ਸਰੀ, (ਹਰਦਮ ਮਾਨ) – ਪ੍ਰਸਿੱਧ ਪੰਜਾਬੀ ਸ਼ਾਇਰ ਗੁਰਭਜਨ ਗਿੱਲ ਦੀਆਂ ਦੋ ਨਵ-ਪ੍ਰਕਾਸ਼ਿਤ ਪੁਸਤਕਾਂ “ਸੁਰਤਾਲ” ਅਤੇ “ਚਰਖੜੀ” ਰਿਲੀਜ਼ ਕਰਨ ਹਿਤ ਸਰੀ ਵਿਖੇ ਇਕ ਸੰਖੇਪ ਪ੍ਰੋਗਰਾਮ ਕਰਵਾਇਆ ਗਿਆ। ਸੁਰਜੀਤ ਸਿੰਘ ਮਾਧੋਪੁਰੀ ਅਤੇ ਮੋਹਨ ਗਿੱਲ ਦੀਆਂ ਕੋਸ਼ਿਸ਼ਾਂ ਸਦਕਾ ਰਚਾਏ ਇਸ ਪ੍ਰੋਗਰਾਮ ਵਿਚ ਕੁਝ ਚੋਣਵੇਂ ਸਾਹਿਤਕਾਰ ਅਤੇ ਗੁਰਭਜਨ ਗਿੱਲ ਨਾਲ ਨਿੱਘਾ ਸਿਨੇਹ ਰੱਖਣ ਵਾਲੇ ਦੋਸਤ ਸ਼ਾਮਲ ਹੋਏ। ਇਸ ਪ੍ਰੋਗਰਾਮ ਵਿਚ ਲੁਧਿਆਣਾ ਤੋਂ ਗੁਰਭਜਨ ਗਿੱਲ ਨੂੰ ਜ਼ੂਮ ਰਾਹੀਂ ਜੋੜਿਆ ਗਿਆ।
ਪ੍ਰੋਗਰਾਮ ਦਾ ਆਗਾਜ਼ ਸੁਰਜੀਤ ਸਿੰਘ ਮਾਧੋਪੁਰੀ ਦੇ ਸਵਾਗਤੀ ਸ਼ਬਦਾਂ ਨਾਲ ਹੋਇਆ। ਫਿਰ ਕੁਲਦੀਪ ਗਿੱਲ ਨੇ ਚਰਖੜੀ ਪੁਸਤਕ ਵਿੱਚਲੀਆਂ ਚੋਣਵੀਆਂ ਕਵਿਤਾਵਾਂ ਨੂੰ ਆਪਣੇ ਨਜ਼ਰੀਏ ਤੋਂ ਵਾਚਦਿਆਂ ਕਿਹਾ ਕਿ ਗੁਰਭਜਨ ਗਿੱਲ ਨੇ ਸਮਾਜ ਵਿਚਲੀਆਂ ਬੁਰਾਈਆਂ, ਧੱਕੇਸ਼ਾਹੀਆਂ, ਚੁਣੌਤੀਆਂ ਪ੍ਰਤੀ ਨਿਧੜਕ ਹੋ ਕੇ ਕਵਿਤਾ ਰਾਹੀਂ ਹਮੇਸ਼ਾ ਆਪਣੀ ਆਵਾਜ਼ ਬੁਲੰਦ ਕੀਤੀ ਹੈ। ਕੁਲਦੀਪ ਗਿੱਲ ਨੇ ਕੁਝ ਕਵਿਤਾਵਾਂ ਵੀ ਪੜ੍ਹੀਆਂ ਅਤੇ ਉਨ੍ਹਾਂ ਦੇ ਸੰਦਰਭ ਵਿਚ ਚਰਚਾ ਵੀ ਕੀਤੀ। ਮੋਹਨ ਗਿੱਲ, ਜਰਨੈਲ ਸਿੰਘ ਸੇਖਾ, ਰਾਏ ਅਜ਼ੀਜ ਉਂਲਾ ਖਾਨ, ਡਾ. ਪ੍ਰਿਥੀਪਾਲ ਸਿੰਘ ਸੋਹੀ, ਸੁਖਵਿੰਦਰ ਸਿੰਘ ਚੋਹਲਾ, ਹਰਦਮ ਸਿੰਘ ਮਾਨ, ਅੰਗਰੇਜ਼ ਬਰਾੜ ਅਤੇ ਸੁੱਖੀ ਬਾਠ ਨੇ ਗੁਰਭਜਨ ਗਿੱਲ ਨੂੰ ਵਾਹਿਦ ਪੰਜਾਬੀ ਸ਼ਾਇਰ ਕਿਹਾ ਜਿਸ ਦੀਆਂ ਕਵਿਤਾਵਾਂ ਦਾ ਸੰਚਾਰ ਆਮ ਆਦਮੀ ਤੱਕ ਹੁੰਦਾ ਹੈ। ਉਨ੍ਹਾਂ ਦੀਆਂ ਚਰਚਿਤ ਕਵਿਤਾਵਾਂ ਲੋਰੀ, ਨੰਦੋ ਬਾਜ਼ੀਗਰਨੀ, ਡਾਰਵਿਨ ਝੂਠ ਬੋਲਦਾ ਹੈ ਆਦਿ ਦਾ ਵਿਸ਼ੇਸ਼ ਜ਼ਿਕਰ ਕੀਤਾ ਗਿਆ।
