ਸਰੀ, (ਹਰਦਮ ਮਾਨ) – ਪਿਛਲੇ ਮਹੀਨੇ ਅੱਗ ਲੱਗਣ ਕਾਰਨ ਸੜ ਕੇ ਸੁਆਹ ਹੋਏ ਬ੍ਰਿਟਿਸ਼ ਕੋਲੰਬੀਆ ਦੇ ਲਿਟਨ ਪਿੰਡ ਵਿਚ ਲੋਕਾਂ ਦੇ ਮੁੜ ਵਸੇਬੇ ਲਈ “ਸੈਨ ਗਰੁੱਪ” ਦੇ ਮਾਲਕ ਦੋ ਪੰਜਾਬੀ ਭਰਾਵਾਂ ਕਮਲ ਸੰਘੇੜਾ ਅਤੇ ਸੁੱਖੀ ਸੰਘੇੜਾ ਨੇ ਵੱਡੀ ਮਦਦ ਕਰਨ ਦਾ ਐਲਾਨ ਕਰਦਿਆਂ ਕਿਹਾ ਹੈ ਕਿ ਇਸ ਪਿੰਡ ਵਿਚ 50 ਘਰਾਂ ਦੀ ਮੁੜ ਉਸਾਰੀ ਵਾਸਤੇ ਉਹ ਆਪਣੀ ਕੰਪਨੀ ਵੱਲੋਂ ਲੋੜੀਂਦੀ ਲੱਕੜ ਅਤੇ ਹੋਰ ਸਾਮਾਨ ਦੇਣਗੇ।
ਸੰਘੇੜਾ ਭਰਾਵਾਂ ਨੇ ਕਿਹਾ ਹੈ ਕਿ ਉਨ੍ਹਾਂ ਨੇ ਲਿਟਨ ਪਿੰਡ ਵਿੱਚ ਲੱਗੀ ਅੱਗ ਕਾਰਨ ਸੜ ਰਹੇ ਮਕਾਨਾਂ, ਗਾਰਡਨ ਅਤੇ ਗਲੀਆਂ ਦਾ ਦੁਖਾਂਤ ਉਨ੍ਹਾਂ ਤਸਵੀਰਾਂ ਅਤੇ ਵੀਡੀਓ ਰਾਹੀਂ ਵੇਖਿਆ ਹੈ। ਉਹ ਉੱਥੋਂ ਉਜੜੇ ਲੋਕਾਂ ਦਾ ਦਰਦ ਪਛਾਣਦੇ ਹਨ। ਉਨ੍ਹਾਂ ਨੂੰ ਲਿਟਨ ਵਾਸੀਆਂ ਨਾਲ ਦਿਲੀ ਹਮਦਰਦੀ ਹੈ ਅਤੇ ਉਹ ਉਨ੍ਹਾਂ ਦੀ ਹਰ ਸੰਭਵ ਮਦਦ ਕਰਨਗੇ।
ਜ਼ਿਕਰਯੋਗ ਹੈ ਕਿ ਲੈਂਗਲੀ ਸ਼ਹਿਰ ਦੇ ਸੈਨ ਗਰੁੱਪ ਕੋਲ ਬਹੁਤ ਸਾਰੀਆਂ ਆਰਾ ਮਿੱਲਾਂ ਹਨ ਅਤੇ ਪੋਰਟ ਅਲਬਰਨੀ ਵਿਚ ਇੱਕ ਪੁਨਰ ਨਿਰਮਾਣ ਪਲਾਂਟ ਹੈ।