੈ, ਜਿਹੜਾ ਸਦੀਆਂ ਤੋਂ ਲਗਾਤਾਰ ਚਲਦਾ ਆ ਰਿਹਾ ਹੈ। ਇਨ੍ਹਾਂ ਵਿੱਚੋਂ ਕੁਝ ਇਨਸਾਨ ਅਜਿਹੇ ਹੁੰਦੇ ਹਨ, ਜਿਹੜੇ ਸਮਾਜ ਵਿੱਚ ਨਾਮਣਾ ਖੱਟਦੇ ਹੋਏ ਨਵੀਂਆਂ ਪਿ੍ਰਤਾਂ ਪਾ ਜਾਂਦੇ ਹਨ। ਅਜਿਹੇ ਵਿਅਕਤੀਆਂ ਵਿੱਚੋਂ ਡਾ ਰਣਬੀਰ ਸਿੰਘ ਸਰਾਓ ਵੀ ਸਨ, ਜਿਹੜੇ ਆਪਣੀ ਕਾਰਜ਼ਕੁਸ਼ਤਾ, ਦਿਆਨਤਦਾਰੀ ਅਤੇ ਇਮਾਨਦਾਰੀ ਦਾ ਪ੍ਰਤੀਕ ਬਣਕੇ ਸਮਾਜ ਵਿੱਚ ਵਿਚਰੇ ਸਨ। ਉਨ੍ਹਾਂ ਸਿੱਖ ਸਿਧਾਂਤ ਅਤੇ ਮਾਰਕਸ ਦੀ ਥਿਊਰੀ ਦਾ ਡੂੰਘਾ ਅਧਿਐਨ ਕੀਤਾ ਹੋਇਆ ਸੀ। ਉਨ੍ਹਾਂ ਦੀ ਕਾਬਲੀਅਤ ਕਰਕੇ 1994 ਵਿੱਚ ਉਨ੍ਹਾਂ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਰਜਿਸਟਰਾਰ ਨਿਯੁਕਤ ਕੀਤਾ ਗਿਆ ਸੀ। ਉਨ੍ਹਾਂ ਨੂੰ ਐਮ ਏ ਅੰਗਰੇਜ਼ੀ ਕਰਨ ਉਪਰੰਤ 1962 ਵਿੱਚ ਮਹਿਜ਼ 22 ਸਾਲ ਦੀ ਉਮਰ ਵਿੱਚ ਰਾਮਗੜ੍ਹੀਆ ਕਾਲਜ ਫਗਵਾੜਾ ਵਿਖੇ ਅੰਗਰੇਜ਼ੀ ਦੇ ਲੈਕਚਰਾਰ ਨਿਯੁਕਤ ਕੀਤਾ ਗਿਆ। 1963 ਵਿੱਚ ਉਨ੍ਹਾਂ ਦੀ ਚੋਣ ਪੰਜਾਬ ਸਰਕਾਰ ਵੱਲੋਂ ਵਿਦਿਆ ਵਿਭਾਗ ਵਿੱਚ ਲੈਕਚਰਾਰ ਅੰਗਰੇਜ਼ੀ ਦੀ ਹੋ ਗਈ। ਉਨ੍ਹਾਂ ਨੂੰ ਰਣਬੀਰ ਕਾਲਜ ਸੰਗਰੂਰ ਵਿੱਚ ਨਿਯੁਕਤ ਕੀਤਾ ਗਿਆ। ਉਸਤੋਂ ਬਾਅਦ ਉਹ ਮਹਿੰਦਰਾ ਕਾਲਜ ਵਿੱਚ ਬਦਲ ਕੇ ਆ ਗਏ ਸਨ। ਮਹਿੰਦਰਾ ਕਾਲਜ ਵਿੱਚ ਉਹ ਐਮ ਏ ਅੰਗਰੇਜ਼ੀ ਦੀਆਂ ਪੋਸਟ ਗ੍ਰੈਜੂਏਟ ਕਲਾਸਾਂ ਨੂੰ ਪੜ੍ਹਾਉਂਦੇ ਰਹੇ। ਡਾ ਰਣਬੀਰ ਸਿੰਘ ਅੰਗਰੇਜ਼ੀ ਅਤੇ ਪੰਜਾਬੀ ਦੋਹਾਂ ਭਾਸ਼ਾਵਾਂ ਦੇ ਵਿਦਵਾਨ ਸਨ। ਅੰਗਰੇਜ਼ੀ ਪੜ੍ਹਾਉਣ ਦਾ ਉਨ੍ਹਾਂ ਦਾ ਢੰਗ ਵਿਲੱਖਣ ਕਿਸਮ ਦਾ ਸੀ। ਉਨ੍ਹਾਂ ਦੇ ਪੜ੍ਹਾਏ ਵਿਦਿਆਰਥੀ ਆਈ ਏ ਐਸ ਵਰਗੇ ਮਹੱਤਵਪੂਰਨ ਅਹੁਦਿਆਂ ਲਈ ਚੁਣੇ ਗਏ ਸਨ। ਉਨ੍ਹਾਂ ਦੇ ਵਿਦਿਆਰਥੀ ਰਾਜਿੰਦਰ ਕੌਰ ਭੱਠਲ ਪੰਜਾਬ ਦੇ ਮੁੱਖ ਮੰਤਰੀ, ਉਜਲ ਦੁਸਾਂਝ ਕੈਨੇਡਾ ਦੇ ਬਿ੍ਰਟਿਸ਼ ਕੋਲੰਬੀਆ ਰਾਜ ਦੇ ਪ੍ਰੀਮੀਅਰ ਅਤੇ ਦੇਸ ਰਾਜ ਹਰਿਆਣਾ ਦੇ ਮੰਤਰੀ ਦੇ ਮੰਤਰੀ ਰਹੇ ਹਨ। ਸੁਖਦੇਵ ਸਿੰਘ ਢੀਂਡਸਾ ਸਾਬਕਾ ਕੇਂਦਰੀ ਮੰਤਰੀ ਉਨ੍ਹਾਂ ਦੇ ਦੋਸਤ ਸਨ। ਉਹ ਆਪਣੀ ਸਾਰੀ ਸਰਵਿਸ ਦੌਰਾਨ ਵਿਦਿਆਰਥੀਆਂ ਵਿੱਚ ਵਿਦਿਅਕ ਖੁਸ਼ਬੂਆਂ ਫੈਲਾਉਂਦੇ ਰਹੇ। 20 ਸਾਲ ਮਹਿੰਦਰਾ ਕਾਲਜ ਵਿੱਚ ਪੜ੍ਹਾਉਣ ਤੋਂ ਬਾਅਦ 1993 ਵਿੱਚ ਉਨ੍ਹਾਂ ਦੀ ਚੋਣ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕੰਪੀਟੇਟਿਵ ਵਿਭਾਗ (ਆਈ ਏ ਐਸ ਕੋਚਿੰਗ ਸੈਂਟਰ) ਵਿੱਚ ਬਤੌਰ ਪ੍ਰੋਫ਼ੈਸਰ ਅਤੇ ਡਾਇਰੈਕਟਰ ਦੀ ਹੋ ਗਈ। ਜਦੋਂ ਡਾ ਜੋਗਿੰਦਰ ਸਿੰਘ ਪੁਆਰ ਪੰਜਾਬੀ ਯੂਨੀਵਰਸਿਟੀ ਦੇ ਉਪ ਕੁਲਪਤੀ ਬਣਕੇ ਆਏ ਤਾਂ ਉਨ੍ਹਾਂ ਰਜਿਸਟਰਾਰ ਦੇ ਅਹੁਦੇ ਲਈ ਡਾ ਰਣਬੀਰ ਸਿੰਘ ਵਰਗੇ ਬਿਹਤਰੀਨ ਇਨਸਾਨ ਅਤੇ ਵਿਦਿਆ ਸ਼ਾਸ਼ਤਰੀ ਦੀ ਚੋਣ ਕੀਤੀ। ਉਨ੍ਹਾਂ ਦੇ ਰਜਿਸਟਰਾਰ ਹੁੰਦਿਆਂ ਯੂਨੀਵਰਸਿਟੀ ਵਿਚ ਜ਼ਬਰਦਸਤ ਅੰਦੋਲਨ ਵੀ ਹੋਏ ਪ੍ਰੰਤੂ ਡਾ ਰਣਬੀਰ ਸਿੰਘ ਬਾਰੇ ਕਿਸੇ ਨੇ ਕਦੀਂ ਵੀ ਇਕ ਸ਼ਬਦ ਵੀ ਮਾੜਾ ਨਹੀਂ ਬੋਲਿਆ। ਉਨ੍ਹਾਂ ਨੇ ਨੋਬਲ ਇਨਾਮ ਜੇਤੂ ਟੋਨੀ ਮੌਰੀਸਨ ਦੀ ‘‘ਬੀਲਵਡ’’ ਅਤੇ ਅੰਮਿ੍ਰਤਆ ਸੇਨ ਦੀ ‘‘ਦਾ ਆਈਡੀਆ ਆਫ ਜਸਟਿਸ’’ ਦੋ ਪੁਸਤਕਾਂ ਦਾ ਪੰਜਾਬੀ ਵਿੱਚ ਅਨੁਵਾਦ ਵੀ ਕੀਤਾ ਸੀ। ਇਸ ਅਨੁਵਾਦ ਨੂੰ ਪੜ੍ਹਕੇ ਇਹ ਪੁਸਤਕਾਂ ਮੌਲਿਕ ਲਗਦੀਆਂ ਹਨ। ਉਨ੍ਹਾਂ ਦੇ ਲਿਖੇ ਖੋਜ ਪੱਤਰ ਅੰਗਰੇਜ਼ੀ ਦੇ ਵਿਦਿਅਕ ਰਸਾਲਿਆਂ ਅਤੇ ਅਖ਼ਬਾਰਾਂ ਵਿੱਚ ਵੀ ਪ੍ਰਕਾਸ਼ਤ ਹੁੰਦੇ ਰਹੇ ਹਨ। ਉਹ 2001 ਤੋਂ 2004 ਤੱਕ ਫਰਟੇਲਾਈਜ਼ਰ ਐਂਡ ਕੈਮੀਕਲਜ਼ ਟਰਾਵਨਕੋਰ ਲਿਮਿਟਡ ਕੰਪਨੀ ਦੇ ਡਾਇਰੈਕਟਰ ਵੀ ਰਹੇ। ਉਹ ਮਾਲਵਾ ਆਰਟਸ ਸਪੋਰਟਸ ਅਤੇ ਕਲਚਰਲ ਟਰਸਟ ਮਸਕਟ ਦੇ ਤਾਅ ਉਮਰ ਚੇਅਰਮੈਨ ਅਤੇ ‘ਮਿੱਟੀ ਮਾਲਵਾ ਦੀ’ ਮੈਗਜ਼ੀਨ ਦੇ 20 ਸਾਲ ਮੁੱਖ ਸੰਪਾਦਕ ਵੀ ਰਹੇ। ਡਾ ਰਣਬੀਰ ਸਿੰਘ ਸਰਾਓ, ਇਸ ਫਾਨੀ ਸੰਸਾਰ ਤੋਂ 2 ਜੁਲਾਈ 2021 ਨੂੰ ਅਲਵਿਦਾ ਲੈ ਗਏ। ਉਨ੍ਹਾਂ ਨੇ ਆਪਣੀ 82 ਸਾਲ ਦੀ ਜ਼ਿੰਦਗੀ ਵਿਚ ਕਿਸੇ ਦਾ ਕੁਝ ਵੀ ਬੁਰਾ ਨਹੀਂ ਕੀਤਾ ਹੋਵੇ। ਡਾ ਰਣਬੀਰ ਸਿੰਘ ਸਾਫ਼ ਸੁਥਰਾ ਅਤੇ ਸ਼ਾਂਤਮਈ ਜੀਵਨ ਜਿਓਣ ਵਾਲੇ ਇਨਸਾਨ ਸਨ। ਉਨ੍ਹਾਂ ਦੀ ਜ਼ੁਬਾਨ ਵਿਚੋਂ ਹਮੇਸ਼ਾ ਮਿੱਠਾਸ ਭਰੇ ਸ਼ਬਦ ਹੀ ਨਿਕਲਦੇ ਸਨ। ਅੱਜ ਦੇ ਪਦਾਰਥਵਾਦੀ ਅਤੇ ਆਧੁਨਿਕ ਯੁਗ ਦੇ ਵਿੱਚ ਡਾ ਰਣਬੀਰ ਸਿੰਘ ਵਰਗੇ ਵਿਰਲੇ ਇਨਸਾਨ ਹੀ ਹੁੰਦੇ ਹਨ, ਜਿਹੜੇ ਸਾਰੇ ਵਰਗਾਂ ਵੱਲੋਂ ਸਤਿਕਾਰੇ ਜਾਂਦੇ ਹਨ। ਡਾ ਰਣਬੀਰ ਸਿੰਘ ਸਰਾਓ 1994 ਤੋਂ 2000 ਤੱਕ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਰਜਿਸਟਰਾਰ ਦੇ ਅਹੁਦੇ ‘ਤੇ ਆਪਣੇ ਫ਼ਰਜ਼ ਬਾਖ਼ੂਬੀ ਨਿਭਾਉਂਦੇ ਰਹੇ ਹਨ। ਉਨ੍ਹਾਂ ਇਨ੍ਹਾਂ 6 ਸਾਲਾਂ ਵਿੱਚ ਆਪਣੇ ਫ਼ਰਜ਼ ਨਿਯਮਾ ਅਨੁਸਾਰ ਨਿਭਾਏ, ਕਦੀਂ ਵੀ ਕੋਈ ਅਜਿਹਾ ਕੰਮ ਨਹੀਂ ਕੀਤਾ, ਜਿਸ ਨਾਲ ਕੋਈ ਵਾਦਵਿਵਾਦ ਹੋਇਆ ਹੋਵੇ। ਉਹ ਕਾਜਕੁਸ਼ਲਤਾ, ਮਿਹਨਤ, ਲਗਨ, ਨਮਰਤਾ, ਸਹਿਜਤਾ, ਸ਼ਰਾਫ਼ਤ ਅਤੇ ਸ਼ਹਿਨਸ਼ੀਲਤਾ ਦੇ ਮੁਜੱਸਮਾ ਸਨ। ਔਖੇ ਤੋਂ ਔਖੇ, ਗੁੰਝਲਦਾਰ ਅਤੇ ਤਣਾਓ ਦੇ ਹਾਲਾਤ ਵਿੱਚ ਵੀ ਉਨ੍ਹਾਂ ਨੇ ਕਦੀਂ ਕਿਸੇ ਨੂੰ ਉਚਾ ਨਹੀਂ ਬੋਲਿਆ ਅਤੇ ਨਾ ਹੀ ਕਿਸੇ ਨਾਲ ਗੁੱਸੇ ਹੋਏ ਹਨ। ਆਪਣੇ ਸਹਿਯੋਗੀਆਂ ਅਤੇ ਮਾਤਹਿਤਾਂ ਤੋਂ ਕੰਮ ਲੈਣਾ ਉਨ੍ਹਾਂ ਨੂੰ ਆਉਂਦਾ ਸੀ। ਉਨ੍ਹਾਂ ਨੂੰ ਸਾਊ ਸੁਭਾਅ ਵਾਲੇ ਇਨਸਾਨ ਗਿਣਿਆਂ ਜਾਂਦਾ ਸੀ। ਡਾ ਰਣਬੀਰ ਸਿੰਘ ਸਕੂਲ ਪੱਧਰ ਦੀ ਪੜ੍ਹਾਈ ਤੋਂ ਹੀ ਬਹੁਤ ਹੁਸ਼ਿਆਰ ਵਿਦਿਆਰਥੀ ਸਨ। ਉਹ ਸਕੂਲ ਅਤੇ ਕਾਲਜ ਦੇ ਪਿ੍ਰੰਸੀਪਲ ਅਤੇ ਮੁੱਖ ਅਧਿਆਪਕਾਂ ਦੇ ਚਹੇਤੇ ਵਿਦਿਆਰਥੀ ਸਨ। ਡਾ ਰਣਬੀਰ ਸਿੰਘ ਸਰਾਓ ਸੰਜੀਦਾ, ਮਿਹਨਤੀ ਅਤੇ ਦਿ੍ਰੜ੍ਹ ਇਰਾਦੇ ਵਾਲੇ ਸਨ। ਉਨ੍ਹਾਂ ਨੇ ਪ੍ਰਾਇਮਰੀ ਘੋੜੇਨਾਬ, ਮਿਡਲ ਬਨਬੌਰੀ ਕਲਾਂ ਅਤੇ ਦਸਵੀਂ 1956 ਵਿੱਚ ਖਾਲਸਾ ਹਾਈ ਸਕੂਲ ਮਾਨਸਾ ਤੋਂ ਪਾਸ ਕੀਤੀ। ਕੁਝ ਸਮਾਂ ਉਹ ਰਣਬੀਰ ਕਾਲਜ ਸੰਗਰੂਰ ਵਿਖੇ ਪੜ੍ਹਦੇ ਰਹੇ। ਜਦੋਂ ਉਨ੍ਹਾਂ ਰਣਬੀਰ ਕਾਲਜ ਸੰਗਰੂਰ ਦਾਖਲਾ ਲਿਆ ਤਾਂ ਅੰਗਰੇਜ਼ੀ ਦੇ ਦੋ ਪ੍ਰੋਫ਼ੈਸਰਾਂ ਡਾ ਡੀ ਸੀ ਸ਼ਰਮਾ ਅਤੇ ਪ੍ਰੋ ਐਸ ਪੀ ਸ਼ਰਮਾ ਨੇ ਉਨ੍ਹਾਂ ਦੀ ਅੰਗਰੇਜ਼ੀ ਭਾਸ਼ਾ ਦੀ ਪ੍ਰਤਿਭਾ ਦੀ ਪਛਾਣ ਕਰਦਿਆਂ ਰਣਬੀਰ ਸਿੰਘ ਸਰਾਓ ਨੂੰ ਅੰਗਰੇਜ਼ੀ ਦੀ ਐਮ ਏ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਦੇ ਪਿਤਾ ਅਤੇ ਤਾਇਆ ਗਿਆਨੀ ਤਪੀਆ ਸਿੰਘ ਦੋਵੇਂ ਧਾਰਮਿਕ ਵਿਅਕਤੀ ਸਨ, ਉਨ੍ਹਾਂ ਰਣਬੀਰ ਸਿੰਘ ਨੂੰ ਬੀ ਏ ਮੁਕੰਮਲ ਕਰਨ ਲਈ ਖਾਲਸਾ ਕਾਲਜ ਅੰਮਿ੍ਰਤਸਰ ਦਾਖਲ ਕਰਵਾ ਦਿੱਤਾ। 1960 ਵਿੱਚ ਖਾਲਸਾ ਕਾਲਜ ਅੰਮਿ੍ਰਤਸਰ ਤੋਂ ਬੀ ਏ ਆਨਰਜ਼ ਅੰਗਰੇਜ਼ੀ ਦੇ ਵਿਸ਼ੇ ਵਿੱਚ ਕਰਨ ਉਪਰੰਤ ਉਨ੍ਹਾਂ ਨੂੰ ਐਮ ਏ ਅੰਗਰੇਜ਼ੀ ਕਰਨ ਲਈ ਸਰਕਾਰੀ ਕਾਲਜ ਲੁਧਿਆਣਾ ਵਿੱਚ ਦਾਖਲ ਕਰਵਾ ਦਿੱਤਾ ਗਿਆ ਅਤੇ ਉਥੋਂ ਹੀ 1962 ਵਿੱਚ ਉਨ੍ਹਾਂ ਐਮ ਏ ਪਾਸ ਕੀਤੀ। ਬੀ ਏ ਅਤੇ ਐਮ ਏ ਵਿੱਚ ਸਵਰਨ ਸਿੰਘ ਬੋਪਾਰਾਇ ਸੇਵਾ ਮੁਕਤ ਆਈ ਏ ਐਸ ਅਧਿਕਾਰੀ ਉਨ੍ਹਾਂ ਦੇ ਜਮਾਤੀ ਸਨ। ਫਿਰ ਉਨ੍ਹਾਂ ਅਮਰੀਕਨ ਲਿਟਰੇਚਰ ‘ਤੇ ਪੀ ਐਚ ਡੀ ਪ੍ਰਸਿੱਧ ਭਾਸ਼ਾ ਵਿਗਿਆਨੀ ਡਾ ਹਰਜੀਤ ਸਿੰਘ ਦੀ ਅਗਵਾਈ ਵਿੱਚ ਕੀਤੀ। ਉਨ੍ਹਾਂ ਨੇ ਨੋਬਲ ਇਨਾਮ ਜੇਤੂ ਵਿਲੀਅਮ ਫਾਓਲਕਨਰ ਦੀ ‘‘ ਦੀ ਸਾਊਂਡ ਐਂਡ ਦਾ ਫਰੀ’’ ‘ਤੇ ਡਿਜ਼ਰਟੇਸ਼ਨ ਲਿਖੀ।
