ਸਰੀ, (ਹਰਦਮ ਮਾਨ)- ਸਰੀ ਦੇ ਪ੍ਰਸਿੱਧ ਅਕਾਊਂਟੈਂਟ ਜਰਨੈਲ ਸਿੰਘ ਸਿੱਧੂ (ਸਿੱਧੂ ਬ੍ਰਾਦਰਜ਼ ਅਕਾਊਂਟਿੰਗ ਸਰਵਿਸ) ਨੂੰ ਉਸ ਸਮੇਂ ਭਾਰੀ ਸਦਮਾ ਪੁੱਜਿਆ ਜਦੋਂ ਉਨ੍ਹਾਂ ਦਾ ਨੌਜਵਾਨ ਸਪੁੱਤਰ ਅਮਰਪਾਲ ਸਿੰਘ ਸਿੱਧੂ ਬੀਤੀ ਰਾਤ ਕਲੋਨਾ ਵਿਖੇ ਵਾਪਰੇ ਇਕ ਸੜਕ ਹਾਦਸੇ ਵਿਚ ਮਾਰਿਆ ਗਿਆ। ਉਹ ਸਿਰਫ 28 ਸਾਲਾਂ ਦਾ ਸੀ ਅਤੇ ਆਪਣੇ ਇਕ ਦੋਸਤ ਨਾਲ ਕਲੋਨਾ ਤੋਂ ਸਰੀ ਵੱਲ ਆ ਰਿਹਾ ਸੀ ਕਿ ਉਸ ਦੀ ਕਾਲੀ ਸ਼ੇਵਰਲੇਟ ਕਾਰ ਐਤਵਾਰ ਸਵੇਰੇ 3 ਵਜੇ ਦੇ ਕਰੀਬ ਸਪਰਿੰਗਫੀਲਡ ਰੋਡ ਅਤੇ ਬਰਚ ਰੋਡ ਦੇ ਚੌਰਾਹੇ ਨੇੜੇ ਇਕ ਦਰੱਖਤ ਨਾਲ ਜਾ ਟਕਰਾਈ। ਪੁਲਿਸ ਅਨੁਸਾਰ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਗੰਭੀਰ ਰੂਪ ਵਿਚ ਜ਼ਖ਼ਮੀ ਹੋਏ ਉਸ ਦੇ ਦੋਸਤ ਨੂੰ ਪੁਲਿਸ ਨੇ ਮੌਕੇ ਤੇ ਜਾ ਕੇ ਕਾਰ ਵਿੱਚੋਂ ਕੱਢਿਆ ਅਤੇ ਹਸਪਤਾਲ ਪੁਚਾਇਆ। ਪੁਲਿਸ ਅਤੇ ਬੀ.ਸੀ. ਕੋਰੋਨਰਜ਼ ਸਰਵਿਸ ਵੱਲੋਂ ਇਸ ਘਟਨਾ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਬਹੁਤ ਹੀ ਨੇਕ ਦਿਲ ਇਨਸਾਨ ਅਤੇ ਸਮਾਜ ਸੇਵਕ ਜਰਨੈਲ ਸਿੰਘ ਸਿੱਧੂ ਅਤੇ ਉਨ੍ਹਾਂ ਦਾ ਪਰਿਵਾਰ ਨਿਮਰਤਾ ਅਤੇ ਮੇਲ ਮਿਲਾਪ ਰੱਖਣ ਵਾਲਾ ਪਰਿਵਾਰ ਹੈ। ਸਰੀ ਵਿਚ ਉਨ੍ਹਾਂ ਦਾ ਬੇਹੱਦ ਆਦਰ ਸਤਿਕਾਰ ਹੈ। ਹਰਿਦਰਸ਼ਨ ਮੈਮੋਰੀਅਲ ਟਰੱਸਟ ਕੈਨੇਡਾ ਦੇ ਬਾਨੀ ਅਤੇ ਪ੍ਰਸਿੱਧ ਵਿਦਵਾਨ ਜੈਤੇਗ ਸਿੰਘ ਅਨੰਤ, ਗੁਰਦੁਆਰਾ ਸਾਹਿਬ ਬਰੁੱਕਸਾਈਡ, ਸਰੀ ਦੇ ਪ੍ਰਧਾਨ ਸੁਰਿੰਦਰ ਸਿੰਘ ਜੱਬਲ, ਗੁਰਦੁਆਰਾ ਦਸਮੇਸ਼ ਦਰਬਾਰ ਦੇ ਮੈਂਬਰ ਪਰਮਜੀਤ ਸਿੰਘ ਰੰਧਾਵਾ, ਪੰਜਾਬੀ ਹੈਰੀਟੇਜ ਨਿਊਜ਼ ਪੇਪਰ ਦੇ ਸੰਪਾਦਕ ਲਖਬੀਰ ਸਿੰਘ ਖੰਗੂੜਾ, ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ) ਦੇ ਸਾਬਕਾ ਪ੍ਰਧਾਨ ਬਿੱਕਰ ਸਿੰਘ ਖੋਸਾ ਅਤੇ ਬਾਬੂਸ਼ਾਹੀ ਦੇ ਰਿਪੋਰਟਰ ਹਰਦਮ ਸਿੰਘ ਮਾਨ ਨੇ ਇਸ ਦੁੱਖ ਦੀ ਘੜੀ ਵਿਚ ਜਰਨੈਲ ਸਿੰਘ ਸਿੱਧੂ ਨਾਲ ਦਿਲੀ ਹਮਦਰਦੀ ਪ੍ਰਗਟ ਕੀਤੀ ਹੈ।