ਹੱਸ-ਹੱਸ ਸੇਵਾ ਕਰਦੀਆਂ ਨਰਸਾਂ
ਦਸਤਾਨੇਂ ਹੱਥੀਂ ਪਾ ਕੇ ਰੱਖਣ।
ਮੁੱਖ਼ ਤੇ ਮਾਸਕ ਲਾ ਕੇ ਰੱਖਣ।
ਸਿਰ ਆਪਣੇ ਤੇ ਕੈਪ ਸਜਾ ਕੇ,
ਹੱਸਦੀਆਂ-ਮੁਸਕ੍ਰਾਉਂਦੀਆਂ ਨਰਸਾਂ।
ਦੁੱਖ ਸਾਗਰ ਵੀ ਤਰਦੀਆਂ ਨਰਸਾਂ।
ਬੈਜ ਵੀ ਚੱਮਕੇ ਵਰਦੀ ਉੱਤੇ।
ਸਰਦੀ ਵਿਚ ਤੇ ਗਰਮੀਂ ਰੁੱਤੇ।
ਮੋਰਾਂ ਜਿਹੀ ਤੋਰ ਇਨ੍ਹਾਂ ਦੀ,
ਪੈਰ ਅਗਾਂਹ ਨੂੰ ਧਰਦੀਆਂ ਨਰਸਾਂ।
ਬੀਮਾਰਾਂ ਤੋਂ ਨਾ ਡਰਦੀਆਂ ਨਰਸਾਂ।
ਇਹ ਮਿੱਠਾ-ਮਿੱਠਾ ਬੋਲਦੀਆਂ।
ਦੁੱਖ ‘ਚ ਮਿਸ਼ਰੀ ਘੋਲਦੀਆਂ।
ਰੋਂਦੇ ਤਾਈਂ ਹੱਸਾਉਂਦੀਆਂ ਨੇ,
ਜੋ ਧੀਆਂ ਸਾਡੇ ਘਰ ਦੀਆਂ ਨਰਸਾਂ।
ਮਰੀਜਾਂ ਦੀ ਸੇਵਾ ਕਰਦੀਆਂ ਨਰਸਾਂ।
ਬਖ਼ਸ਼ੀਂ ਮਾਣ ਇਨ੍ਹਾਂ ਨੂੰ ਦਾਤਾ।
ਵਸਦਾ ਇਨ੍ਹਾਂ ਵਿਚ ਵਿਧਾਤਾ।
ਸੱਚ-ਮੁੱਚ ਇਹ ਰੂਪ ਰੱਬ ਦਾ,
ਰਹਿਮ ਬੜਾ ਹੀ ਕਰਦੀਆਂ ਨਰਸਾਂ।
ਨਾ ਅੱਖੀਉਂ ਹੰਝੂ ਭਰਦੀਆਂ ਨਰਸਾਂ।
ਮਹਾਂਮਾਰੀ ਜਾਂ ਹੋਏ ਲੜਾਈ।
ਜੋਖ਼ਮ ‘ਚ ਵੀ ਜਾਨ ਹੈ ਪਾਈ।
ਮੁਸ਼ਕਿਲ ਜਦ ਦੇਸ਼ ਤੇ ਆਈ,
ਕਦੇ ਨਾ ਪਿੱਠ ਵਿਖਾਂਦੀਆਂ ਨਰਸਾਂ।
ਮਲ੍ਹਮ ਜ਼ਖ਼ਮ ਤੇ ਧਰਦੀਆਂ ਨਰਸਾਂ।
ਵੇਖੋ ਇਨ੍ਹਾਂ ਦਾ ਰੁੱਤਬਾ ਉੱਚਾ।
ਕਿਰਦਾਰ ਵੀ, ਸੱਚਾ- ਸੁੱਚਾ।
ਇਨ੍ਹਾਂ ਦਾ ਵੀ ਆਦਰ ਕਰੀਏ,
ਜੋ,ਦਰਦ ਅਸਾਡੇ ਜਰਦੀਆਂ ਨਰਸਾਂ।
ਇਹ ਅਰਸ਼ੋਂ ਉੱਤਰ ਆਈਆਂ ਨਰਸਾਂ।
ਜਾਤ-ਪਾਤ, ਨਸਲਾਂ ਤੋਂ ਦੂਰ।
ਮਾਨਵਤਾ ਦਾ ਚੜ੍ਹੇ ਸਰੂਰ।
ਆਪਣਾ ਪੂਰਾ ਫ਼ਰਜ਼ ਨਿਭਾਣ,
ਜ਼ਿੰਦਗ਼ੀ ਵਿਚ ਨਾ ਹਰਦੀਆਂ ਨਰਸਾਂ।
ਜੁਗ-ਜੁਗ ਜੀਣ ਪਿਆਰੀਆਂ ਨਰਸਾਂ।
‘ਸੁਹਲ’ ਉੱਚਾ ਰਹੇ ਨਿਸ਼ਾਨ।
ਨਰਸਾਂ ਸਾਡੀ ਆਨ ਤੇ ਸ਼ਾਨ।
ਸੇਵਾ ਦਾ ਫ਼ਲ ਮਿੱਠਾ ਪਾਵਣ,
ਮੇਰੇ ਕੁੱਲ ਜਹਾਨ ਦੀਆਂ ਨਰਸਾਂ।
ਜੋ,ਸੇਵਾ ਹੱਸ-ਹੱਸ ਕਰਦੀਆਂ ਨਰਸਾਂ।