ਪ੍ਰਸਿੱਧ ਸ਼ਾਇਰ ਨਵਤੇਜ ਭਾਰਤੀ, ਅਜਮੇਰ ਰੋਡੇ, ਜਰਨੈਲ ਸਿੰਘ ਆਰਟਿਸਟ, ਜਗਜੀਤ ਸੰਧੂ, ਕਰਮਜੀਤ ਸਿੰਘ ਬੁੱਟਰ, ਡਾ. ਰੁਸਤਮ ਸਿੰਘ ਗਿੱਲ, ਰਛਪਾਲ ਗਿੱਲ, ਜਸਬੀਰ ਗੁਣਾਚੌਰੀਆ, ਜਸਕਰਨ ਜੱਸੀ, ਸੁਖਦੀਪ ਸਿੰਘ ਗਿੱਲ ਨੇ ਵੀ ਦੋਹਾਂ ਪੁਸਤਕਾਂ ਦੀ ਪ੍ਰਕਾਸ਼ਨਾਂ ਲਈ ਗੁਰਭਜਨ ਗਿੱਲ ਨੂੰ ਮੁਬਾਰਕਬਾਦ ਦਿੱਤੀ। ਸੁਰਜੀਤ ਸਿੰਘ ਮਾਧੋਪੁਰੀ ਨੇ “ਸੁਰਤਾਲ” ਵਿਚਲੀਆਂ ਦੋ ਗ਼ਜ਼ਲਾਂ ਨੂੰ ਤਰੰਨੁਮ ਵਿਚ ਪੇਸ਼ ਕਰਕੇ ਪ੍ਰੋਗਰਾਮ ਨੂੰ ਸਿਖਰ ਤੇ ਪੁਚਾਇਆ।
ਅੰਤ ਵਿਚ ਗੁਰਭਜਨ ਗਿੱਲ ਨੇ ਆਪਣੇ ਧੰਨਵਾਦੀ ਸ਼ਬਦਾਂ ਵਿਚ ਕਿਹਾ ਕਿ ਮੇਰਾ ਸੁਭਾਗ ਕਿ ਏਨੀ ਮੁਹੱਬਤ ਦੇਣ ਵਾਲੇ ਬੇਲੀਆਂ ਦਾ ਕਾਫ਼ਲਾ ਗ਼ੈਰਹਾਜ਼ਰੀ ਚ ਵੀ ਪੁਸਤਕਾਂ ਦੀ ਘੁੰਡ ਚੁਕਾਈ ਦਾ ਜਸ਼ਨ ਮਨਾ ਰਿਹਾ ਹੈ। ਇਸ ਕਿਤਾਬ ਨੂੰ ਕੋਵਿਡ ਕਾਰਨ ਭਾਰਤ ਵਿਚ ਕਿਤੇ ਵੀ ਲੋਕ ਅਰਪਨ ਸਮਾਰੋਹ ਵਿਚ ਪੇਸ਼ ਨਹੀਂ ਕੀਤਾ ਗਿਆ ਪਰ ਕੈਨੇਡਾ ਬੈਠੇ ਸਭ ਸੱਜਣ ਬੇਲੀ ਬੜੇ ਚਾਅ ਨਾਲ ਪੜ੍ਹ ਰਹੇ ਹਨ। ਉਨ੍ਹਾਂ ਸਿੰਘ ਬਰਦਰਜ਼ ਅੰਮ੍ਰਿਤਸਰ ਤੋਂ ਦੋਵੇਂ ਪੁਸਤਕਾਂ ਮੰਗਵਾ ਕੇ ਕੈਨੇਡਾ ਵਿਚ ਇਸ ਦਾ ਲੋਕ ਅਰਪਨ ਕਰਨ ਲਈ ਸੁਰਜੀਤ ਸਿੰਘ ਮਾਧੋਪੁਰੀ ਅਤੇ ਮੋਹਨ ਗਿੱਲ ਦਾ ਵਿਸ਼ੇਸ਼ ਧੰਨਵਾਦ ਕੀਤਾ।