ਮਾਨਾਵਾਲਾ/ ਅੰਮ੍ਰਿਤਸਰ – ਖੇਤੀ ਬਾਰੇ ਕਾਲੇ ਕਾਨੂੰਨਾਂ ਨੂੰ ਨਾਲ ਰੱਦ ਕਰਾਉਣ ਲਈ ਲੜੇ ਜਾ ਰਹੇ ਸੰਘਰਸ਼ ਦੌਰਾਨ ਬੀਤੇ ਦਿਨੀਂ ਆਪਾ ਵਾਰ ਗਏ ਸੰਤ ਬਾਬਾ ਜਸਪਾਲ ਸਿੰਘ ਕਾਰਸੇਵਾ ਮੰਜੀ ਸਾਹਿਬ, ਡੇਰਾ ਚਮਰੰਗ ਰੋਡ ਨਮਿਤ ਮਾਨਾਵਾਲਾ ਵਿਖੇ ਸਹਿਜ ਪਾਠ ਦੇ ਭੋਗ ਉਪਰੰਤ ਸ਼ਰਧਾਂਜਲੀ ਸਮਾਰੋਹ ਕੀਤਾ ਗਿਆ। ਜਿਸ ਨੂੰ ਕਿਸਾਨ ਆਗੂਆਂ ਅਤੇ ਪੰਥਕ ਸ਼ਖ਼ਸੀਅਤਾਂ ਨੇ ਸੰਬੋਧਨ ਕੀਤਾ ਅਤੇ ਕਿਸਾਨ ਸੰਘਰਸ਼ ਨੂੰ ਫ਼ਤਿਹਯਾਬੀ ਤਕ ਲੈ ਕੇ ਜਾਣ ਦਾ ਅਹਿਦ ਕੀਤਾ ਗਿਆ।
ਜੀ ਟੀ ਰੋਡ ਮਾਨਾਵਾਲਾ ਕੋਲ ਕਿਸਾਨ ਸੰਘਰਸ਼ ਦੀ ਫ਼ਤਿਹਯਾਬੀ ਲਈ ਸਹਿਜ ਪਾਠਾਂ ਦੀ ਲੜੀ ਚਲਾ ਰਹੇ ਸੰਤ ਬਾਬਾ ਜਸਪਾਲ ਸਿੰਘ ਜੀ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਪ੍ਰੋ: ਸਰਚਾਂਦ ਸਿੰਘ ਖ਼ਿਆਲਾ ਅਤੇ ਭਾਈ ਇਕਬਾਲ ਸਿੰਘ ਤੰਗ ਨੇ ਕਿਹਾ ਕਿ ਨਾਮ ਦੇ ਰਸੀਏ ਬਾਬਾ ਜਸਪਾਲ ਸਿੰਘ ਜੀ ਦੇ ਦਿਲ ਵਿਚ ਕਿਸਾਨੀ ਪ੍ਰਤੀ ਅਥਾਹ ਦਰਦ ਸੀ ਅਤੇ ਕਿਸਾਨਾਂ ਦੀ ਸਥਿਤੀ ਬਾਰੇ ਬਹੁਤ ਚਿੰਤਤ ਸੀ। ਉਨ੍ਹਾਂ ਤੋਂ ਕਿਸਾਨੀ ਦਾ ਦਰਦ ਵੇਖਿਆ ਨਹੀਂ ਜਾ ਰਿਹਾ ਸੀ, ਕਿਸਾਨਾਂ ਦਾ ਆਪਣੇ ਹੱਕ ਲੈਣ ਲਈ ਸੜਕਾਂ ‘ਤੇ ਪਰੇਸ਼ਾਨ ਹੋਣਾ ਉਸ ਨੂੰ ਬਹੁਤ ਦੁਖੀ ਕਰਨ ਵਾਲਾ ਰਿਹਾ । ਉਹ ਕਿਸਾਨੀ ਸੰਘਰਸ਼ ਦੀ ਜਿੱਤ ਦੇ ਚਾਹਵਾਨ ਸਨ ਅਤੇ ਕਿਸਾਨ ਸੰਘਰਸ਼ ਪ੍ਰਤੀ ਤਨ ਮਨ ਅਤੇ ਧੰਨ ਨਾਲ ਸਮਰਪਿਤ ਸਨ। ਉਨ੍ਹਾਂ ਕਿਸਾਨੀ ਸੰਘਰਸ਼ ਦੀ ਕਾਮਯਾਬੀ ਲਈ ਗੁਰੂ ਸਾਹਿਬ ਦਾ ਓਟ ਆਸਰਾ ਲਿਆ ਅਤੇ ਦੂਜਿਆਂ ’ਚ ਵੀ ਇਸ ਪ੍ਰਤੀ ਉਤਸ਼ਾਹ ਪੈਦਾ ਕਰਦੇ ਰਹੇ। ਉਨ੍ਹਾਂ ਦੀ ਬੇਵਕਤੀ ਵਿਛੋੜੇ ਨਾਲ ਕਿਸਾਨੀ ਸੰਘਰਸ਼ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਨ੍ਹਾਂ ਨੇ ਕਿਹਾ ਕਿ ਬਾਬਾ ਜਸਪਾਲ ਸਿੰਘ ਜੀ ਦੀ ਸ਼ਹੀਦੀ ਸਦਾ ਯਾਦ ਰੱਖੀ ਜਾਵੇਗੀ ਅਤੇ ਉਨ੍ਹਾਂ ਵੱਲੋਂ ਆਰੰਭੇ ਗਈ ਸੰਘਰਸ਼ ਅਤੇ ਸਹਿਜ ਪਾਠਾਂ ਦੀ ਲੜੀ ਨਿਰੰਤਰ ਜਾਰੀ ਰਹੇਗੀ। ਬੀਕੇਯੂ ਦੇ ਸੀਨੀਅਰ ਮੀਤ ਪ੍ਰਧਾਨ ਸ: ਸੁਖਰਾਮ ਬੀਰ ਸਿੰਘ ਲੁਹਾਰਕਾ, ਸ: ਹਰਜੀਤ ਸਿੰਘ ਬਾਊ ਸ਼ਹਿਜਾਦਾ ਬੀਕੇਯੂ ਰਾਜੇਵਾਲ ਅਤੇ ਸ: ਬੇਅੰਤ ਸਿੰਘ ਭਰਾਤਾ ਸ਼ਹੀਦ ਜਨਰਲ ਸੁਬੇਗ ਸਿੰਘ ਖ਼ਿਆਲਾ ਨੇ ਬਾਬਾ ਜਸਪਾਲ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਉਸ ਵੱਲੋਂ ਕਿਸਾਨੀ ਘੋਲ ’ਚ ਪਾਏ ਗਏ ਯੋਗਦਾਨ ਨੂੰ ਘਰ ਘਰ ਪਹੁੰਚਾਉਣ ਦੀ ਲੋੜ ’ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਬਾਬਾ ਜਸਪਾਲ ਸਿੰਘ ਵੱਲੋਂ ਕਿਸਾਨ. ਸੰਘਰਸ਼ ਦੀ ਫ਼ਤਿਹਯਾਬੀ ਲਈ. ਸ਼ੁਰੂ ਕੀਤੀ ਗਈ ਸਹਿਜ ਪਾਠਾਂ ਦੀ ਲੜੀ ਸਮਾਗਮ ’ਚ ਵਧ ਤੋਂ ਵੱਧ ਸਹਿਯੋਗ ਦਿੰਦੇ ਰਹਿਣਗੇ। ਇਸ ਮੌਕੇ ਬਾਬਾ ਜਸਪਾਲ ਸਿੰਘ ਦੇ ਡੇਰੇ ਦੀ ਨਵੀਂ ਮੁਖੀ ਬੀਬੀ ਰਣਜੀਤ ਕੌਰ ਨੂੰ ਸਨਮਾਨਿਤ ਕੀਤਾ ਗਿਆ। ਸ਼ੋਕ ਸੰਦੇਸ਼ ਭੇਜਣ ਵਾਲਿਆਂ ’ਚ ਬਾਬਾ ਹਰਨਾਮ ਸਿੰਘ ਮੁਖੀ ਦਮਦਮੀ ਟਕਸਾਲ, ਬਾਬਾ ਅਵਤਾਰ ਸਿੰਘ ਸੁਰ ਸਿੰਘ ਮੁਖੀ ਦਲ ਬਾਬਾ ਬਿਧੀ ਚੰਦ, ਬਾਬਾ ਸਜਣ ਸਿੰਘ ਬੇਰ ਸਾਹਿਬ, ਬਾਬਾ ਗੁਰਭੇਜ ਸਿੰਘ ਖਜਾਲਾ ਬੁਲਾਰਾ ਸੰਤ ਸਮਾਜ, ਸ; ਗੁਰਜੀਤ ਸਿੰਘ ਔਜਲਾ ਮੈਂਬਰ ਪਾਰਲੀਮੈਂਟ, ਭਾਨੂ ਪ੍ਰਤਾਪ ਸਿੰਘ ਸੀਨੀਅਰ ਵਕੀਲ ਸੁਪਰੀਮ ਕੋਰਟ, ਸ: ਨਿਰਮਲ ਸਿੰਘ ਠੇਕੇਦਾਰ ਪ੍ਰਧਾਨ ਚੀਫ਼ ਖ਼ਾਲਸਾ ਦੀਵਾਨ, ਚਰਨਜੀਤ ਸਿੰਘ ਆਈ ਪੀ ਐੱਸ,ਐੱਸ ਐੱਸ ਪੀ,ਅਤੇ ਸ: ਕਰਤਾਰ ਸਿੰਘ ਪਹਿਲਵਾਨ ਸ਼ਾਮਿਲ ਸਨ। ਇਸ ਮੌਕੇ ਸੁਖਰਾਜ ਸਿੰਘ ਰੰਧਾਵਾ ਸਰਪੰਚ ਮਾਨਾਵਾਲਾ, ਅਮੀਰ ਸਿੰਘ ਮਲੀਆਂ, ਦਿਲਬਾਗ ਸਿੰਘ ਰਾਜੇਵਾਲ, ਮੇਘ ਸਿੰਘ ਬਿਸ਼ਨਪੁਰਾ, ਲਖਵਿੰਦਰ ਸਿੰਘ , ਅਜੀਤ ਸਿੰਘ ਸੈਕਟਰੀ, ਸਾ: ਸਰਪੰਚ ਬਲਬੀਰ ਸਿੰਘ ਤੇ ਰਾਜਬੀਰ ਸਿੰਘ ਵਡਾਲੀ ਡੋਗਰਾਂ, ਭਾਈ ਮਨਜੀਤ ਸਿੰਘ ਯੂ ਐੱਸ ਏ, ਕਰਤਾਰ ਸਿੰਘ ਝਬਾਲ, ਸੁਰਿੰਦਰਪਾਲ ਸਿੰਘ ਘਰਿਆਲਾ, ਮਨਜੀਤ ਸਿੰਘ ਤਲਵੰਡੀ ਡੋਗਰਾਂ, ਸਰਦੂਲ ਸਿੰਘ ਚੀਮਾ, ਸਤਨਾਮ ਸਿੰਘ ਅਕਾਲੀ, ਅਤੇ ਮਨਪ੍ਰੀਤ ਸਿੰਘ ਸ਼ਾਮਿਲ ਸਨ।