ਅੰਮ੍ਰਿਤਸਰ - ਸ਼੍ਰੋਮਣੀ ਕਮੇਟੀ ਵੱਲੋਂ ਧਰਮ ਪ੍ਰਚਾਰ ਕਮੇਟੀ ਦੇ ਪ੍ਰਬੰਧਾਂ ਅਧੀਨ ਸੇਵਾ ਨਿਭਾਅ ਰਹੇ ਹੈੱਡ ਗ੍ਰੰਥੀ, ਗ੍ਰੰਥੀ ਸਿੰਘਾਂ, ਕਥਾਵਾਚਕਾਂ ਤੇ ਪ੍ਰਚਾਰਕਾਂ ਨੂੰ ਦੋ ਮਹੀਨੇ ਅੰਦਰ ਨਿੱਤਨੇਮ ਦੀਆਂ ਬਾਣੀਆਂ ਕੰਠ ਕਰਨ ਦੇ ਜਾਰੀ ਕੀਤੇ ਆਦੇਸ਼ ਪ੍ਰਤੀ ਹਾਂ ਪੱਖੀ ਹੁੰਗਾਰਾ ਭਰਦਿਆਂ ਫੈਡਰੇਸ਼ਨ ਆਗੂ ਪ੍ਰੋ: ਸਰਚਾਂਦ ਸਿੰਘ ਨੇ ਉਕਤ ਮਰਯਾਦਾ ਦੇ ਦਾਇਰੇ ‘ਚ ਸ਼੍ਰੋਮਣੀ ਕਮੇਟੀ ਮੈਂਬਰਾਂ ਅਤੇ ਅਧਿਕਾਰੀਆਂ ਨੂੰ ਵੀ ਸ਼ਾਮਿਲ ਕਰਦਿਆਂ ਕਿਸੇ ਵੀ ਵਿਅਕਤੀ ਵੱਲੋਂ ਦਾੜ੍ਹੀ/ ਕੇਸ ਰੰਗਣ ਜਾਂ ਰੋਮਾਂ ਦੀ ਬੇਅਦਬੀ ਕਰਨ ਪ੍ਰਤੀ ਸÇaਕਾਇਤਾਂ ‘ਤੇ ਵੀ ਨਜ਼ਰ ਰੱਖਦਿਆਂ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਇਹ ਸਵਾਲ ਵੀ ਉਠਾਇਆ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਆਦੇਸ਼ ‘ਤੇ ਜਾਰੀ ਉਕਤ ਸਰਕੁਲਰ ਵਿਚ ਇਹ ਨਹੀਂ ਦੱਸਿਆ ਗਿਆ ਕਿ ਅੰਮ੍ਰਿਤ ਵੇਲੇ ਦੀ ਨਿੱਤਨੇਮ ‘ਚ ‘ ਮੌਜੂਦਾ ਸਿੱਖ ਰਹਿਤ ਮਰਯਾਦਾ‘‘ ਮੁਤਾਬਿਕ ਤਿੰਨ ਬਾਣੀਆਂ ਹੀ ਹਨ ਜਾਂ ਫਿਰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਆਦੇਸ਼ ਮੁਤਾਬਿਕ ਪੰਚ ਬਾਣੀਆਂ ਕੰਠ ਕਰਨੀਆਂ ਹਨ? ਉਨ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਵੱਲੋਂ 36 ਸਾਲ ਪਹਿਲਾਂ ਭਾਵ ਮਿਤੀ 28 ਅਪ੍ਰੈਲ 1985 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਚ ਸਿੰਘ ਸਾਹਿਬਾਨ ਵੱਲੋਂ ‘ਸਿੱਖ ਰਹਿਤ ਮਰਯਾਦਾ‘ ਦੇ ਪੰਨਾ 9 ਅਤੇ 26 ਉੱਪਰ ਨਿੱਤਨੇਮ ਦੀਆਂ ਬਾਣੀਆਂ ਵਿਚ ਸੋਧ ਕਰਦਿਆਂ ਜਪ, ਜਾਪੁ, 10 ਸਵੱਯੇ ( ਸ੍ਰਾਵਗ ਸੁਧ ਵਾਲੇ) , ਦੇ ਨਾਲ ਬੇਨਤੀ ਚੌਪਈ ਅਤੇ ਅਨੰਦ ਸਾਹਿਬ ਨੂੰ ਸ਼ਾਮਿਲ ਕਰਨ ਬਾਰੇ ਜਾਰੀ ਹੁਕਮਨਾਮੇ ‘ਤੇ ਅੱਜ ਤਕ ਅਮਲ ਨਾ ਕਰਨ ਪ੍ਰਤੀ ਧਿਆਨ ਦਿਵਾਉਂਦਿਆਂ ਕਿਹਾ ਕਿ ਕੀ ਸ਼੍ਰੋਮਣੀ ਕਮੇਟੀ ਦੇ ਕਿਸੇ ਵੀ ਪ੍ਰਧਾਨ ਲਈ ਇਹ ਜ਼ਰੂਰੀ ਨਹੀਂ ਹੈ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹਰ ਆਦੇਸ਼ ਬਾਰੇ ਸੰਜੀਦਗੀ ਦਿਖਾਵੇ? ਉਨ੍ਹਾਂ ਕਿਹਾ ਕਿ ‘ਸਿੱਖ ਰਹਿਤ ਮਰਯਾਦਾ‘ ‘ਚ ਸੋਧ ਨਾ ਕਰਨ ਅਤੇ ਨਿੱਤਨੇਮ ਦੀਆਂ ਬਾਣੀਆਂ ਵਿਚ ਬੇਨਤੀ ਚੌਪਈ ਅਤੇ ਅਨੰਦ ਸਾਹਿਬ ਨੂੰ ਹੁਣ ਤਕ ਸ਼ਾਮਿਲ ਨਾ ਕਰਨ ਦੇ ਸ਼੍ਰੋਮਣੀ ਕਮੇਟੀ ਦੇ ਵਤੀਰੇ ਪ੍ਰਤੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਖ਼ਾਮੋਸ਼ੀ ਧਾਰਨ ਦੀ ਥਾਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੁਕਮਨਾਮੇ ਨੂੰ ਹਰ ਹਾਲ ‘ਚ ਲਾਗੂ ਕਰਾਉਣ ਦੀ ਜ਼ਿੰਮੇਵਾਰੀ ਹੈ।
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 36 ਸਾਲ ਪਹਿਲਾਂ ਜਾਰੀ ਹੁਕਮਨਾਮੇ ‘ਤੇ ਬੀਬੀ ਜਗੀਰ ਕੌਰ ਅਮਲ ਕਰੇ : ਪ੍ਰੋ: ਸਰਚਾਂਦ ਸਿੰਘ
This entry was posted in ਪੰਜਾਬ.