ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਡ ਵਿੱਚ ਗਲਾਸਗੋ ਨੇੜੇ ਇੱਕ ਸ਼ਾਪਿੰਗ ਸੈਂਟਰ ਨੇ ਆਪਣੀ ਛੱਤ ‘ਤੇ 200,000 ਤੋਂ ਵੱਧ ਮਧੂ ਮੱਖੀਆਂ ਨੂੰ ਪਾਲਣ ਲਈ ਬਕਸੇ ਰੱਖੇ ਹਨ। ਈਸਟ ਕਿਲਬਰਾਈਡ ਦੇ ਈ ਕੇ ਸ਼ਾਪਿੰਗ ਸੈਂਟਰ ਨੇ ਮਧੂ ਮੱਖੀਆਂ ਤੋਂ ਵਾਤਾਵਰਣ ਸੰਬੰਧੀ ਲਾਭ, ਵਿਦਿਅਕ ਮੌਕੇ ਅਤੇ ਆਉਣ ਵਾਲੇ ਮਹੀਨਿਆਂ ਵਿੱਚ ਸ਼ਹਿਦ ਲੈਣ ਦੇ ਉਦੇਸ਼ ਨਾਲ ਬਕਸਿਆਂ ਨੂੰ ਛੱਤ ‘ਤੇ ਰੱਖਿਆ ਹੈ।
ਇਸ ਸ਼ਾਪਿੰਗ ਸੈਂਟਰ ਨੇ ਸਕਾਟਲੈਂਡ ਦੀ ਸ਼ਹਿਦ ਕੰਪਨੀ ਵੈਬਸਟਰ ਹਨੀ ਨਾਲ ਮਿਲ ਕੇ ਇਹ ਕਾਰਵਾਈ ਕੀਤੀ ਹੈ। ਸ਼ਾਪਿੰਗ ਸੈਂਟਰ ਅਧਿਕਾਰੀਆਂ ਨੇ ਦੱਸਿਆ ਕਿ ਮਧੂਮੱਖੀਆਂ ਕੁਦਰਤ ਦਾ ਸਭ ਤੋਂ ਉੱਤਮ ਜੀਵ ਹਨ ਜੋ ਦਰੱਖਤਾਂ, ਪੌਦਿਆਂ ਅਤੇ ਫੁੱਲਾਂ ਨੂੰ ਪਰਾਗਿਤ ਕਰਨ ਲਈ ਤਿੰਨ ਮੀਲ ਤੱਕ ਉਡਾਣ ਭਰਦੀਆਂ ਹਨ , ਜਿਸ ਨਾਲ ਵਾਤਾਵਰਣ ਵਿਚਲੀ ਕਾਰਬਨ ਡਾਈਆਕਸਾਈਡ ਆਕਸੀਜਨ ਵਿੱਚ ਬਦਲਦੀ ਹੈ। ਇਸ ਲਈ ਸ਼ਾਪਿੰਗ ਸੈਂਟਰ ਦੀ ਛੱਤ ‘ਤੇ ਰੱਖੀਆਂ ਮਧੂਮੱਖੀਆਂ ਈ ਕੇ ਦੇ ਆਸ ਪਾਸ ਦੇ ਬਹੁਤ ਸਾਰੇ ਸਥਾਨਾਂ ਲਈ ਵਾਤਾਵਰਣ ਸੰਬੰਧੀ ਲਾਭ ਦੇ ਸਕਦੀਆਂ ਹਨ। ਜਿਸ ਵਿੱਚ ਜੇਮਜ਼ ਹੈਮਿਲਟਨ ਹੈਰੀਟੇਜ ਪਾਰਕ, ਕੈਲਡਰਗਲੇਨ ਕੰਟਰੀ ਪਾਰਕ ਸ਼ਾਮਲ ਹਨ। ਵੈਬਸਟਰ ਹਨੀ ਦੇ ਮੈਨੇਜਿੰਗ ਡਾਇਰੈਕਟਰ ਡੈਨੀਅਲ ਵੈਬਸਟਰ ਨੇ ਦੱਸਿਆ ਕਿ ਉਹ ਈ ਕੇ, ਈਸਟ ਕਿਲਬ੍ਰਾਈਡ ਨਾਲ ਜੁੜਨ ਲਈ ਬਹੁਤ ਉਤਸ਼ਾਹਤ ਹਨ। ਇਸ ਸੈਂਟਰ ਉੱਪਰ ਰੱਖੀਆਂ ਮੱਖੀਆਂ ਦੀ ਚੰਗੀ ਤਰ੍ਹਾਂ ਦੇਖਭਾਲ ਲਈ ਕੰਪਨੀ ਦੇ ਕਰਮਚਾਰੀਆਂ ਵੱਲੋਂ ਲਗਾਤਾਰ ਉਹਨਾਂ ਦੀ ਜਾਂਚ ਵੀ ਕੀਤੀ ਜਾਵੇਗੀ।