ਨਵੀਂ ਦਿੱਲੀ – ਕੇਂਦਰ ਸਰਕਾਰ ਦੁਆਰਾ ਕਿਸਾਨਾਂ ਲਈ ਬਣਾਏ ਗਏ ਕਾਲੇ ਕਾਨੂੰਨਾਂ ਦਾ ਦਿੱਲੀ ਦੀਆਂ ਸਰਹਦਾਂ ਅਤੇ ਪੂਰੇ ਦੇਸ਼ਭਰ ਵਿੱਚ ਪਿੱਛਲੇ ਲੰਬੇ ਸਮੇਂ ਤੋਂ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਕਾਂਗਰਸ ਸਮੇਤ ਕਈ ਹੋਰ ਰਾਜਨੀਤਕ ਦਲਾਂ ਵੱਲੋਂ ਇਸ ਮੁੱਦੇ ਤੇ ਕਿਸਾਨਾਂ ਦੀ ਹਿਮਾਇਤ ਕੀਤੀ ਜਾ ਰਹੀ ਹੈ ਅਤੇ ਸਰਕਾਰ ਦੀਆਂ ਨੀਤੀਆਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਕਾਂਗਰਸ ਨੇਤਾ ਰਾਹੁਲ ਗਾਂਧੀ ਵੀ ਕਿਸਾਨ ਅੰਦੋਲਨ ਦੇ ਸਮੱਰਥਨ ਵਿੱਚ ਟਰੈਕਟਰ ਚਲਾ ਕੇ ਸੰਸਦ ਭਵਨ ਪਹੁੰਚੇ। ਉਨ੍ਹਾਂ ਦੇ ਨਾਲ ਟਰੈਕਟਰ ਤੇ ਰਣਦੀਪ ਸੂਰਜੇਵਾਲਾ, ਦੀਪੇਂਦਰ ਹੁੱਡਾ ਅਤੇ ਕਈ ਹੋਰ ਕਾਂਗਰਸੀ ਨੇਤਾ ਵੀ ਉਨ੍ਹਾਂ ਦੇ ਨਾਲ ਨਜ਼ਰ ਆਏ। ਸੂਰਜੇਵਾਲਾ ਅਤੇ ਸ਼੍ਰੀਨਿਵਾਸ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ।
ਇਸ ਦੌਰਾਨ ਰਾਹੁਲ ਗਾਂਧੀ ਨੇ ਕਿਹਾ, “ਇਹ ਕਿਸਾਨਾਂ ਦੀ ਆਵਾਜ਼ ਹੈ, ਕਿਸਾਨਾਂ ਦੀ ਗੱਲ ਸੁਣੀ ਨਹੀਂ ਜਾ ਰਹੀ। ਮੈਂ ਕਿਸਾਨਾਂ ਦਾ ਸੁਨੇਹਾ ਲੈ ਕੇ ਆਇਆ ਹਾਂ। ਸਰਕਾਰ ਨੂੰ ਇਨ੍ਹਾਂ ਤਿੰਨਾਂ ਖੇਤੀ ਕਾਨੂੰਨਾਂ ਨੂੰ ਵਾਪਿਸ ਲੈਣਾ ਹੋਵੇਗਾ, ਇਹ ਕਾਲੇ ਕਾਨੂੰਨ ਹਨ।ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਤੇ ਗੱਲਤ ਆਰੋਪ ਲਗਾਏ ਜਾ ਰਹੇ ਹਨ, ਉਨ੍ਹਾਂ ਨੂੰ ਅੱਤਵਾਦੀ ਤੱਕ ਕਿਹਾ ਗਿਆ ਹੈ।”
ਇਨ੍ਹਾਂ ਕਾਨੂੰਨਾਂ ਦੇ ਖਿਲਾਫ਼ ਕਿਸਾਨਾਂ ਵੱਲੋਂ ਜੰਤਰ-ਮੰਤਰ ਤੇ ਕਿਸਾਨ ਸੰਸਦ ਲਗਾਈ ਜਾ ਰਹੀ ਹੈ। ਜੰਤਰ-ਮੰਤਰ ਤੇ ਰੋਜ਼ਾਨਾ 200 ਦੇ ਕਰੀਬ ਕਿਸਾਨ ਸੰਸਦ ਕਰਨਗੇ, ਜੋ ਕਿ ਸੰਸਦ ਦੇ ਮਾਨਸੂਨ ਸੈਸ਼ਨ ਤੱਕ ਜਾਰੀ ਰਹੇਗਾ। ਕਿਸਾਨ ਤਕਰੀਬਨ ਪਿੱਛਲੇ ਇੱਕ ਸਾਲ ਤੋਂ ਦੱਲੀ ਦੇ ਬਾਰਡਰਾਂ ਤੇ ਅੰਦੋਲਨ ਕਰ ਰਹੇ ਹਨ ਅਤੇ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਵਧੀਕੀਆਂ ਦਾ ਸਾਹਮਣਾ ਕਰ ਰਹੇ ਹਨ। ਸਰਕਾਰ ਦਾ ਅੜੀਅਲ ਅਤੇ ਜਾਲਮਾਨਾ ਵਤੀਰੇ ਦੀ ਦੇਸ਼ਭਰ ਵਿੱਚ ਪੁਰਜੋਰ ਨਿਖੇਧੀ ਕੀਤੀ ਜਾ ਰਹੀ ਹੈ।