ਸਕੇਅ ਮਾਰਸ਼ਲ ਆਰਟਸ ਖੇਡ ਜੋ ਕਿ ਭਾਰਤ ਸਰਕਾਰ ਵੱਲੋਂ ਚਲਾਏ ਜਾ ਰਹੇ ਫਿੱਟ ਇੰਡੀਆ ਮੂਵਮੈਂਟ ਅਤੇ ਇੱਕ ਭਾਰਤ ਸ਼੍ਰੇਸ਼ਟ ਭਾਰਤ ਵਰਗੀਆਂ ਮੁਹਿੰਮਾਂ ਦਾ ਹਿੱਸਾ ਹੈ, ਹੁਣ ਨਵੰਬਰ ’ਚ ਹੋਣ ਵਾਲੀਆਂ ਖੇਲੋ ਇੰਡੀਆ ਯੂਥ ਗੇਮਜ਼-2021 ਦਾ ਵੀ ਹਿੱਸਾ ਬਣੇਗੀ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕੇਂਦਰੀ ਪੋਰਟ, ਸ਼ਿਪਿੰਗ ਅਤੇ ਜਲਮਾਰਗ ਰਾਜ ਮੰਤਰੀ ਸ਼੍ਰੀਪਦ ਯੈਸੋ ਨਾਇਕ ਨੇ ਕੀਤਾ। ਉਹ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਸਕੇਅ ਫੈਡਰੇਸ਼ਨ ਆਫ਼ ਇੰਡੀਆ ਦੇ ਸਹਿਯੋਗ ਨਾਲ ਦੂਜੀ ਵਰਚੁਅਲ ਸਕੇਅ ਮਾਰਸ਼ਲ ਆਰਟਸ ਸੀਨੀਅਰ ਨੈਸ਼ਨਲ ਚੈਂਪੀਅਨਸ਼ਿਪ-2021 ਦੇ ਆਨਲਾਈਨ ਉਦਘਾਟਨੀ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਜ਼ਿਕਰਯੋਗ ਹੈ ਕਿ ਚਾਰ ਦਿਨ ਚੱਲਣ ਵਾਲੀ ਨੈਸ਼ਨਲ ਚੈਂਪੀਅਨਸ਼ਿਪ ’ਚ ਦੇਸ਼ ਦੇ 20 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਤੋਂ 200 ਦੇ ਕਰੀਬ ਪੁਰਸ਼ ਅਤੇ ਮਹਿਲਾ ਖਿਡਾਰੀ ਆਪਣੀ ਪ੍ਰਤੀਭਾ ਦੇ ਜੌਹਰ ਵਿਖਾਉਣਗੇ। ਸਕੇਅ ਮਾਰਸ਼ਲ ਆਰਟਸ ਚੈਂਪੀਅਨਸ਼ਿਪ ਦੌਰਾਨ ਵੱਖ-ਵੱਖ ਵਰਗਾਂ ਦੇ ਖਵਾਂਕੇ-1 (ਕੇ-1), ਕੇ-2, ਕੇ-3 ਅਤੇ ਏਅਰੋ ਸਕੇਅ ਈਵੰਟਾਂ ਅਧੀਨ ਮੁਕਾਬਲੇ ਖੇਡੇ ਜਾਣਗੇ। ਇਸ ਦੌਰਾਨ ਸਕੇਅ ਫੈਡਰੇਸ਼ਨ ਆਫ਼ ਇੰਡੀਆ ਦੇ ਸੈਕਟਰੀ ਜਨਰਲ ਮੀਰ ਨਾਜ਼ਿਰ, ਸਕੇਅ ਫੈਡਰੇਸ਼ਨ ਆਫ਼ ਇੰਡੀਆ ਦੇ ਸਹਾਇਕ ਸਕੱਤਰ ਮਜ਼ਹਰ ਸੈਫ਼ਉਲਾ ਖ਼ਾਨ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਪ੍ਰੋ-ਵਾਈਸ ਚਾਂਸਲਰ ਡਾ. ਬੀ. ਐਸ ਸੋਹੀ ਵੀ ਹਾਜ਼ਰ ਸਨ।
ਇਸ ਮੌਕੇ ਕੇਂਦਰੀ ਰਾਜ ਮੰਤਰੀ ਸ਼੍ਰੀਪਦ ਯੈਸੋ ਨਾਇਕ ਨੇ ਕਿਹਾ ਕਿ ਜੰਮੂ-ਕਸ਼ਮੀਰ ਤੋਂ ਸ਼ੁਰੂ ਹੋਈ ਸਕੇਅ ਮਾਰਸ਼ਲ ਆਰਟ ਇੱਕ ਰਿਵਾਇਤੀ ਖੇਡ ਹੈ, ਜੋ ਆਤਮ-ਰੱਖਿਆ ਲਈ ਵੀ ਪ੍ਰਭਾਵਸ਼ਾਲੀ ਤਕਨੀਕ ਹੈ ਅਤੇ ਮਨੁੱਖੀ ਮਾਨਸਿਕ ਅਤੇ ਸਰੀਰਕ ਸਿਹਤ ਨੂੰ ਬਣਾਈ ਰੱਖਣ ਵਿੱਚ ਵੀ ਮਹੱਤਵਪੂਰਨ ਭੂਮਿਕਾ ਅਦਾ ਕਰਦੀ ਹੈ। ਸਕੇਅ ਫੈਡਰੇਸ਼ਨ ਆਫ਼ ਇੰਡੀਆ ਅਤੇ ਚੰਡੀਗੜ੍ਹ ਯੂਨੀਵਰਸਿਟੀ ਨੇ ਕੋਰੋਨਾ ਕਾਲ ਦੌਰਾਨ ਖਿਡਾਰੀਆਂ ਨੂੰ ਉਤਸ਼ਾਹਿਤ ਰੱਖਣ ਲਈ ਸਕੇਅ ਮਾਰਸ਼ਲ ਆਰਟਸ ਸੀਨੀਅਰ ਨੈਸ਼ਨਲ ਚੈਂਪੀਅਨਸ਼ਿਪ ਦਾ ਆਯੋਜਨ ਕਰਵਾਕੇ ਇੱਕ ਚੰਗਾ ਕਦਮ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਇਹ ਖੇਡ ਹੁਣ ਭਾਰਤ ਸਮੇਤ ਦੁਨੀਆਂ ਦੇ 60 ਤੋਂ ਵੱਧ ਮੁਲਕਾਂ ਵਿੱਚ ਖੇਡੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਵਿਸ਼ਵ ਪੱਧਰ ’ਤੇ ਇਨ੍ਹਾਂ ਮੁਕਾਬਲਿਆਂ ’ਚ ਭਾਰਤੀ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਗੱਤਕਾ, ਮਾਲਾਕਮ, ਸਕੇਅ ਮਾਰਸ਼ਲ ਆਰਟਸ ਵਰਗੀਆਂ ਰਿਵਾਇਤੀ ਖੇਡਾਂ ਨੂੰ ਨੌਜਵਾਨਾਂ ’ਚ ਪ੍ਰਫੁਲਿੱਤ ਕਰਨ ਲਈ ਹਮੇਸ਼ਾ ਤੱਤਪਰ ਹੈ, ਤਾਂ ਜੋ ਦੇਸ਼ ਦੀ ਨੌਜਵਾਨੀ ਤੰਦਰੁਸਤੀ ਭਰਿਆ ਜੀਵਨ ਬਤੀਤ ਕਰਨ ਦੇ ਨਾਲ-ਨਾਲ ਇਨ੍ਹਾਂ ਖੇਡਾਂ ਨੂੰ ਸੁਰਜੀਤ ਰੱਖਣ ’ਚ ਯੋਗਦਾਨ ਪਾਵੇ।
ਪਹਿਲੇ ਦਿਨ ਦੇ ਖੇਡ ਮੁਕਾਬਲਿਆਂ ਦੀ ਜਾਣਕਾਰੀ ਦਿੰਦਿਆਂ ਚੈਂਪੀਅਨਸ਼ਿਪ ਦੇ ਗ੍ਰੈਂਡ ਮਾਸਟਰ ਮੀਰ ਨਾਜ਼ਿਰ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਕਾਰਨ ਸਾਰੇ ਮੁਕਾਬਲੇ ਆਨਲਾਈਨ ਹੀ ਖੇਡੇ ਜਾ ਰਹੇ ਹਨ।ਉਨ੍ਹਾਂ ਦੱਸਿਆ ਕਿ ਸੀਨੀਅਰ ਪੁਰਸ਼ਾਂ ਦੇ ਖਵਾਂਕੇ ਸੰਗ੍ਰਾਏ (ਕੇ-1) ਈਵੰਟ ਅਧੀਨ ਹੋਏ ਮੁਕਾਬਲਿਆਂ ’ਚ ਦੇਸ਼ ਦੇ 14 ਰਾਜਾਂ ਦੇ ਪੁਰਸ਼ ਖਿਡਾਰੀਆਂ ਨੇ ਆਪਣੀ ਪ੍ਰਤੀਭਾ ਦੇ ਜੌਹਰ ਵਿਖਾਏ।