ਇਕ ਦਿਹਾਤੀ ਇਲਾਕੇ ਦੇ ਮੱਧ ਵਰਗੀ ਪਰਿਵਾਰ ਵਿੱਚ ਜਨਮ ਲੈ ਕੇ ਇਤਨਾ ਪ੍ਰਤਿਭਾਸ਼ਾਲੀ ਹੋਣਾ ਉਨ੍ਹਾਂ ਦਾ ਵਿਲੱਖਣ ਗੁਣ ਸੀ। ਉਨ੍ਹਾਂ ਦੀ ਜਨਮ ਭੂਮੀ ਦੇ ਇਲਾਕੇ ਨੂੰ ਪਛੜਿਆ ਹੋਇਆ ਇਲਾਕਾ ਕਿਹਾ ਜਾਂਦਾ ਸੀ ਪ੍ਰੰਤੂ ਰਣਬੀਰ ਸਿੰਘ ਸਰਾਓ ਦੀ ਪ੍ਰਤਿਭਾ ਕਿਸੇ ਵੀ ਵਿਕਸਤ ਇਲਾਕੇ ਦੇ ਲੋਕਾਂ ਨਾਲੋਂ ਵਧੇਰੀ ਸੀ। ਉਹ ਗੁਣਾ ਦੀ ਗੁਥਲੀ ਸਨ। ਉਨ੍ਹਾਂ ਦਾ ਜਨਮ ਜੀਂਦ ਰਿਆਸਤ ਦੇ ਪਿੰਡ ਲੇਹਲ ਕਲਾਂ ਨੇੜੇ ਲਹਿਰਾ ਗਾਗਾ ਜਿਲ੍ਹਾ ਸੰਗਰੂਰ ਵਿਖੇ ਮਾਤਾ ਹਰਨਾਮ ਕੌਰ ਅਤੇ ਪਿਤਾ ਮੇਵਾ ਸਿੰਘ ਦੇ ਘਰ 25 ਫਰਵਰੀ 1940 ਨੂੰ ਹੋਇਆ। ਇਸ ਪਿੰਡ ਦੇ ਨਜ਼ਦੀਕ ਪਿੰਡ ਧਮਧਾਨ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਿੱਲੀ ਨੂੰ ਸ਼ਹੀਦੀ ਦੇਣ ਲਈ ਜਾਂਦੇ ਹੋਏ ਬਿਰਾਜੇ ਸਨ, ਜਿਸ ਗੁਰੂ ਘਰ ਦਾ ਉਨ੍ਹਾਂ ਦੇ ਜੀਵਨ ‘ਤੇ ਗਹਿਰਾ ਪ੍ਰਭਾਵ ਸੀ। ਉਨ੍ਹਾਂ ਦਾ ਤਿੰਨ ਭਰਾ ਅਤੇ ਤਿੰਨ ਭੈਣਾ ਵਾਲਾ ਪਰਿਵਾਰ ਸੀ। ਪਛੜੇ ਇਲਾਕੇ ਵਿੱਚ ਰਹਿਣ ਵਾਲੇ ਮਾਪਿਆਂ ਨੇ ਉਨ੍ਹਾਂ ਸਾਰੇ ਭੈਣ ਭਰਾਵਾਂ ਨੂੰ ਉਚ ਵਿਦਿਆ ਦਿਵਾਕੇ ਆਪਣੀ ਜ਼ਿੰਮੇਵਾਰੀ ਨਿਭਾਈ ਪ੍ਰੰਤੂ ਡਾ ਰਣਬੀਰ ਸਿੰਘ ਨੇ ਉਨ੍ਹਾਂ ਦਾ ਨਾਮ ਰੌਸ਼ਨ ਕੀਤਾ। ਉਨ੍ਹਾਂ ਦੇ ਇਕ ਦੋਸਤ ਨੇ ਦੱਸਿਆ ਕਿ ਡਾ ਰਣਬੀਰ ਇਤਨੇ ਗਿਆਨਵਾਨ ਸਨ ਕਿ ਜੇ ਉਹ ਆਈ ਏ ਐਸ ਦੇ ਮੁਕਾਬਲੇ ਦੇ ਇਮਤਿਹਾਨ ਵਿੱਚ ਬੈਠਦੇ ਤਾਂ ਉਹ ਜ਼ਰੂਰ ਸਫ਼ਲ ਹੁੰਦੇ ਅਤੇ ਇਕ ਚੰਗੇ ਕੁਸ਼ਲ ਪ੍ਰਬੰਧਕ ਹੋ ਸਕਦੇ ਸਨ। ਉਸ ਸਮੇਂ ਅੰਗਰੇਜ਼ੀ ਦੇ ਅਧਿਆਪਕ ਬਣਨਾ ਹੀ ਵੱਡੀ ਗੱਲ ਸਮਝਿਆ ਜਾਂਦਾ ਸੀ। 