ਨਹੀਂ ਛੱਡੀਆਂ ਆਦਤਾਂ ਗੰਦੀਆਂ।
ਅੱਜ ਫੇਰ ਕਰੀਚੇਂ ਦੰਦੀਆਂ।
ਕਰ ਹਾਲਤਾਂ ਸਾਡੀਆਂ ਮੰਦੀਆਂ।
ਦਿੱਲੀਏ ਤੂੰ ਕਰੇਂ ਚਲਾਕੀਆਂ ਨੂੰ।
ਐਵੇਂ ਅੰਬਰੀਂ ਲਾਵੇਂ ਟਾਕੀਆਂ ਨੂੰ।
ਨਾਦਰ ਜਿਹਾ ਛੱਡ ਫੁਰਮਾਣ।
ਸਾਡੀ ਕਿਰਤ ਦਾ ਕੀਤਾ ਘਾਣ।
ਸਾਨੂੰ ਜੜ੍ਹਾਂ ਤੋਂ ਲੱਗੇ ਖਾਣ।
ਤੇਰੇ ਮੁੰਨੇਂ ਤੇਲ ਲਗਾਉਣ ਆਏ।
ਤੇਰੀ ਦਿੱਲੀਏ ਆਕੜ ਲਾਹੁਣ ਆਏ।
ਇਹ ਦੇਖ ਕਿੰਨੇ ਨੇ ਚੰਟ।
ਜਿੰਨੂ ਆਖਣ ਦੋ ਪ੍ਰਸੰਟ
ਦਿੱਤੇ ਪਲਾਂ ‘ਚ ਕੱਢ ਵਰੰਟ।
ਗੱਲਾਂ ਕਰੇਂ ਖੁਰਲੀਆਂ ਢਾਉਣ ਦੀਆਂ।
ਛੱਡ ਗੱਲਾਂ ਸਾਨੂੰ ਮੁਕਾਉਣ ਦੀਆਂ।
ਦਸਾਂ ਨਹੁੰਆਂ ਦੀ ਕਿਰਤ ਕਮਾਈ।
ਤੂੰ ਠੱਗਾਂ ਝੋਲ਼ੀ ਪਾਈ।
ਸਾਡੀ ਕੰਧ ਅਮਨ ਦੀ ਢਾਹੀ।
ਅੱਜ ਜ਼ੁਲਮ ਦਾ ਮੂੰਹ ਭਵਾਉਣ ਆਏ।
ਤੇਰੀ ਦਿੱਲੀਏ ਆਕੜ ਲਾਹੁਣ ਆਏ।
ਜੇ ਝੁਕ ਕੋਈ ਘਰ ਵਿੱਚ ਆਵੇ।
ਉਹਦੇ ਰਗਾਂ ਨੂੰ ਹੱਥ ਨਾਂ ਪਾਵੇ।
ਛੱਡ ਆਕੜ ਗਲ਼ ਨਾਲ ਲਾਵੇ।
ਸਾਨੂੰ ਦਰ ਆਇਆਂ ਨੂੰ ਮੋੜੀਂ ਨਾਂ।
ਸਾਡਾ ਬੰਨ੍ਹ ਸਬਰ ਦਾ ਤੋੜੀਂ ਨਾਂ।
ਸਭ ਸੁਆਦ ਜੀਭ ਦੇ ਤੇਰੇ।
ਉੱਗੇ ਪੈਲ਼ੀ ਸਾਡੀ ਵਿੱਚ ਕੇਰੇ।
ਤੂੰ ਖਾ ਗੋਗੜ ਹੱਥ ਫੇਰੇ।
ਤੈਨੂੰ ਹਕੀਕਤ ਯਾਦ ਕਰਾਉਣ ਆਏ।
ਤੇਰੀ ਦਿੱਲੀਏ ਆਕੜ ਲਾਹੁਣ ਆਏ।
ਹਿੰਮਤੇ ਮਰਦਾਂ ਤੇ ਮਦਦ ਖੁਦਾਏ।
ਆਸਾਂ ਮਨ ਵਿੱਚ ਲੈਕੇ ਆਏ।
ਜੇ ਜ਼ੁਲਮ ਫੇਰ ਵੀ ਢਾਏ।
ਤੇਰਾ ਕਲਪ ਬ੍ਰਿਛ ਫਿਰ ਢਾਹੁਣਾਂ ਪਊ।
ਸਾਨੂੰ ਸਬਰ ਦਾ ਨੇਜਾ ਵਾਹੁਣਾਂ ਪਊ।
ਅਸੀਂ ਵਾਰਸ ਭਾਈ ਘਨੱਈਏ।
ਹਰ ਇੱਕ ਨੂੰ ਪਾਣੀ ਦਈਏ।
ਸਭ ਵਾਰ ਪਿੱਠ ‘ਤੇ ਸਹੀਏ।
ਮੰਗਾਂ ‘ਤੇ ਹੱਕ ਜਮਾਉਂਣ ਆਏ।
ਤੇਰੀ ਦਿੱਲੀਏ ਆਕੜ ਲਾਹੁਣ ਆਏ।
ਬਾਬੇ ਨਾਨਕ ਜੋਤ ਜਗਾਈ।
ਗੁਰੂ ਅਰਜਨ ਸ਼ਹੀਦੀ ਪਾਈ।
ਦਸਵੇਂ ਗੁਰ ਤੇਗ ਚੁਕਾਈ।
ਸਾਨੂੰ ਸਾਰੇ ਆਉਂਦੇ ਸਲੀਕੇ ਈ।
ਹੱਕ ਲੈਣ ਦੇ ਬੜੇ ਤਰੀਕੇ ਈ।
ਸਾਡੀ ਸੋਚ ਨਾਮ ਨਾਲ ਕਾੜ੍ਹੀ।
ਉੱਤੋਂ ਪਾਨ ਗੁਰੂ ਨੇ ਚਾੜ੍ਹੀ।
ਤੂੰ ਯੁਕਤ ਬਣਾਵੇਂ ਮਾੜੀ।
ਤੈਨੂੰ ਮਨ ਕੀ ਬਾਤ ਬਤਾਉਣ ਆਏ।
ਤੇਰੀ ਦਿੱਲੀਏ ਆਕੜ ਲਾਹੁਣ ਆਏ।
ਬੜੇ ਜਫਰ ਪਹਿਲਾਂ ਹੀ ਜਾਲ਼ੇ।
ਸਾਡੇ ਮਿੱਟੀ ‘ਚ ਟੁੱਟ ਗਏ ਫਾਲ਼ੇ।
ਘਸੇ ਸਾਫੇ ਡੱਬੀਆਂ ਵਾਲੇ।
ਅਸੀਂ ਕਰਨੇਂ ਦੰਗੇ ਫਸਾਦ ਨਹੀਂ।
ਅਸੀਂ ਕਰਨਾਂ ਕੁਝ ਬਰਬਾਦ ਨਹੀਂ।
ਸਾਡਾ ਅੰਨ ਖਾ ਕਰੇਂ ਬਦਨਾਮੀ।
ਤੂੰ ਨਿਕਲਿਆ ਨਮਕ ਹਰਾਮੀਂ।
ਤੈਨੂੰ ਯਾਦ ਕਰਾਉਣੀਂ ਮਾਮੀ।
ਪਹਿਲਾਂ ਪਿਆਰ ਨਾਲ ਸਮਝਾਉਣ ਆਏ।
ਤੇਰੀ ਦਿੱਲੀਏ ਆਕੜ ਲਾਹੁਣ ਆਏ।
ਬੜਾ ਰਾਹ ਵਿੱਚ ਜੋਰ ਅਜ਼ਮਾਇਆ।
ਸਾਨੂੰ ਅਟਕਾਉਣਾਂ ਵੀ ਚਾਹਿਆ।
ਰਾਜ ਮਾਰਗ ਪੁੱਟ ਗਵਾਇਆ।
ਬੰਦ ਕਰਤਾ ਸਿੱਖਾਂ ਬੁਛਾੜਾਂ ਨੂੰ।
ਪਈ ਭਾਜੜ ਤੇਰੀਆਂ ਧਾੜਾਂ ਨੂੰ।
ਜਦ ਗਰਮ ਤੋਪ ਤੇਰੀ ਸੂਕੇ।
ਸਾਡੇ ਅੜ ਜਾਂਦੇ ਸਿੰਘ ਕੂਕੇ।
ਸਾਡੀ ਛਾਤੀ ਰੋਹ ਵਿੱਚ ਸੂਕੇ।
ਭੰਨ ਆਕੜ ਧੌਣ ਝੁਕਾਉਣ ਆਏ।
ਤੇਰੀ ਦਿੱਲੀਏ ਆਕੜ ਲਾਹੁਣ ਆਏ।
ਚਿੜੀ ਚੂਕੇ ਨਾਂ ਜਿਸ ਰਾਹ ‘ਤੇ।
ਸਿੰਘਾਂ ਸੁਕਣੇ ਕਛਹਿਰੇ ਪਾ ‘ਤੇ।
ਏਕੇ ਦੇ ਜੌਹਰ ਵਿਖਾ ਤੇ।
ਸਾਡੇ ਸਾਗਰਾਂ ਵਰਗੇ ਹਿਰਦੇ ਨੇ।
ਬਾਪੂ ਡੰਡ ਪੇਲਦੇ ਫਿਰਦੇ ਨੇ।
ਆਹ ਦੇਖ ਅਸੀਂ ਨਹੀਂ ਕੱਲ੍ਹੇ।
ਹਰ ਮਜ਼ਹਬ ਸਾਡੇ ਨਾਲ ਚੱਲੇ।
ਸਾਡੇ ਹੱਕ ਸੱਚ ਆ ਪੱਲੇ।
ਰਲ਼ ਦੈਂਗੜ ਦੈਂਗੜ ਕਰਾਉਂਣ ਆਏ।
ਤੇਰੀ ਦਿੱਲੀਏ ਆਕੜ ਲਾਹੁਣ ਆਏ।
ਸਾਡੇ ਖ਼ਪ ਕੇ ਮਰ ਗਏ ਢੱਗੇ।
ਤੈਨੂੰ ਸਮਝ ਮੂਲ ਨਾਂ ਲੱਗੇ।
ਸ਼ਾਹੂਕਾਰਾਂ ਨੂੰ ਕਰਕੇ ਅੱਗੇ।
ਕਿਓਂ ਹਯਾ ਲੰਘ ਗਈ ਡੇਲਿਆਂ ਤੋਂ।
ਕਾਲ਼ੇ ਕਨੂੰਨ ਘੜਾਵੇਂ ਵਿਹਲਿਆਂ ਤੋਂ।
ਖਾਹ ਨਾਂ ਅੰਨਦਾਤੇ ਦੇ ਭਾਗ।
ਗੂੜ੍ਹੀ ਨੀਂਦ ‘ਚੋਂ ਹੁਣ ਈ ਜਾਗ।
ਬੈਠੀਂ ਜਾਨੋਂ ਨਾਂ ਮਾਰ ਸ਼ਿਨਾਗ।
ਸੰਧੂ ਹਲੂਣਾਂ ਮਾਰ ਜਗਾਉਣ ਆਏ।
ਤੇਰੀ ਦਿੱਲੀਏ ਆਕੜ ਲਾਹੁਣ ਆਏ।