ਮੈਨੂੰ ਵੀ ਦੇਂਦੇ ਸ਼ਿਵ,
ਤੂੰ ਥੋੜਾ ਦਰਦ ਉਧਾਰ ।
ਮੇਰਾ ਵੀ ਰੁੱਸਿਆ ਏ,
ਇੱਕ ਸ਼ਿਕਰੇ ਵਰਗਾ ਯਾਰ ।
ਮਾਰ ਉਡਾਰੀ ਓ ਐਸਾ ਉੱਡਿਆ,
ਨੀ ਰਲ ਕੂੰਜਾਂ ਦੀ ਵਿੱਚ ਡਾਰ ।
ਚੂਰੀ ਦਿਲ ਦਾ ਮਾਸ ਵੀ ਪਾਵਾਂ,
ਤੇ ਨਾ ਹੀ ਤੱਕੇ ਓ ਹਾਰ ਸ਼ਿੰਗਾਰ ।
ਓਹਦੇ ਪੈਰੀਂ ਝਾਂਜਰ ਤੇ ਮਟਕਵੀਂ ਤੋਰ,
ਤੇ ਕਰੇ ਨਖ਼ਰੇ ਲੱਖ ਹਜ਼ਾਰ ।
ਓਹਦੀ ਅੱਖ ਨਸ਼ੀਲੀ, ਰਮਜ਼ ਹੱਠੀਲੀ,
ਤੇ ਉਹ ਵੱਸੇ ਸੱਤ-ਸਮੁੰਦਰੋਂ ਪਾਰ ।
ਓਦੇ ਆਵਣੇ ਦੀ ਨਿੱਤ ਬਿੜਕ ਵੀ ਰੱਖਾਂ,
ਪੱਕੇ ਜਿਉਂ ਕੌਲ ਕਰਾਰ ।
ਵਾਦੇ ਕਰ ਮਿਲਣੇ ਨਾ ਆਵੇ ,
ਤੇ ਕਰੇ ਡਾਹਢੇ ਅੱਤਿਆਚਾਰ ।
ਲੱਖ ਮਨਾਵਾਂ, ਤਰਲੇ ਪਾਵਾਂ,
ਨੀ ਓਹ ਅਣਖਾਂ ਦਾ ਸਰਦਾਰ ।
ਰਾਤੀਂ ਗਲ ਲੱਗ ਘੁੱਟ-ਘੁੱਟ ਮਿਲਦਾ,
ਦਿਨੇ ਦਿਲ ਰੋਵੇ ਜਾਰੋ-ਜਾਰ ।
ਉਹ ਜਦ ਵੀ ਆਵੇ ਪਲ਼ੀਂ ਉੱਡ ਜਾਵੇ,
ਨੀ ਕਿਸੇ ਅੱਥਰੀ ਹਵਾ ਦਾ ਅਸਵਾਰ ।
ਲਿਖ ਸੁਨੇਹੇ ਰੁੱਤਾਂ ਹੱਥ ਘੱਲੇ,
ਨੀ ਮੈਂ ਸੌ-ਸੌ ਜਿੰਦੜੀ ਵਾਰ ।
ਮੌਸਮ ਬਦਲ, ਬਦਲ ਓਹ ਜਾਵੇ,
ਤੇ ਓਹਦਾ ਸੰਗ ਪਰਵਾਸਾਂ ਪਿਆਰ ।
ਓਹਦੇ ਵੱਸਲ ਦਾ ਮੁੱਲ ਹਯਾਤੀ ਮੇਰੀ,
ਮੈਂ ਹੋਜਾਂ ਸਾਗਰ-ਜ਼ਿੰਦਗੀ ਤੋਂ ਪਾਰ,
ਓ ਹੁਣ ਜਦ ਕਦੇ ਆਵੇ ਕਹਿਣਾ ਮਿਲ ਕੇ ਜਾਵੇ,
ਘਰ ਮੇਰਾ ਕਬਰਾਂ ਦੇ ਵਿਚਕਾਰ ,
ਹੁਣ,,ਘਰ ਮੇਰਾ ਕਬਰਾਂ ਦੇ ਵਿਚਕਾਰ ।