1966 ਵਿੱਚ ਪੰਜਾਬੀ ਸੂਬਾ ਬਣਨ ‘ਤੇ ਉਨ੍ਹਾਂ ਦੀ ਐਲੋਕੇਸ਼ਨ ਹਰਿਆਣਾ ਦੀ ਹੋ ਗਈ ਕਿਉਂਕਿ ਉਨ੍ਹਾਂ ਦੀ ਜ਼ਮੀਨ ਨੜੈਲ ਪਿੰਡ ਵਿੱਚ ਸੀ, ਜੋ ਹਰਿਆਣਾ ਵਿੱਚ ਆ ਗਿਆ ਸੀ। ਫਿਰ ਉਨ੍ਹਾਂ ਆਪਣੀ ਐਲੋਕੇਸ਼ਨ ਪੰਜਾਬ ਵਿਚ ਤਬਦੀਲ ਕਰਵਾਈ। ਰਣਬੀਰ ਸਿੰਘ ਦਾ ਵਿਆਹ ਸੰਗਰੂਰ ਜਿਲ੍ਹੇ ਦੇ ਜਖੇਪਲ ਪਿੰਡ ਦੀ ਅੰਗਰੇਜ਼ੀ ਦੀ ਲੈਕਚਰਾਰ ਸੁਖਦਰਸ਼ਨ ਕੌਰ ਸਿੱਧੂ ਸਪੁੱਤਰੀ ਸੁੰਤਰਤਾ ਸੰਗਰਾਮੀ ਕੈਪਟਨ ਸੰਤੋਖ ਸਿੰਘ ਨਾਲ 1973 ਵਿੱਚ ਹੋਇਆ। ਡਾ ਰਣਬੀਰ ਸਿੰਘ ਸਰਾਓ ਆਪਣੇ ਪਿੱਛੇ ਪੜ੍ਹਿਆ ਲਿਖਿਆ ਪਰਿਵਾਰ ਪਤਨੀ ਪ੍ਰੋ ਸਖੁਦਰਸ਼ਨ ਕੌਰ ਸਰਾਓ ਜੋ ਵੀ ਅੰਗਰੇਜ਼ੀ ਵਿਸ਼ੇ ਦੇ ਸੇਵਾ ਮੁਕਤ ਪ੍ਰੋਫ਼ੈਸਰ, ਲੜਕਾ ਅਜੈਵੀਰ ਸਿੰਘ ਸਰਾਓ ਖ਼ੁਰਾਕ ਅਤੇ ਸਪਲਾਈ ਵਿਭਾਗ ਵਿੱਚ ਜਾਇੰਟ ਡਾਇਰੈਕਟਰ ਅਤੇ ਲੜਕੀ ਡਾ ਸਿਮਰਤ ਕੌਰ ਧੀਰ ਅਮਰੀਕਾ ਦੇ ਕੈਲੇਫੋਰਨੀਆਂ ਰਾਜ ਦੀ ਸੈਂਡੀਆਗੋ ਯੂਨੀਵਰਸਿਟੀ ਵਿੱਚ ਅੰਗਰੇਜੀ ਦੇ ਪ੍ਰੋਫ਼ੈਸਰ ਹਨ ਉਨ੍ਹਾਂ ਨੂੰ ਛੱਡ ਗਏ ਹਨ।
ਉਨ੍ਹਾਂ ਦੀ ਯਾਦ ਵਿੱਚ ਅੰਤਮ ਅਰਦਾਸ 9 ਜੁਲਾਈ 2021 ਦਿਨ ਸ਼ੁਕਰਵਾਰ ਨੂੰ ਸ੍ਰੀ ਗੁਰੂ ਤੇਗ ਬਹਾਦਰ ਗੁਰਦੁਆਰਾ ਫਾਟਕ ਨੰਬਰ 23 ਪਟਿਆਲਾ ਵਿਖੇ ਦੁਪਹਿਰ 12-00 ਤੋਂ 1-00 ਵਜੇ ਦੇ ਦਰਮਿਆਨ ਹੋਵੇਗੀ।