ਮੁਕਾਬਲਿਆਂ ਦੌਰਾਨ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਹਰਿਆਣਾ ਦੇ ਕਰਨ ਸ਼ਰਮਾ ਨੇ 41.3 ਅੰਕਾਂ ਨਾਲ ਪਹਿਲੇ ਸਥਾਨ ’ਤੇ ਰਹਿੰਦਿਆਂ ਗੋਲਡ ਮੈਡਲ ਹਾਸਲ ਕੀਤਾ ਜਦਕਿ ਗੋਆ ਦੇ ਖਿਡਾਰੀ ਹਰਸ਼ਵਰਧਨ ਅਤੀਗੇਰੀ ਨੇ 40 ਅੰਕਾਂ ਨਾਲ ਸਿਲਵਰ ਮੈਡਲ ਅਤੇ 38.6 ਅੰਕਾਂ ਨਾਲ ਜੰਮੂ ਕਸ਼ਮੀਰ ਦੇ ਮੀਰ ਅਰਸਾਲਨ ਮਹਿਰਾਜ ਅਤੇ ਅੰਡਾਮਾਨ ਨਿਕੋਬਾਰ ਦੇ ਡੀ ਨਵੀਨ ਕੁਮਾਰ ਨੇ 35 ਅੰਕਾਂ ਨਾਲ ਬ੍ਰਾਂਜ਼ ਮੈਡਲ ਹਾਸਲ ਕੀਤੇ।
ਉਨ੍ਹਾਂ ਦੱਸਿਆ ਕਿ ਸੀਨੀਅਰ ਮਹਿਲਾ ਕੇ-1 ਈਵੰਟ ਅਧੀਨ ਹੋਏ ਮੁਕਾਬਲਿਆਂ ’ਚ 17 ਰਾਜਾਂ ਦੀਆਂ ਮਹਿਲਾ ਖਿਡਾਰਣਾਂ ਨੇ ਆਪਣੀ ਪ੍ਰਤੀਭਾ ਦਾ ਲੋਹਾ ਮਨਵਾਇਆ, ਇਸ ਦੌਰਾਨ ਜੰਮੂ ਕਸ਼ਮੀਰ ਦੀ ਸੀਰਤ ਜਨ ਨੇ 45 ਅੰਕਾਂ ਨਾਲ ਸੋਨ ਤਮਗ਼ਾ ਝਟਕਿਆ ਉਥੇ ਹੀ 41.8 ਅੰਕਾਂ ਨਾਲ ਮੱਧ ਪ੍ਰਦੇਸ਼ ਦੀ ਖਿਡਾਰਣ ਚੰਚਲ ਖੁਸ਼ਵਾਹਾ ਨੇ ਚਾਂਦੀ ਦਾ ਤਮਗ਼ਾ ਹਾਸਲ ਕੀਤਾ ਜਦਕਿ ਮਹਾਂਰਾਸ਼ਟਰ ਦੀ ਸਾਰਾ ਫਰੂਕਈ ਨੇ 39.4 ਅਤੇ ਅੰਡਾਮਾਨ ਨਿਕੋਬਾਰ ਦੀ ਬੀ. ਗਾਇਤਰੀ ਨੇ 39.2 ਅੰਕਾਂ ਨਾਲ ਕਾਂਸੀ ਦੇ ਤਮਗ਼ੇ ਹਾਸਲ ਕੀਤੇ।ਉਨ੍ਹਾਂ ਦੱਸਿਆ ਕਿ 27 ਜੁਲਾਈ ਨੂੰ ਕੇ-2 ਈਵੰਟ ਮੁਕਾਬਲਿਆਂ ਅਧੀਨ ਮਹਿਲਾ ਅਤੇ ਪੁਰਸ਼ਾਂ ਵਰਗਾਂ ਦੀ ਟੀਮਾਂ ਵਿਚਾਲੇ ਮੁਕਾਬਲੇ ਖੇਡੇ ਜਾਣਗੇ।ਉਨ੍ਹਾਂ ਦੱਸਿਆ ਕਿ ਪਹਿਲੇ ਦਿਨ ਦੇ ਮੁਕਾਬਲਿਆਂ ਤੱਕ ਇੱਕ ਗੋਲਡ ਅਤੇ ਇੱਕ ਬ੍ਰਾਂਜ਼ ਮੈਡਲ ਨਾਲ ਜੰਮੂ ਕਸ਼ਮੀਰ ਦੇ ਖਿਡਾਰੀਆਂ ਨੇ ਲੀਡ ਹਾਸਲ ਕੀਤੀ।
ਫ਼ੋਟੋ ਕੈਪਸ਼ਨ: ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਸਕੇਅ ਮਾਰਸ਼ਲ ਆਰਟਸ ਸੀਨੀਅਰ ਨੈਸ਼ਨਲ ਚੈਂਪੀਅਨਸ਼ਿਪ-2021 ਦਾ ਉਦਘਾਟਨ ਕਰਦੇ ਕੇਂਦਰੀ ਰਾਜ ਮੰਤਰੀ ਸ਼੍ਰੀਪਦ ਯੈਸੋ ਨਾਇਕ।